ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਜਵਾਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਲਗਾਏ ਜਾਣ 'ਤੇ ਦੋਹਾਂ ਪਾਸਿਆਂ ਤੋਂ ਸਿਆਸਤ ਹੋ ਰਹੀ ਹੈ, ਜਿੱਥੇ ਰੰਧਾਵਾ ਵਿਰੋਧੀਆਂ ਦੇ ਨਿਸ਼ਾਨੇ ਤੇ ਹਨ ਉਥੇ ਹੀ ਆਪਣਿਆਂ ਨੇ ਵੀ ਮੌਕਾ ਵੇਖ ਘੇਰਾ ਪਾਉਣ ਚ ਕੋਈ ਕਸਰ ਨਹੀਂ ਛੱਡੀ, ਪਰ ਲਗਾਤਾਰ ਹੋ ਰਹੇ ਹਮਲਿਆਂ ਦੌਰਾਨ ਕਈ ਸਾਥੀ ਉਨ੍ਹਾਂ ਦੇ ਹੱਕ 'ਚ ਵੀ ਨਿੱਤਰੇ ਹਨ।
ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਰੰਧਾਵਾ ਦਾ ਬਚਾਅ ਕਰਦਿਆਂ ਕਿਹਾ ਕਿ ਕਿਸੇ ਮੰਤਰੀ ਦਾ ਰਿਸ਼ਤੇਦਾਰ ਹੋਣਾ ਕੋਈ ਗੁਨਾਹ ਨਹੀਂ ਹੈ, ਰੰਧਾਵਾ ਦੇ ਜਵਾਈ ਦੀ ਨਿਯੁਕਤੀ ਨਿਯਮਾਂ ਮੁਤਾਬਕ, ਕਾਬਲੀਅਤ ਦੇ ਅਧਾਰ 'ਤੇ ਹੋਈ ਹੈ। ਜੇਕਰ ਮੰਤਰੀ ਜਾਂ ਅਫ਼ਸਰ ਦਾ ਰਿਸ਼ਤੇਦਾਰ ਕਿਸੇ ਅਹੁਦੇ ਲਈ ਪੂਰੀ ਯੋਗਤਾ ਰੱਖਦਾ ਹੈ, ਉਹ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦਿਆਂ ਮੈਰਿਟ ਦੇ ਅਧਾਰ ਤੇ ਅਹੁਦੇ ਲਈ ਯੋਗ ਹੈ, ਤਾਂ ਸਿਰਫ਼ ਇਸ ਲਈ ਉਸਦਾ ਹੱਕ ਨਹੀਂ ਮਾਰਿਆ ਜਾਣਾ ਚਾਹੀਦਾ ਕਿ ਉਹ ਇੱਕ ਮੰਤਰੀ ਦਾ ਰਿਸ਼ਤੇਦਾਰ ਹੈ।
ਗਿਲਜੀਆਂ ਨੇ ਕਿਹਾ ਕਿ ਸਾਰੇ ਕਾਬਲ ਨੌਜਵਾਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਕੋਈ ਭੇਦ ਭਾਵ ਨਹੀਂ ਹੋਣਾ ਚਾਹੀਦਾ, ਇਹੀ ਵਾਅਦਾ ਵੀ ਕਾਂਗਰਸ ਨੇ ਕੀਤਾ ਸੀ। ਸਾਡੀ ਸਰਕਾਰ ਲਗਾਤਾਰ ਰੋਜਗਾਰ ਦੇ ਰਹੀ ਹੈ ਤੇ ਆਉਣ ਵਾਲੇ ਸਮੇਂ ਵੀ ਨੌਜਵਾਨਾਂ ਲਈ ਰੁਜਗਾਰ ਦੇ ਰਾਸਤੇ ਖੋਲ੍ਹੇ ਜਾਣਗੇ।
ਦਰਅਸਲ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਿਹ ਜੰਗ ਬਾਜਵਾ ਨੇ ਰੰਧਾਵਾ 'ਤੇ ਹਮਲਾ ਬੋਲਦਿਆਂ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਮੰਗਿਆ ਹੈ। ਉਨ੍ਹਾਂ ਰੰਧਾਵਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਸੱਚੇ ਕਾਂਗਰਸੀ ਹਨ ਤਾਂ ਅਹੁਦਾ ਛੱਡ ਦੇਣ। ਬਾਜਵਾ ਨੇ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਸਮੇਤ ਸੀਨੀਅਰ ਪਾਰਟੀ ਲੀਡਰਸ਼ਿਪ ਦੇ ਦਖਲ ਦੇ ਨਾਲ-ਨਾਲ ਲਹਿਲ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਕੀਤੀ ਹੈ। ਕਾਦੀਆਂ ਤੋਂ ਵਿਧਾਇਕ ਨੇ ਦੋਸ਼ ਲਾਇਆ ਕਿ ਸਰਕਾਰ ਦੇ ਕਾਰਜਕਾਲ ਦੇ ਅੰਤ ਵਿੱਚ ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ਨੈਤਿਕ ਨਹੀਂ ਹਨ ਅਤੇ ਇਹ ਚੋਣ ਮੁੱਦਾ ਬਣ ਸਕਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Punjab Congress