• Home
 • »
 • News
 • »
 • punjab
 • »
 • CABINET MINISTER GURPREET SINGH KANGAR HOISTED THE NATIONAL FLAG AT MANSA

ਮਾਨਸਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਲਹਿਰਾਇਆ ਕੌਮੀ ਝੰਡਾ

ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਕੀਤਾ ਨਮਨ

ਮਾਨਸਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਲਹਿਰਾਇਆ ਕੌਮੀ ਝੰਡਾ

 • Share this:
   ਬਲਦੇਵ ਸ਼ਰਮਾ

  ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਜ਼ਾਦੀ ਦਿਵਸ ਦੇ ਜਿ਼ਲ੍ਹਾ ਪੱਧਰੀ ਸਮਾਰੋਹ ਮੌਕੇ ਦੇਸ਼ ਦੇ ਮਹਾਨ ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਵੱਲੋਂ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਦੇਸ਼ ਭਗਤਾਂ ਅਤੇ ਸੂਰਬੀਰਾਂ ਦੇ ਸੰਘਰਸ਼ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈਣ ਦੇ ਯੋਗ ਬਣ ਸਕੇ ਹਾਂ।ਕੈਬਨਿਟ ਮੰਤਰੀ ਸ੍ਰੀ ਕਾਂਗੜ ਨੇ ਕਿਹਾ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ 80 ਫ਼ੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਪੰਜਾਬ ਦੀ ਧਰਤੀ ਤੋਂ ਬੱਬਰ ਅਕਾਲੀ, ਗ਼ਦਰ ਲਹਿਰ ਅਤੇ ਪੱਗੜੀ ਸੰਭਾਲ ਜਿਹੀਆਂ ਲਹਿਰਾਂ ਚੱਲੀਆਂ ਜਿਸ ਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ।

  ਮਾਨਸਾ ਵਾਸੀਆਂ ਦੇ ਨਾਮ ਆਪਣੇ ਸੰਦੇਸ਼ ਵਿਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਅਸੀਂ ਆਜ਼ਾਦ ਭਾਰਤ ਦੇ ਸਭ ਤੋਂ ਮੁਸ਼ਕਲ ਅਤੇ ਚੁਣੌਤੀ ਪੂਰਨ ਸਮੇਂ ਵਿਚੋਂ ਗੁਜ਼ਰ ਰਹੇ ਹਾਂ ਜਦੋਂ ਕੋਰੋਨਾ ਮਹਾਂਮਾਰੀ ਨੇ ਸਾਡੇ ਸੂਬੇ, ਦੇਸ਼ ਸਮੇਤ ਪੂਰੀ ਦੁਨੀਆਂ ਨੂੰ ਆਪਣੀ ਗ੍ਰਿਫਤ ਵਿਚ ਲਿਆ ਹੋਇਆ ਹੈ।ਇਸ ਕਾਰਨ ਹੀ ਅਸੀਂ ਆਜ਼ਾਦੀ ਦਿਵਸ ਦਾ ਜਸ਼ਨ ਕੋਵਿਡ ਸਬੰਧੀ ਜਾਰੀ ਸਿਹਤ ਸਲਾਹਾਂ ਦੀ ਪਾਲਣਾ ਕਰਦੇ ਹੋਏ ਸਾਦੇ ਢੰਗ ਨਾਲ ਮਨਾ ਰਹੇ ਹਾਂ।ਜਿਸ ਤਰ੍ਹਾਂ ਅਸੀਂ ਸੰਘਰਸ਼ ਕਰਕੇ ਬ੍ਰਿਟਿਸ਼ ਹਕੂਮਤ ਤੋਂ ਮੁਕਤੀ ਪਾਈ, ਉਸੇ ਤਰ੍ਹਾਂ ਹੀ ਸਾਨੂੰ ਹੁਣ ਕੋਰੋਨਾ ਖਿਲਾਫ ਜੰਗ ਵਿਚ ਮੂਹਰਲੀ ਕਤਾਰ ਵਿਚ ਲੜ ਰਹੇ ਯੋਧਿਆਂ ਨੂੰ ਵੀ ਮੈਂ ਸਿਜਦਾ ਕਰਦਾ ਹਾਂ।

  ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਡੀ ਸਰਕਾਰ ਵੱਲੋਂ ਇਸ ਜੰਗ ਵਿਚ ਫਤਹਿ ਹਾਸਲ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਜੰਗ ਵਿਚ ਯੋਗਦਾਨ ਪਾਉਣ ਲਈ ਸਾਨੂੰ ਸਮਾਜਿਕ ਦੂਰੀ, ਮਾਸਕ ਪਹਿਨਣਾਂ ਆਦਿ ਸਿਹਤ ਸਲਾਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਅਤੇ ਜਦੋਂ ਵੀ ਕਿਸੇ ਵਿਅਕਤੀ ਨੂੰ ਬਿਮਾਰੀ ਦੇ ਲੱਛਣ ਮਹਿਸੂਸ ਹੋਣ ਤਾਂ ਉਸ ਨੂੰ ਤੁਰੰਤ ਆਪਣਾ ਟੈਸਟ ਕਰਵਾ ਕੇ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ।ਸ੍ਰੀ ਕਾਂਗੜ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ ਮਰੀਜ਼ਾਂ ਦੇ ਠੀਕ ਹੋਣ ਦੀ ਦਰ 70 ਫ਼ੀਸਦੀ ਹੈ ਜੋ ਕਿ ਦੇਸ਼ ਦੇ ਹੋਰਨਾ ਸੂਬਿਆਂ ਨਾਲੋਂ ਬਿਹਤਰ ਹੈ ਪਰ ਸਾਨੂੰ ਇਸ ਲੜਾਈ ਵਿਚ ਹਾਲੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ ਜਿਸ ਵਿਚ ਸਾਰੇ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ।ਕੈਬਨਿਟ ਮੰਤਰੀ ਨੇ ਸਮੂਹ ਨਿਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਅਸੀਂ ਕੋਰੋਨਾ ਖਿਲਾਫ਼ ਜੰਗ ਵਿਚ ਫਤਿਹ ਹਾਸਲ ਕਰਕੇ ਇਸ ਮਹਾਂਮਾਰੀ ਤੋਂ ਮੁਕਤ ਹੋਣਾ ਹੈ।

  ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਕਾਂਗੜ ਵੱਲੋਂ ਦੇਸ਼ ਦੀ ਆਨ ਅਤੇ ਸ਼ਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਸੰਦੇਸ਼ ਤੋਂ ਬਾਅਦ ਜਿ਼ਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਅਤੇ ਐਸ.ਐਸ.ਪੀ. ਸ੍ਰੀ ਸੁਰੇਂਦਰ ਲਾਂਬਾ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਕੋਵਿਡ—19 ਦੇ ਪਸਾਰ ਨੂੰ ਰੋਕਣ ਲਈ ਸਿਹਤ ਸਬੰਧੀ ਦਿਸ਼ਾ ਨਿਰਦੇਸ਼ਾਂ ਅਤੇ ਸਲਾਹਾਂ ਦੀ ਪਾਲਣਾ ਕਰਦਿਆਂ ਸੰਖੇਪ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਗਏ ਜਿ਼ਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੇ ਅਖ਼ੀਰ ਵਿਚ ਦਸ਼ਮੇਸ਼ ਇੰਸਟੀਚਿਊਟ ਆਫ਼ ਐਜੂਕੇਸ਼ਨ ਨੰਗਲ ਕਲਾਂ ਦੀਆਂ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।
  Published by:Ashish Sharma
  First published: