Punjabi Culture: ਪੰਜਾਬ ਵਿੱਚ ਹੌਲੀ-ਹੌਲੀ ਪੁਸਤਕ ਸੱਭਿਆਚਾਰ (Book Bulture) ਵਧਦਾ ਜਾ ਰਿਹਾ ਹੈ ਅਤੇ ਇਹ ਰੁਝਾਨ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਵੀ ਆਪਣੀ ਜਗ੍ਹਾ ਪੱਕੀ ਕਰ ਰਿਹਾ ਹੈ। ਇੱਕ ਨਵੇਂ ਵਰਤਾਰੇ ਵਿੱਚ, ਪੰਜਾਬੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਲਈ ਵਿਆਹ ਦੀਆਂ ਰਸਮਾਂ ਦੀ ਵੀ ਮਦਦ ਲਈ ਜਾ ਰਹੀ ਹੈ। ਵਿਆਹਾਂ ਮੌਕੇ ਕਿਤਾਬਾਂ ਲੈ ਕੇ ਜਾਣ ਦਾ ਰੁਝਾਨ 2019 ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ ਪਰ ਕੋਵਿਡ -19 ਲੌਕਡਾਊਨ ਦੇ ਨਾਲ ਇਸ ਨੂੰ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਜਦੋਂ ਕੋਰੋਨਾ ਦਾ ਕਹਿਰ ਘੱਟ ਗਿਆ ਹੈ, ਕਿਤਾਬਾਂ ਦਾ ਇਹ ਚਲਨ ਦੁਬਾਰਾ ਸ਼ੁਰੂ ਹੋ ਗਿਆ ਹੈ।
ਮੋਗਾ ਜ਼ਿਲੇ ਦੇ ਬਾਘਾ ਪੁਰਾਣਾ ਕਸਬੇ ਦੇ ਇੱਕ ਬੈਂਕੁਏਟ ਹਾਲ ਵਿੱਚ ਐਤਵਾਰ ਨੂੰ ਇੱਕ ਵਿਆਹ ਸਮਾਗਮ ਵਿੱਚ ਕਿਤਾਬਾਂ ਦਾ ਸਟਾਲ ਲਗਾਇਆ ਗਿਆ। ਇਸ ਸਟਾਲ ਵਿੱਚ 150 ਦੇ ਕਰੀਬ ਕਿਤਾਬਾਂ, ਸਾਰੀਆਂ ਪੰਜਾਬੀ ਵਿੱਚ ਸਨ ਤੇ ਇਨ੍ਹਾਂ ਦੀ ਕੀਮਤ ਲਗਭਗ 10,000 ਰੁਪਏ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਅਨੁਸਾਰ ਕੋਟਕਪੂਰਾ ਦੇ ਲੇਖਕ ਚਮਕੌਰ ਸਿੰਘ ਮਾਹਲ ਨੇ ਬਾਘਾ ਪੁਰਾਣਾ ਵਿਖੇ ਐਤਵਾਰ ਨੂੰ ਰੱਖੇ ਗਏ ਆਪਣੇ ਪੁੱਤਰ ਯਾਦਵਿੰਦਰ ਸਿੰਘ ਦੇ ਵਿਆਹ ਮੌਕੇ ਕਿਤਾਬਾਂ ਦਾ ਸਟਾਲ ਲਗਾਉਣ ਦੀ ਇੱਛਾ ਪ੍ਰਗਟਾਈ ਅਤੇ ਪ੍ਰਕਾਸ਼ਕ ਖੁਸ਼ਵੰਤ ਸਿੰਘ ਬਰਗਾੜੀ ਨਾਲ ਸੰਪਰਕ ਕੀਤਾ। ਸਿਰਫ਼ ਇੱਕ ਹਫ਼ਤਾ ਪਹਿਲਾਂ ਨੈਸ਼ਨਲ ਬੁੱਕ ਟਰੱਸਟ ਵੱਲੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ 6 ਤੋਂ 13 ਮਾਰਚ ਤੱਕ ਕਰਵਾਏ ਗਏ ਪੁਸਤਕ ਮੇਲੇ ਵਿੱਚ ਇੱਕ ਹਫ਼ਤੇ ਵਿੱਚ ਡੇਢ ਕਰੋੜ ਰੁਪਏ ਦੀਆਂ ਪੁਸਤਕਾਂ ਦੀ ਵਿਕਰੀ ਹੋਈ ਸੀ।
ਇਸ ਤੋਂ ਪਹਿਲਾਂ ਦਰਜਨ ਦੇ ਕਰੀਬ ਅਜਿਹੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ, ਜਿੱਥੇ ਵਿਆਹ-ਸ਼ਾਦੀਆਂ 'ਤੇ ਕਿਤਾਬਾਂ ਦੇ ਸਟਾਲ ਲਗਾਏ ਗਏ ਸਨ ਜਾਂ ਮਠਿਆਈਆਂ ਦੇ ਨਾਲ-ਨਾਲ ਵਿਆਹਾਂ ਲਈ ਸੱਦਾ ਪੱਤਰਾਂ ਦਾ ਹਿੱਸਾ ਬਣ ਚੁੱਕੇ ਸਨ। ਦੋਆਬਾ ਖੇਤਰ ਦੇ ਜਲੰਧਰ ਅਤੇ ਹੁਸ਼ਿਆਰਪੁਰ ਖੇਤਰਾਂ ਵਿੱਚ ਇਸ ਰੁਝਾਨ ਨੂੰ ਸ਼ੁਰੂ ਕਰਨ ਦਾ ਸਿਹਰਾ ਪੁਸਤਕ ਵਿਕਰੇਤਾ ਜਸਬੀਰ ਬੇਗਮਪੁਰਾ ਨੂੰ ਜਾਂਦਾ ਹੈ।
ਇਸ ਬਾਰੇ ਗੱਲ ਕਰਦੇ ਹੋਏ ਖੁਸ਼ਵੰਤ ਬਰਗਾੜੀ ਨੇ ਦੱਸਿਆ “ਜਦੋਂ ਅਸੀਂ ਐਤਵਾਰ ਤੜਕੇ ਬਾਘਾਪੁਰਾਣਾ ਦੇ ਮੈਰਿਜ ਪੈਲੇਸ ਵਿੱਚ ਪਹੁੰਚੇ ਅਤੇ ਕਈ ਡੈਸਕਾਂ ਦੀ ਮੰਗ ਕੀਤੀ ਤਾਂ ਪੈਲੇਸ ਦੇ ਮਾਲਕ ਅਤੇ ਕਰਮਚਾਰੀ ਹੈਰਾਨ ਰਹਿ ਗਏ ਜਦੋਂ ਅਸੀਂ ਇਨ੍ਹਾਂ ਡੈਸਕਾਂ 'ਤੇ ਕਿਤਾਬਾਂ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ। ਜਲਦੀ ਹੀ ਇੱਕ ਪੂਰਾ ਸਟਾਲ ਆ ਗਿਆ ਅਤੇ ਲਾੜੀ ਅਤੇ ਲਾੜੇ ਦੇ 350 ਦੇ ਕਰੀਬ ਮਹਿਮਾਨਾਂ ਵਿੱਚੋਂ ਬਹੁਤ ਸਾਰੇ ਮਹਿਮਾਨਾਂ ਨੇ ਵੱਖ-ਵੱਖ ਸਿਰਲੇਖਾਂ ਵਿੱਚ ਦਿਲਚਸਪੀ ਦਿਖਾਈ”।
ਚਮਕੌਰ ਸਿੰਘ, ਜੋ ਕਿ ਐਸ.ਡੀ.ਓ ਵਜੋਂ ਸੇਵਾਮੁਕਤ ਹੋਏ ਹਨ, ਇੱਕ ਕਿਤਾਬ ਪ੍ਰੇਮੀ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵਿਆਹ ਦੇ ਮਹਿਮਾਨ ਪਾਰਟੀ ਦਾ ਆਨੰਦ ਲੈਣ ਤੋਂ ਇਲਾਵਾ ਇੱਕ ਕਿਤਾਬ ਜ਼ਰੂਰ ਲੈ ਕੇ ਜਾਣ। ਇਸ ਤੋਂ ਪਹਿਲਾਂ ਦਸੰਬਰ 2019 ਵਿੱਚ, ਜਲੰਧਰ ਦੇ ਇੱਕ ਵਿਅਕਤੀ ਨੇ ਵਿਆਹ ਦੇ ਸੱਦਾ ਪੱਤਰ ਦੇ ਨਾਲ ਵੰਡਣ ਲਈ ਮਿਠਾਈ ਦੇ ਡੱਬੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਸੀ। ਇੱਕ ਹਿੱਸੇ ਵਿੱਚ ਮਠਿਆਈਆਂ ਅਤੇ ਦੂਜੇ ਹਿੱਸੇ ਵਿੱਚ ਇੱਕ-ਇੱਕ ਕਿਤਾਬ ਰੱਖੀ ਗਈ ਸੀ। ਅਕਾਦਮਿਕ ਰਾਜਿੰਦਰਪਾਲ ਬਰਾੜ ਨੇ ਆਪਣੀ ਬੇਟੀ ਦੇ ਵਿਆਹ ਲਈ ਸੱਦਾ ਪੱਤਰ ਕਿਤਾਬ ਦੀ ਸ਼ਕਲ ਵਿੱਚ ਛਾਪੇ ਸਨ। ਬਰਗਾੜੀ ਨੇ ਦੱਸਿਆ ਕਿ ਪਿਛਲੇ ਦਿਨੀਂ ਮੋਗਾ ਅਤੇ ਬਠਿੰਡਾ ਦੇ ਵਿਆਹਾਂ ਵਿੱਚ ਕਿਤਾਬਾਂ ਦੇ ਸਟਾਲ ਲੱਗੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।