ਪੰਜਾਬ ਦੇ ਕਿਸਾਨਾਂ ਲਈ ਵੱਡੀ ਖਬਰ ਆਈ ਹੈ। ਕੇਂਦਰ ਸਰਕਾਰ ਹੁਣ ਪੰਜਾਬ ਸਰਕਾਰ ਤੋਂ ਮੂੰਗੀ ਖਰੀਦੇਗੀ।ਕੇਂਦਰ ਸਰਕਾਰ ਨੇ ਏਜੰਸੀਆਂ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ।
ਕੇਂਦਰ ਨੇ ਵੀ ਸੂਬੇ ਦੀਆਂ ਮੰਡੀਆਂ ਵਿੱਚੋਂ ਮੂੰਗੀ ਦੀ ਫਸਲ ਦੀ ਖ਼ਰੀਦ ਐੱਮਐੱਸਪੀ ’ਤੇ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਖੇਤੀਬਾੜੀ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਇਸ ਨੋਟੀਫਿਕੇਸ਼ਨ ਰਾਹੀਂ ਕਿਹਾ ਹੈ ਕਿ ‘ਪ੍ਰਾਈਸ ਸਪੋਰਟ ਸਕੀਮ’ (ਪੀਐੱਸਐੱਸ) ਗਾਈਡਲਾਈਨਜ਼ 2018 ਅਨੁਸਾਰ ਹਾੜ੍ਹੀ ਸੀਜ਼ਨ 2021-22 ਲਈ ਪੰਜਾਬ ਤੋਂ 4585 ਮੀਟਰਿਕ ਟਨ ਮੂੰਗੀ ਪੀਐੱਸਐੱਸ ਉਤੇ ਖਰੀਦੀ ਜਾਵੇਗੀ।
ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਖਰੀਦ ਦੀ ਮਿਤੀ ਦਾ ਫੈਸਲਾ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਖਰੀਦ ਦਾ ਕੰਮ 90 ਦਿਨਾਂ ਤੱਕ ਚੱਲੇਗਾ। ਨੋਟੀਫਿਕੇਸ਼ਨ ਰਾਹੀਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਖਰੀਦ ਦੀ ਸ਼ੁਰੂਆਤ ਤੋਂ ਪਹਿਲਾਂ ਕੇਂਦਰੀ ਨੋਡਲ ਏਜੰਸੀ ਨੂੰ ਪੀਐੱਸਐੱਸ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਖਰੀਦੀ ਫ਼ਸਲ ਦੀ ਸਟੋਰੇਜ ਲਈ ਢੁਕਵੇਂ ਪ੍ਰਬੰਧਾਂ ਦੀ ਤਸਦੀਕ ਕਰ ਲੈਣੀ ਚਾਹੀਦੀ ਹੈ।
ਨੋਟੀਫਿਕੇਸ਼ਨ ਮੁਤਾਬਕ ਕੁੱਲ ਪ੍ਰਵਾਨਤ ਮਾਤਰਾ ਦੀ ਖਰੀਦ ਲਾਗਤ ਦੇ ਘੱਟੋ-ਘੱਟ 15 ਫੀਸਦੀ ਦੇ ਬਰਾਬਰ ਰਿਵਾਲਵਿੰਗ ਫੰਡ ਸੂਬਾ ਸਰਕਾਰ ਦੇਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ ਫ਼ਸਲ ਦੀ ਖਰੀਦ ਦੇ ਤਿੰਨ ਦਿਨਾਂ ਦੇ ਅੰਦਰ-ਅੰਦਰ ਹੋ ਜਾਵੇ। ਇਸ ਤਰ੍ਹਾਂ ਨਾਲ ਮੂੰਗੀ ਦੀ ਖ਼ਰੀਦ ’ਚ ਆੜ੍ਹਤੀਆਂ ਦੀ ਭੂਮਿਕਾ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਖੇਤੀ ਮਾਹਿਰਾਂ ਮੁਤਾਬਕ ਮੂੰਗੀ ਦੀ ਫਸਲ 65 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਅਨੁਮਾਨਤ ਝਾੜ ਪੰਜ ਕੁਇੰਟਲ ਪ੍ਰਤੀ ਏਕੜ ਤੱਕ ਨਿਕਲਦਾ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ 7,275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਮੂੰਗੀ ਦੀ ਸਮੁੱਚੀ ਫਸਲ ਦੀ ਖਰੀਦ ਲਈ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਇਸ ਸਾਲ ਮੂੰਗੀ, ਮੱਕੀ, ਸੂਰਜਮੁਖੀ, ਬਾਜਰੇ 'ਤੇ ਘੱਟੋ-ਘੱਟ ਸਮਰਥਨ ਮੁੱਲ (MSP) ਦੇਵੇਗੀ। ਇਨ੍ਹਾਂ ਫਸਲਾਂ ਨੂੰ ਪੰਜਾਬ ਸਰਕਾਰ ਖਰੀਦੇਗੀ ਅਤੇ ਅੱਗੇ ਵੇਚੇਗੀ। ਇਸ ਸਬੰਧੀ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖੀ ਸੀ। ਹੁਣ ਕੇਂਦਰ ਸਰਕਾਰ ਨੇ ਪੰਜਾਬ ਤੋਂ ਮੂੰਗੀ ਖਰੀਦਣ ਲਈ ਹਾਮੀ ਭਰ ਦਿੱਤੀ ਹੈ।
Sanction letter for procurement of Summer Moong under PSS in punjab for Rabi 2021-22 Season
ਇਸ ਸਬੰਧੀ ਏਜੰਸੀਆਂ ਨੂੰ ਹੁਕਮ ਜਾਰੀ ਕੀਤੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Farmers Protest, Modi government, Moong dal, Punjab farmers, Punjab government