ਕਾਂਗਰਸ ਦੀ ਕੈਪਟਨ ਸਰਕਾਰ ਦੇ ਰਾਜ ਦੌਰਾਨ ਬਲਾਤਕਾਰ, ਵਿਗੜ ਚੁੱਕੀ ਕ਼ਾਨੂਨ-ਵਿਵਸਥਾ, ਲਗਾਤਾਰ ਮਹਿੰਗੀ ਹੁੰਦੀ ਬਿਜਲੀ ਵਰਗੇ ਮੁੱਦਿਆਂ' ਨੂੰ ਲੈ ਕੇ ਸੂਬਾ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਮੋਨਾ ਜੈਸਵਾਲ ਦੀ ਅਗਵਾਈ ਹੇਠ ਹਜ਼ਾਰਾਂ ਮਹਿਲਾ ਵਰਕਰਾਂ ਨੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨ ਲਈ ਮਾਰਚ ਕੀਤਾ।
ਭਾਜਪਾ ਮਹਿਲਾ ਕਾਰਕੁਨ ਨਾਅਰੇਬਾਜ਼ੀ ਕਰਦਿਆਂ ਜਿਦਾਂ ਹੀ ਕੈਪਟਨ ਦੇ ਘਰ ਦਾ ਘਿਰਾਓ ਕਰਨ ਲਈ ਅੱਗੇ ਵਧੀਆਂ ਤਾਂ ਪ੍ਰਸ਼ਾਸਨ ਨੇ ਪੁਲਿਸ ਫੋਰਸ ਦੇ ਸਹਿਯੋਗ ਨਾਲ ਜਗਹ-ਜਗਹ ਬੈਰੀਗੇਟ ਲਾ ਕੇ ਉਨ੍ਹਾਂ ਨੂੰ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ। ਔਰਤਾਂ ਦਾ ਗੁੱਸਾ ਇਨਾਂ ਵੱਧ ਗਿਆ ਕਿ ਉਹ ਪੁਲਿਸ ਦੇ ਬੈਰੀਗੇਟ ਤੋੜ ਕੇ ਅੱਗੇ ਵਧਣ ਲੱਗੀਆਂ। ਪੁਲਿਸ ਨੇ ਔਰਤਾਂ ਨੂੰ ਰੋਕਣ ਵਿਚ ਨਾਕਾਮ ਰਹਿਣ 'ਤੇ ਲਾਠੀਚਾਰਜ ਸ਼ੁਰੂ ਕਰ ਦਿੱਤਾ, ਜਿਸ ਵਿਚ ਕੁਝ ਕਾਰਕੁਨ ਜ਼ਖਮੀ ਹੋ ਗਈਆਂ। ਪੁਲਿਸ ਨੇ ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀ ਔਰਤ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਸੈਕਟਰ-34 ਦੇ ਥਾਣੇ ਲੈ ਗਏ, ਜਿਥੇ ਕੁਝ ਸਮੇਂ ਲਈ ਨਜ਼ਰਬੰਦੀ ਤੋਂ ਬਾਅਦ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ।
ਮੋਨਾ ਜੈਸਵਾਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸੂਬੇ ਵਿੱਚ ਔਰਤਾਂ ਅਤੇ ਕੁੜੀਆਂ ਸੁਰੱਖਿਅਤ ਨਹੀਂ ਹਨ। ਸੂਬੇ 'ਚ ਰੋਜਾਨਾ ਕੀਤੇ ਨਾ ਕੀਤੇ ਬੱਚਿਆਂ, ਕੁੜੀਆਂ ਅਤੇ ਔਰਤਾਂ ਨਾਲ ਜਬਰ-ਜਿਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ ਦਿਨੀਂ ਟਾਂਡਾ (ਹੁਸ਼ਿਆਰਪੁਰ) ਵਿੱਚ ਇੱਕ ਛੇ ਸਾਲਾ ਬੱਚੀ ਨਾਲ ਸਮੂਹਿਕ ਜਬਰ-ਜਿਨਾਹ ਕੀਤਾ ਗਿਆ। ਅਜਿਹੀਆਂ ਤਿੰਨ ਹੋਰ ਜਰਬ-ਜਿਨਾਹ ਦੀਆਂ ਘਟਨਾਵਾਂ ਨੇ ਸੂਬੇ ਨੂੰ ਝਕਝੋਰ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਨੇ ਸੂਬਾ ਭਾਜਪਾ ਮਹਿਲਾ ਮੋਰਚਾ ਨੂੰ ਪਰੇਸ਼ਾਨ ਕਰ ਦਿੱਤਾ ਹੈ।
ਮੋਨਾ ਜੈਸਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਰਾਜ ਦੌਰਾਨ ਸੂਬੇ ਵਿਚ ਬਿਜਲੀ ਸਪਲਾਈ ਪ੍ਰਣਾਲੀ ਦਾ ਬੇੜਾ ਗਰਕ ਹੋ ਚੁੱਕਿਆ ਹੈ। ਹੁਣ ਤੱਕ ਬਿਜਲੀ ਦੀਆਂ ਕੀਮਤਾਂ ਵਿੱਚ ਤਕਰੀਬਨ ਛੇ ਵਾਰ ਵਾਧਾ ਕੀਤਾ ਗਿਆ ਹੈ। ਕਾਂਗਰਸ ਸਰਕਾਰ ਆਮ ਆਦਮੀ ਦੀ ਜੇਬ ਲੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਮਹਿੰਗੀ ਬਿਜਲੀ ਖਿਲਾਫ ਲੋਕ ਲਹਿਰ ਦੀ ਸ਼ੁਰੂਆਤ ਹੈ ਅਤੇ ਹੁਣ ਇਹ ਅੰਦੋਲਨ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਵਿੱਚ ਹੋਵੇਗਾ। ਜਦੋਂ ਵੀ ਭਾਜਪਾ ਨੇ ਇਸ ਸਭ ਦੇ ਖ਼ਿਲਾਫ਼ ਵਿਰੋਧ ਦੀ ਅਵਾਜ ਚੁੱਕੀ ਹੈ, ਉਦੋਂ ਕਾਂਗਰਸ ਦੀ ਕੈਪਟਨ ਸਰਕਾਰ ਨੇ ਜ਼ਬਰਦਸਤੀ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਮੋਨਾ ਨੇ ਕਿਹਾ ਕਿ ਭਾਜਪਾ ਵਰਕਰ ਕਿਸੇ ਵੀ ਕੀਮਤ ‘ਤੇ ਦਬਾਅ ਹੇਠ ਆਉਣ ਵਾਲਾ ਨਹੀਂ ਹੈ ਅਤੇ ਉਹ ਜਾਣਦਾ ਹੈ ਕਿ ਇਸਦਾ ਜਵਾਬ ਕਿਵੇਂ ਦੇਣਾ ਹੈ। ਲੋਕ ਕਾਂਗਰਸ ਸਰਕਾਰ ਦੇ ਕੁਸ਼ਾਸਨ ਤੋਂ ਤੰਗ ਆ ਚੁੱਕੇ ਹਨ ਅਤੇ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਿ ਉਹ ਆਪਣੀ ਵੋਟ ਦੇ ਹਥਿਆਰ ਨਾਲ ਇਸ ਕਾਂਗਰਸ ਸਰਕਾਰ ਨੂੰ ਢੇਰ ਕਰ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP