ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਨਾਲਾ ’ਚ ਵਾਪਰੀ ਘਟਨਾ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਢਾਹ ਲੱਗੀ ਹੈ ਜੋ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਆਖਿਆ ਕਿ ਪੁਲਿਸ ਥਾਣੇ ਉਤੇ ਹਮਲਾ ਕਰਨਾ ਤੇ ਆਪਣਾ ਬੰਦਾ ਛੁਡਾਉਣ ਦੀ ਕੋਸ਼ਿਸ਼ ਵਰਗਾ ਕੰਮ ਤਾਂ ਕਦੇ 1970-80 ਦੇ ਮਾੜੇ ਦੌਰ ਦੌਰਾਨ ਵੀ ਨਹੀਂ ਹੋਇਆ।
ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਇਹ ਸਰਕਾਰ ਕਰ ਹੀ ਰਹੀ ਹੈ, ਸੁੱਤੀ ਪਈ ਹੈ। ਤੁਸੀਂ ਆਪਣੇ ਪੁਲਿਸ ਵਾਲੇ ਇਸ ਤਰ੍ਹਾਂ ਕੁਟਵਾਉਣੇ ਹਨ?
ਪੰਜਾਬ ਤੇ ਦੇਸ਼ ਵਿਚ ਕਾਨੂੰਨ ਹੈ, ਜੇਕਰ ਉਨ੍ਹਾਂ ਦਾ ਕੋਈ ਬੰਦਾ ਫੜ ਕੇ ਲੈ ਗਏ ਹਨ ਤਾਂ ਕਾਨੂੰਨ ਮੁਤਾਬਕ ਚੱਲੋ। ਇਹ ਕੋਈ ਤਰੀਕਾ ਹੈ ਕਿ ਥਾਣੇ ਉਤੇ ਹਮਲਾ ਕਰ ਦਿਓ ਤੇ ਪੁਲਿਸ ਵਾਲਿਆਂ ਨੂੰ ਕੁੱਟੋ। ਉਨ੍ਹਾਂ ਆਖਿਆ ਕਿ ਇਹ ਅੰਮ੍ਰਿਤਪਾਲ ਪਤਾ ਨਹੀਂ ਕਿੱਥੋਂ ਆਇਐ, ਇਸ ਨੇ ਆਉਂਦਿਆਂ ਹੀ ਗੜਬੜ ਸ਼ੁਰੂ ਕਰ ਦਿੱਤੀ ਹੈ। ਇਹ ਸਿਰਫ ਪੰਜਾਬ ਲਈ ਹੀ ਨਹੀਂ, ਸਗੋ ਪੂਰੇ ਦੇਸ਼ ਲਈ ਖਤਰਾ ਹੈ।
ਕੈਪਟਨ ਨੇ ਆਖਿਆ ਪਿਛਲੇ ਸਮੇਂ ਵਿਚ ਸਰਹੱਦ ਪਾਰੋਂ ਡਰੋਨਾਂ ਰਾਹੀਂ ਹਥਿਆਰਾਂ ਦੀ ਆਮਦ ਵਧੀ ਹੈ। ਇਹ ਹਥਿਆਰ ਇਨ੍ਹਾਂ ਲੋਕਾਂ ਲ਼ਈ ਹੀ ਆ ਰਹੇ ਹਨ। ਉਨ੍ਹਾਂ ਆਖਿਆ ਕਿ ਮਾਨ ਸਰਕਾਰ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ।
ਭਾਜਪਾ ਆਗੂ ਨੇ ਕਿਹਾ ਕਿ ਇਸ ਘਟਨਾ ਨੇ ਸੂਬੇ ਤੇ ਦੇਸ਼ ਦੀ ਸੁਰੱਖਿਆ ’ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਸੂਬਾ ਸਰਕਾਰ ਅਜਿਹੀ ਘਟਨਾ ਨੂੰ ਰੋਕਣ ’ਚ ਨਾਕਾਮ ਸਿੱਧ ਹੋਈ ਹੈ।
ਉਨ੍ਹਾਂ ਪ੍ਰਦਰਸ਼ਨ ਵਾਲੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਪਿੱਛੇ ਦੀ ਮਨਸ਼ਾ ’ਤੇ ਵੀ ਸੁਆਲ ਚੁੱਕਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਘਟਨਾ ਦੀ ਨਿੰਦਾ ਕੀਤੀ।
ਉਧਰ, ਅਜਨਾਲਾ ਵਿਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ ਉਤੇ ਨਿਸ਼ਾਨਾ ਸਾਧਿਆ ਹੈ।
ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਿਹਾ ਹੈ ਕਿ ਇਸ ਘਟਨਾ ਨੇ ਮੁੜ ਤੋਂ ਕਾਲੇ ਦੌਰ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਤਿੱਖਾ ਸਵਾਲ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਤੋਂ ਕਿਉਂ ਝਿਜਕ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।