ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਭਾਰਤੀ ਸ਼ਰਧਾਲੂਆਂ ’ਤੇ ਪਾਕਿਸਤਾਨ ਸਰਕਾਰ ਵੱਲੋਂ ਲਗਾਈ 20 ਡਾਲਰ ਦੀ ਫੀਸ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਨੇ ਆਪਣੇ ਟਵੀਟ ਜ਼ਰੀਏ ਇਮਰਾਨ ਖਾਨ ਨੂੰ ਅਪੀਲ ਕਰਦਿਆਂ ਕਿਹਾ, ‘‘ਮੈਂ ਇਮਰਾਨ ਖਾਨ ਨੂੰ ਪਾਕਸਿਤਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ’ਤੇ ਲਗਾਈ 20 ਡਾਲਰ ਫੀਸ ਨੂੰ ਮੁਆਫ ਕਰਨ ਦੀ ਅਪੀਲ ਕਰਦਾ ਹਾਂ ਤਾਂ ਜੋ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਸਮਾਂ ਬਤੀਤ ਕਰਨ ਵਾਲੇ ਸਥਾਨ ਦੇ ‘ਖੁੱਲੇ ਦਰਸ਼ਨ ਦੀਦਾਰ’ ਕਰ ਸਕਣ। ਸਮੁੱਚਾ ਸਿੱਖ ਭਾਈਚਾਰਾ ਪਾਕਸਿਤਾਨ ਵੱਲੋਂ ਲਏ ਗਏ ਇਸ ਨੇਕ ਕਦਮ ਲਈ ਧੰਨਵਾਦੀ ਹੋਵੇਗਾ।’’
ਇਸ ਉਪਰੰਤ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਇਤਹਾਸਕ ਗੁਰਦੁਆਰੇ ਜਿਸ ਨੂੰ ਪੂਰੇ ਵਿਸ਼ਵ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮਾਂ ਬਤੀਤ ਕਰਨ ਵਾਲੇ ਅਸਥਾਨ ਵਜੋਂ ਸਤਕਾਰ ਦਿੱਤਾ ਜਾਂਦਾ ਹੈ, ਦੀ ਯਾਤਰਾ ਸਮੁੱਚੀ ਸਿੱਖ ਕੌਮ ਦੇ ਸੁਪਨੇ ਨੂੰ ਸਾਕਾਰ ਕਰਦੀ ਹੈ। ਉਨਾਂ ਕਿਹਾ ਕਿ ਫੀਸ ਲਾਗੂ ਕਰਨ ਦੇ ਨਾਲ-ਨਾਲ ਹੋਰ ਸ਼ਰਤਾਂ ਜਵੇਂ ਪਾਸਪੋਰਟ ਜ਼ਰੂਰੀ ਅਤੇ ਸ਼ਰਧਾਲੂਆਂ ਵੱਲੋਂ 30 ਦਿਨਾਂ ਪਹਲਾਂ ਦਾ ਨੋਟਿਸ ਆਦਿ ਸ਼ਰਧਾਲੂਆਂ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਰੁਕਾਵਟ ਪੈਦਾ ਕਰੇਗੀ। ਇਨਾਂ ਸਰਧਾਲੂਆਂ ਵਿੱਚੋਂ ਬਹੁਤ ਸਾਰੇ ਗਰੀਬ ਹਨ ਜੋ ਇਹ ਫੀਸ ਦੇਣ ਦੇ ਸਮਰੱਥ ਨਹੀਂ ਹਨ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਇਤਿਹਾਸਕ ਗੁਰਦੁਆਰੇ ਦੇ ‘ਖੁੱਲੇ ਦਰਸ਼ਨ’ ਕਰਨ ਦੇ ਇਕੋ-ਇਕ ਮੌਕੇ ਤੋਂ ਵਾਂਝੇ ਨਾ ਰਹਿਣ ਦਿੱਤਾ ਜਾਵੇ।
ਉਨਾਂ ਕਹਾ ਕਿ ਕਰਤਾਰਪੁਰ ਲਾਂਘੇ ਦੇ ਨਿਰਮਾਣ ਦਾ ਮੰਤਵ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਰਧਾਲੂਆਂ ਨੂੰ ਮੁਫਤ ਐਂਟਰੀ ਦੀ ਸਹੂਲਤ ਪ੍ਰਦਾਨ ਕਰਨਾ ਹੈ ਅਤੇ ਇਹ ਸ਼ਰਤਾਂ ਇਸ ਮੰਤਵ ਦੀ ਪੂਰਤੀ ਵਿਚ ਰੁਕਾਵਟ ਪੈਦਾ ਕਰਦੀਆਂ ਹਨ। ਉਨਾਂ ਅੱਗੇ ਕਿਹਾ ਕਿ ਇਸ ਲਾਂਘੇ ਦੇ ਨਿਰਮਾਣ ਵਿਚ ਸਹਮਿਤੀ ਪ੍ਰਗਟ ਕਰਕੇ ਪਾਕਸਿਤਾਨ ਸਰਕਾਰ ਨੇ ਬਹੁਤ ਸ਼ਲਾਘਾਯੋਗ ਕਦਮ ਚੁੱਕਿਆ ਹੈ ਜਿਸ ਨੂੰ ਪੂਰਾ ਸਿੱਖ ਭਾਈਚਾਰਾ ਸਲਾਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੀਸ ਨੂੰ ਖਤਮ ਕਰ ਕੇ ਆਪਣੇ ਇਸ ਸ਼ਲਾਘਾਯੋਗ ਕਦਮ ਵਿੱਚ ਹੋਰ ਵਾਧਾ ਕਰੇ ਅਤੇ ਸ਼ਰਧਾਲੂਆਂ ਲਈ ਲਗਾਈਆਂ ਸ਼ਰਤਾਂ ਨੂੰ ਖਤਮ ਕਰੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।