ਚੰਡੀਗੜ੍ਹ- ਸਾਬਕਾ ਸਾਂਸਦ ਅਤੇ ਭਾਜਪਾ ਆਗੂ ਸ੍ਰੀ ਸੁਨੀਲ ਜਾਖੜ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਪਾਰਟੀ ਲੀਡਰਸਿ਼ਪ ਵੱਲੋਂ ਪਰਾਲੀ ਦੇ ਮੁੱਦੇ ਤੇ ਅਪਨਾਏ ਜਾ ਰਹੇ ਦੋਹਰੇ ਚਰਿੱਤਰ ਦੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਸਮੇਂ ਸਿਰ ਪਰਾਲੀ ਪ੍ਰਬੰਧਨ ਲਈ ਕੋਈ ਵਿਊਂਤਬੰਦੀ ਨਹੀਂ ਕੀਤੀ ਗਈ ਹੈ।
ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਇਕ ਸਾਲ ਪਹਿਲਾਂ ਤੱਕ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੀ ਤਤਕਾਲੀ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਦੇ ਧੂੰਏ ਲਈ ਜਿੰਮੇਵਾਰ ਦੱਸ ਕੇ ਪੰਜਾਬ ਸਰਕਾਰ ਤੇ ਸਾਰਾ ਦੋਸ਼ ਦੇ ਰਹੇ ਸਨ ਜਦ ਕਿ ਜਦ ਹੁਣ ਉਨ੍ਹਾਂ ਦੀ ਆਪਣੀ ਸਰਕਾਰ ਪੰਜਾਬ ਵਿਚ ਬਣ ਗਈ ਹੈ ਅਤੇ ਕੁਝ ਕਰਕੇ ਵਿਖਾਉਣ ਦੀ ਵਾਰੀ ਉਨ੍ਹਾਂ ਦੀ ਆਪਣੀ ਪਾਰਟੀ ਤੇ ਆਈ ਤਾਂ ਉਨ੍ਹਾਂ ਦੇ ਬੋਲ ਬਦਲ ਗਏ ਹਨ।
ਜਾਖੜ ਨੇ ਕਿਹਾ ਕਿ ਆਪ ਲੀਡਰਸਿ਼ਪ ਸਿਰਫ ਝੂਠੀਆਂ ਤੋਹਮਤਾਂ ਲਗਾਉਣ ਵਿਚ ਵਿਸਵਾਸ਼ ਕਰਦੀ ਹੈ ਜਦ ਕਿ ਹਕੀਕੀ ਤੌਰ ਤੇ ਇਸ ਦੀ ਸਰਕਾਰ ਕੁਝ ਨਹੀਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਉਪਲਬੱਧ ਕਰਵਾਉਣ ਲਈ ਫੰਡ ਮੁਹਈਆ ਕਰਵਾਏ ਜਾਣ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਨੂੰ ਸਮੇਂ ਸਿਰ ਨਾ ਤਾਂ ਮਸ਼ੀਨਾ ਮੁਹਈਆ ਕਰਵਾਈਆਂ ਗਈਆਂ ਅਤੇ ਨਾ ਹੀ ਜ਼ੋ ਮਸ਼ੀਨਾਂ ਉਪਲਬੱਧ ਹਨ ਉਨ੍ਹਾਂ ਦੀ ਸਹੀ ਵਰਤੋਂ ਹੋ ਸਕੇ ਇਸ ਲਈ ਕੋਈ ਕਾਰਜਯੋਜਨਾ ਹੇਠਲੇ ਪੱਧਰ ਤੇ ਬਣਾਈ ਗਈ ਹੈ।
ਜਾਖੜ ਨੇ ਹੋਰ ਕਿਹਾ ਕਿ ਸਰਕਾਰ ਵੱਲੋਂ ਆਪਣੇ ਪੱਧਰ ਤੇ ਕੀਤੀ ਜਾਣ ਵਾਲੀ ਯੋਜਨਾਬੰਦੀ ਤਾਂ ਕੀਤੀ ਨਹੀਂ ਗਈ ਬਲਕਿ ਹੁਣ ਨੰਬਰਦਾਰਾਂ ਅਤੇ ਛੋਟੇ ਅਧਿਕਾਰੀਆਂ ਨੂੰ ਪਰਾਲੀ ਸੜਨ ਲਈ ਜਿੰਮੇਵਾਰ ਠਹਿਰਾ ਕੇ ਸਰਕਾਰ ਆਪਣੀਆਂ ਗਲਤੀਆਂ ਦਾ ਬੋਝ ਕਿਸੇ ਹੋਰ ਤੇ ਪਾਉਣ ਦਾ ਯਤਨ ਕਰ ਰਹੀ ਹੈ।
ਭਾਜਪਾ ਆਗੂ ਨੇ ਦਿੱਲੀ ਸਰਕਾਰ ਦੇ ਇਸਤਿਹਾਰਬਾਜੀ ਸਟੰਟ ਤੇ ਤੰਜ ਕਸਦਿਆਂ ਕਿਹਾ ਕਿ ਪਿੱਛਲੇ ਦੋ ਸਾਲਾਂ ਵਿਚ ਦਿੱਲੀ ਸਰਕਾਰ ਨੇ ਦਿੱਲੀ ਦੇ ਕਿਸਾਨਾਂ ਨੂੰ ਡਿਕੰਪੋਜਰ ਨਾਲ ਪਰਾਲੀ ਪ੍ਰਬੰਧਨ ਲਈ 68 ਲੱਖ ਰੁਪਏ ਖਰਚ ਕੀਤੇ ਪਰ ਇਸ ਸਬੰਧੀ ਕੀਤੀ ਗਈ ਇਸਤਿਹਾਰਬਾਜੀ ਤੇ 23 ਕਰੋੜ ਰੁਪਏ ਖਰਚ ਕਰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਡਿਕੰਪੋਜਰ ਤਕਨੀਕ ਦਿੱਲੀ ਵਿਚ ਵੀ ਪੂਰੀ ਤਰਾਂ ਫੇਲ ਹੋ ਚੁੱਕੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਹਾਲੇ ਤੱਕ ਇਸਦੀ ਕੋਈ ਸਿਫਾਰਸ ਨਹੀਂ ਕੀਤੀ ਗਈ ਫਿਰ ਸਰਕਾਰੀ ਪੈਸੇ ਨੂੰ ਇਸ ਦੇ ਪ੍ਰਚਾਰ ਲਈ ਕਿਉਂ ਪਾਣੀ ਵਾਂਗ ਵਹਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇ ਜ਼ੇਕਰ ਪੰਜਾਬ ਅਤੇ ਦਿੱਲੀ ਦੀ ਆਪ ਸਰਕਾਰਾਂ ਅਸਲ ਮੁੱਦਿਆਂ ਨੂੰ ਸਮਝ ਕੇ ਕਿਸਾਨਾਂ ਨੂੰ ਸਹੀ ਮਾਰਗਦਰਸ਼ਨ ਦੇਣ ਅਤੇ ਕੇਂਦਰ ਸਰਕਾਰ ਵੱਲੋਂ ਭੇਜ਼ੇ ਫੰਡਾਂ ਨਾਲ ਸਮੇਂ ਸਿਰ ਕਿਸਾਨਾਂ ਨੂੰ ਮਸ਼ੀਨਾਂ ਉਪਲਬੱਧ ਕਰਵਾਉਣ ਤਾਂ ਜ਼ੋ ਕਿਸਾਨ ਵੀਰ ਪਰਾਲੀ ਦੀ ਬਿਨ੍ਹਾਂ ਸਾੜੇ ਸੰਭਾਲ ਕਰ ਸਕਨ। ਪਰ ਇਕ ਸਰਕਾਰ ਵਜੋਂ ਜ਼ੋ ਕੰਮ ਕੀਤਾ ਜਾਣਾ ਚਾਹੀਦਾ ਹੈ ਉਸਤੋਂ ਭਜ ਕੇ ਆਪ ਦੇ ਆਗੂ ਆਪਣੀਆਂ ਨਾਕਾਮੀਆਂ ਦਾ ਤੋੜਾ ਵਿਰੋਧੀਆਂ ਦੇ ਝਾੜਨ ਦੀ ਆਪਣੀ ਪੁਰਾਣੀ ਆਦਤ ਤੇ ਕੰਮ ਕਰ ਰਹੇ ਹਨ, ਜਦ ਕਿ ਸੂਝਵਾਨ ਲੋਕ ਹੁਣ ਇੰਨ੍ਹਾਂ ਦੀਆਂ ਇਹ ਚਾਲਾਂ ਨੂੰ ਬਾਖੂਬੀ ਸਮਝ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਵਿਚ ਹੇਠਲੇ ਪੱਧਰ ਤੇ ਪ੍ਰਸ਼ਾਨਿਕ ਢਾਂਚਾ ਵਿਖਰ ਜਾਣ ਤੇ ਵੀ ਸਵਾਲ ਉਠਾਇਆ ਤੇ ਕਿਹਾ ਕਿ ਸਰਕਾਰ ਦਾ ਪ੍ਰਬੰਧ ਕਮਜੋਰ ਹੋਣ ਕਾਰਨ ਲੋਕਾਂ ਨੂੰ ਇਸਦੀ ਸਜਾ ਭੁਗਤਣੀ ਪੈ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann, Punjab BJP, Sunil Jakhar