
20 ਦਿਨਾਂ ਵਿੱਚ ਹੀ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂੁਸ ਕਰਨ ਲੱਗ ਪਏ ਹਨ -ਦਿਆਲ ਸਿੰਘ ਸੋਢੀ
ਚੇਤਨ ਭੂਰਾ
ਮਲੋਟ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਪੱਧਰੀ ਮੀਟਿੰਗ ਮਲੋਟ ਭਾਜਪਾ ਦਫ਼ਤਰ ਵਿੱਚ ਹੋਈ , ਜਿਸ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਪੁੱਜੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਭਾਜਪਾ ਦੇ ਆਗਾਮੀ ਪ੍ਰੋਗਰਾਮ 6 ਅਪ੍ਰੈਲ ਨੂੰ ਪਾਰਟੀ ਦੇ ਸਥਾਪਨਾ ਦਿਵਸ ਅਤੇ 14 ਅਪ੍ਰੈਲ ਨੂੰ ਡਾ.ਭੀਮ ਰਾਓ ਅੰਬੇਡਕਰ ਦੀ ਜੈਯੰਤੀ ਮਨਾਉਣ ਸਬੰਧੀ ਪਾਰਟੀ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਵਰਕਰਾਂ ਨੂੰ ਪ੍ਰੋਗਰਾਮਾਂ ਨੂੰ ਵੱਧ ਚੜ੍ਹ ਕੇ ਸਫ਼ਲ ਬਣਾਉਣ ਲਈ ਪ੍ਰੇਰਿਤ ਕੀਤਾ | ਚੋਣਾਂ ਤੋਂ ਬਾਅਦ ਹਰ ਜਿਲ੍ਹੇ 'ਚ ਜਾ ਕੇ ਵਰਕਰਾਂ ਨੂੰ ਮਿਲ ਰਹੇ ਹਾਂ ਅਤੇ ਜਿਹੜੇ ਉਮੀਦਵਾਰਾਂ ਨੇ ਚੋਣਾਂ ਲੜੀਆਂ , ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ 6 ਅਪ੍ਰੈਲ ਨੂੰ ਪਾਰਟੀ ਦਾ ਸਥਾਪਨਾ ਦਿਵਸ ਹੈ ਅਤੇ 14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜੈਯੰਤੀ ਹੈ | ਇਨ੍ਹਾਂ ਦੋਨਾਂ ਪ੍ਰੋਗਰਾਮਾਂ ਨੂੰ ਪੂਰੇ ਦੇਸ਼ ਵਿੱਚ ਪਾਰਟੀ ਵੱਲੋਂ ਮਨਾਇਆ ਜਾਵੇਗਾ | 6 ਅਪ੍ਰੈਲ ਨੂੰ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ਜਿੱਥੇ ਪ੍ਰੋਗਰਾਮ ਕੀਤੇ ਜਾਣਗੇ ਉਥੇ ਪਾਰਟੀ ਵਰਕਰ ਆਪਣੇ ਘਰਾਂ ਅਤੇ ਦਫ਼ਤਰਾਂ ਵਿੱਚ ਪਾਰਟੀ ਦਾ ਝੰਡਾ ਲਹਿਰਾਉਣਗੇ |
ਇਸ ਤੋਂ ਇਲਾਵਾ 6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਸੇਵਾ ਸਪਤਾਹ ਮਨਾਇਆ ਜਾਵੇਗਾ | ਇਸ ਦੌਰਾਨ ਬੱਚਿਆਂ ਨੂੰ ਕਿਤਾਬਾਂ ਵੰਡਣੀਆਂ, ਵਰਦੀਆਂ ਵੰਡਣੀਆਂ ਜਾਂ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਦਵਾਈਆਂ ਦਾ ਪ੍ਰਬੰਧ ਕਰਨਾ, ਫਲ ਫਰੂਟ ਵੰਡਣੇ, ਗਰੀਬ ਬਸਤੀਆਂ ਵਿੱਚ ਜਾ ਕੇ ਸੇਵਾ ਕਰਨੀ ਆਦਿ ਪ੍ਰੋਗਰਾਮ ਕੀਤੇ ਜਾਣਗੇ |
ਉਨ੍ਹਾਂ ਨੇ ਪੰਜਾਬ ਵਿੱਚ ਨਵੀਂ ਬਣੀ ਆਪ ਪਾਰਟੀ ਦੀ ਸਰਕਾਰ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ 20 ਦਿਨਾਂ ਵਿੱਚ ਹੀ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂੁਸ ਕਰਨ ਲੱਗ ਪਏ ਹਨ | ਵੱਧ ਰਹੀ ਮਹਿੰਗਾਈ ਦੇ ਸਵਾਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਇਹ ਟੈਂਪਰੇਰੀ ਫੇਸ ਹੈ, ਰੂਸ ਅਤੇ ਯੂਕਰੇਨ ਯੁੱਧ ਕਾਰਣ ਤੇਲ ਦੇ ਰੇਟ ਵਧੇ ਹਨ ਉਸਦਾ ਅਸਰ ਹੈ |
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੱਤਪਰ ਹੈ ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਵੀ ਘਟੇਗੀ ਅਤੇ ਤੇਲ ਦੇ ਰੇਟ ਵੀ ਘੱਟਣਗੇ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਭਾਜਪਾ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਭਾਜਪਾ ਪੰਜਾਬ ਵਿਰੋਧੀ ਹੈ |
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੋਣ ਜਾ ਰਹੀ ਹੈ, ਜਿਹੜੀਆਂ ਗਰੰਟੀਆਂ ਕੀਤੀਆਂ ਸੀ, ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕਣਗੇ, ਪੰਜਾਬ ਤੇ ਕਰਜਾ ਚੜ੍ਹਿਆ ਹੋਇਆ ਹੈ, ਇਸ ਕਰਕੇ ਇਹ ਅਜਿਹੀਆਂ ਸਾਜਿਸ਼ਾਂ ਰੱਚ ਰਹੇ ਹਨ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਜਰਾਤ ਦੇ ਦੌਰ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੰਭਾਲੋ, ਤੁਸੀਂ ਗੁਜਰਾਤ ਜਾ ਕੇ ਕੀ ਪੰਜਾਬ ਦਾ ਮਾਡਲ ਪੇਸ਼ ਕਰ ਰਹੇ ਹੋ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।