18 ਨਵੰਬਰ ਨੂੰ ਮੋਹਾਲੀ ਵਿਖੇ ਅਧਿਆਪਕਾਂ ਦਾ ਵੱਡਾ ਪ੍ਰਦਰਸ਼ਨ 

18 ਨਵੰਬਰ ਨੂੰ ਮੋਹਾਲੀ ਵਿਖੇ ਅਧਿਆਪਕਾਂ ਦਾ ਵੱਡਾ ਪ੍ਰਦਰਸ਼ਨ (ਫਾਇਲ ਫੋਟੋ)

  • Share this:
ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐੱਫ.) ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਲ ਲਈ ਸਿੱਖਿਆ ਸਕੱਤਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ ਅਧਿਆਪਕ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਅਤੇ ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਸਿੱਖਿਆ ਸਕੱਤਰ ਦੁਆਰਾ ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਜਬਰੀ ਪੇਸ਼ ਕਰਕੇ ਸਿੱਖਿਆ ਦਾ ਉਜਾੜਾ ਕਰਨ, ਨਿੱਜੀਕਰਨ ਨੂੰ ਹੋਰ ਤੇਜ ਕਰਨ, ਬੇਲੋੜੇ/ਬੇਮੌਕੇ ਹੁੰਦੇ ਆਨਲਾਈਨ ਟੈਸਟਾਂ ਤੇ ਜੂਮ ਮੀਟਿੰਗਾਂ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਦਿਨ-ਰਾਤ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਪੰਜਾਬ ਅਚੀਵਮੈਂਟ ਸਰਵੇ (PAS) ਆਦਿ ਵਿੱਚ 100% ਆਨਲਾਈਨ ਭਾਗੀਦਾਰੀ ਦਿਖਾਉਣ ਲਈ ਗੈਰ-ਸੰਵਿਧਾਨਿਕ ਢਾਂਚੇ ਰਾਹੀਂ ਅਧਿਆਪਕਾਂ ‘ਤੇ ਝੂਠੇ ਅੰਕੜੇ ਇਕੱਠੇ ਕਰਨ ਦਾ ਭਾਰੀ ਦਬਾਅ ਬਣਾਉਣ ਖਿਲਾਫ਼ ਜੱਥੇਬੰਦੀ ਦੇ ਸੱਦੇ 'ਤੇ ਵੱਡੀ ਗਿਣਤੀ ਅਧਿਆਪਕ 18 ਨਵੰਬਰ ਨੂੰ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕਰਨਗੇ।

ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਨਵੀਂ ਭਰਤੀ ਲਈ ਤਨਖਾਹ ਗਰੇਡਾਂ ਨੂੰ ਗਲਤ ਢੰਗ ਨਾਲ ਘਟਾਉਣ ਅਤੇ ਕੇਂਦਰੀ ਸਕੇਲ ਲਾਗੂ ਕਰਨ ਦੇ ਫੈਸਲੇ ਰੱਦ ਕਰਨ, ਕੱਚੇ, ਠੇਕਾ ਅਧਾਰਿਤ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਨੂੰ ਪੱਕਾ ਕਰਨ, ਗ੍ਰਹਿ ਜਿਲ੍ਹਿਆਂ ਤੋਂ ਬਾਹਰ ਭਰਤੀ ਹੋਣ ਅਤੇ ਤਰੱਕੀ ਲੈਣ ਵਾਲੇ ਅਧਿਆਪਕਾਂ ਨੂੰ ਬਿਨਾ ਕੋਈ ਸ਼ਰਤ ਲਗਾਏ ਬਦਲੀ ਕਰਵਾਉਣ ਦਾ ਵਿਸ਼ੇਸ਼ ਮੌਕਾ ਦੇਣ, ਬਦਲੀ ਪ੍ਰਕਿਰਿਆ ਸ਼ੁਰੂ ਕਰਨ, ਸਕੂਲਾਂ ਵਿੱਚ ਸਾਰੇ ਕਾਡਰਾਂ ਦੀਆਂ ਖਾਲੀ ਹਜਾਰਾਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਪੂਰੀ ਕਰਨ ਆਦਿ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਕਾਰਣ ਅਧਿਆਪਕ ਵਰਗ ਵਿੱਚ ਰੋਸ ਹੈ।

ਉਹਨਾਂ ਦੱਸਿਆ ਕਿ 3582 ਅਧਿਆਪਕਾਂ ਸਮੇਤ ਸਮੂਹ ਮੁਲਾਜ਼ਮਾਂ ਦਾ ਪਰਖ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰਨ, ਪਰਖ ਸਮੇਂ ਦੌਰਾਨ ਪੂਰੇ ਤਨਖਾਹ ਸਕੇਲ ਜਾਰੀ ਕਰਕੇ ਇਸ ਸਮੇਂ ਨੂੰ ਸਲਾਨਾ ਵਾਧੇ ਅਤੇ ਏ.ਸੀ.ਪੀ. ਲਈ ਗਿਣਨ, ਓ ਡੀ ਐੱਲ/5178/ 8886 ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਕਰਨ, ਅਤੇ ਹੋਰ ਮੰਗਾਂ ਜੋ ਕਿ ਹੁਣ ਤੱਕ ਹੱਲ ਕੀਤੀਆਂ ਜਾ ਸਕਦੀਆਂ ਸਨ, ਵਿੱਚ ਸਿੱਖਿਆ ਸਕੱਤਰ ਦੁਆਰਾ ਅੜਿੱਕੇ ਡਾਹੇ ਜਾ ਰਹੇ ਹਨ। ਉਕਤ ਮੰਗਾਂ ਤੋਂ ਇਲਾਵਾ ਹੋਰਨਾਂ ਮੰਗਾਂ ਦੇ ਵੀ ਨਿਪਟਾਰੇ ਲਈ ਅਧਿਆਪਕ ਵਰਗ ਵੱਲੋਂ 18 ਨਵੰਬਰ ਨੂੰ ਮੋਹਾਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
Published by:Ashish Sharma
First published:
Advertisement
Advertisement