Home /News /punjab /

ਆਪ ਵਿਧਾਇਕਾਂ ਨੇ ਕੈਨੇਡਾ ਵੱਲੋਂ ਵਾਪਸ ਭੇਜਣ ਦਾ ਦੱਸਿਆ ਇਹ ਕਾਰਨ...

ਆਪ ਵਿਧਾਇਕਾਂ ਨੇ ਕੈਨੇਡਾ ਵੱਲੋਂ ਵਾਪਸ ਭੇਜਣ ਦਾ ਦੱਸਿਆ ਇਹ ਕਾਰਨ...

 • Share this:

  ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਅਤੇ ਅਮਰਜੀਤ ਸੰਦੋਆ ਕੈਨੇਡਾ ਦੇ ਓਟਾਵਾ ਏਅਰਪੋਰਟ ਤੋਂ ਹੀ ਵਾਪਸ ਪਰਤ ਆਏ ਹਨ। ਦਿੱਲੀ ਪਹੁੰਚ ਕੇ ਦੋਹਾਂ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਵੀਜ਼ਾ ਲੈਣ ਵੇਲੇ ਸਿਆਸੀ ਮੀਟਿੰਗਾਂ ਬਾਰੇ ਜ਼ਿਆਦਾ ਵੇਰਵੇ ਨਾ ਦਿੱਤੇ ਹੋਣ ਕਾਰਨ ਸਥਾਨਕ ਅਥਾਰਟੀਜ਼ ਨੂੰ ਇਤਰਾਜ਼ ਸੀ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਹੀ ਵਾਪਸ ਪਰਤਣ ਦਾ ਫੈਸਲਾ ਲਿਆ। ਸੰਦੋਆ ਖ਼ਿਲਾਫ ਸ਼ਿਕਾਇਤਾਂ ਮਿਲਣ ਕਾਰਨ ਦੋਹਾਂ ਨੂੰ ਵਾਪਸ ਭੇਜ ਦਿੱਤੇ ਜਾਣ ਦੇ ਕਿਆਸਾਂ ਉਤੇ ਆਪ ਵਿਧਾਇਕਾਂ ਨੇ ਵਿਰਾਮ ਲਗਾਇਆ।


  ਅਮਰਜੀਤ ਸਿੰਘ ਸੰਦੋਆ ਤੇ ਕੁਲਤਾਰ ਸੰਧਵਾਂ ਨੇ ਦੱਸਿਆ ਕਿ ਦੋਵਾਂ ਤੋਂ ਕੈਨੇਡਾਈ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਉਹ ਕੈਨੇਡਾ ਵਿੱਚ ਪਰਿਵਾਰਕ ਮਿਲਣੀ ਲਈ ਗਏ ਸਨ ਪਰ ਉਥੇ ਉਨ੍ਹਾਂ ਕੁਝ ਸਿਆਸੀ ਬੈਠਕਾਂ ਵੀ ਕਰਨੀਆਂ ਸਨ, ਜਿਸ ਦੇ ਵੇਰਵੇ ਨਹੀਂ ਦਿੱਤੇ ਗਏ ਸੀ। ਸੰਦੋਆ ਤੋਂ ਅਧਿਕਾਰੀਆਂ ਨੇ ਇਹ ਵੀ ਪੁੱਛਿਆ ਕਿ ਉਨ੍ਹਾਂ ਦੇ ਬੱਚੇ ਕਿਉਂ ਨਹੀਂ ਆਏ ਜਦ ਉਹ ਪਰਿਵਾਰਕ ਮਿਲਣੀ ਲਈ ਆਏ ਹਨ, ਤਾਂ ਸੰਦੋਆ ਨੇ ਜਵਾਬ ਦਿੱਤਾ ਕਿ ਉਨ੍ਹਾਂ ਦੇ ਸਕੂਲ ਸ਼ੁਰੂ ਹੋ ਗਏ ਸਨ ਪਰ ਇਸ ਜਵਾਬ ਨਾਲ ਅਧਿਕਾਰੀ ਸੰਤੁਸ਼ਟ ਨਹੀਂ ਹੋਏ ਤੇ ਕੈਨੇਡਾ ਦਾਖ਼ਲ ਹੋਣ ਦੀ ਆਗਿਆ ਨਾ ਦਿੱਤੀ।


  ਜ਼ਿਕਰਯੋਗ ਹੈ ਕਿ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਨਹੀਂ ਬਲਕਿ ਕੈਨੇਡੀਅਨ ਬਾਰਡਰ ਸਰਵਿਸ ਵੱਲੋਂ ਰੋਕਿਆ ਗਿਆ ਸੀ। ਹਾਲਾਂਕਿ, ਦੋਵਾਂ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਕੈਨੇਡਾਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਤੋਂ ਸਹੀ ਜਾਣਕਾਰੀ ਦੇ ਕੇ ਆਉਣ ਦੀ ਤਾਕੀਦ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਸਿਆਸੀ ਮੀਟਿੰਗਾਂ ਦੇ ਨਾਲ-ਨਾਲ ਸਾਰੇ ਲੋਕਾਂ ਦੀ ਪੂਰੀ ਤੇ ਸਹੀ ਜਾਣਕਾਰੀ ਕੈਨੇਡਾ ਨੂੰ ਪਹਿਲਾਂ ਹੀ ਦੇ ਕੇ ਜਾਣਗੇ।


  ਇਹ ਵੀ ਪਤਾ ਲੱਗਾ ਹੈ ਕਿ ਸੰਦੋਆ ਦਾ ਪਿਛੋਕੜ ਵੀ ਇਸ ਦਾ ਕਾਰਨ ਬਣਿਆ। ਸੰਦੋਆ ਵਿਰੁੱਧ ਅਕਤੂਬਰ 2016 ਵਿੱਚ ਰੂਪਨਗਰ ਸਥਿਤ ਆਪਣਾ ਘਰ ਕਿਰਾਏ 'ਤੇ ਦੇਣ ਵਾਲੀ ਤਰਮਿੰਦਰ ਕੌਰ ਨੇ ਪਿਛਲੇ ਸਾਲ ਜੁਲਾਈ ਵਿੱਚ ਸ਼ਿਕਾਇਤ ਦਿੱਤੀ ਸੀ। ਰੂਪਨਗਰ ਦੀ ਅਦਾਲਤ ਨੇ ਕੁਝ ਦਿਨ ਪਹਿਲਾਂ ਹੀ ਸੰਦੋਆ 'ਤੇ ਔਰਤ ਨਾਲ ਧੱਕਾਮੁੱਕੀ ਕਰਨ ਤੇ ਅਪਰਾਧਿਕ ਮਨਸ਼ਾ ਰੱਖਣ ਦੀਆਂ ਧਾਰਾਵਾਂ ਲਗਾਈਆਂ ਸਨ।

  First published:

  Tags: Canada