ਕੈਪਟਨ ਤੇ ਰੰਧਾਵਾ 'ਚ ਅਜੇ ਨਹੀਂ ਹੋਈ ਸੁਲਾਹ!

News18 Punjabi | News18 Punjab
Updated: April 28, 2021, 6:45 PM IST
share image
ਕੈਪਟਨ ਤੇ ਰੰਧਾਵਾ 'ਚ ਅਜੇ ਨਹੀਂ ਹੋਈ ਸੁਲਾਹ!
ਕੈਪਟਨ ਤੇ ਰੰਧਾਵਾ 'ਚ ਅਜੇ ਨਹੀਂ ਹੋਈ ਸੁਲਾਹ (file photo)

  • Share this:
  • Facebook share img
  • Twitter share img
  • Linkedin share img
ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਅਜੇ ਸਭ ਅੱਛਾ ਨਹੀਂ ਹੈ, ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਰੰਧਾਵਾ ਅੱਜ ਦੀ ਕੈਪਟਨ ਦੀ ਕੈਬਨਿਟ ਮੀਟਿੰਗ 'ਚ ਸ਼ਾਮਲ ਨਹੀਂ ਹੋਏ, ਜਾਣਕਾਰੀ ਮੁਤਾਬਕ ਰੰਧਾਵਾ ਅੱਜ ਚੰਡੀਗੜ੍ਹ ਵਿਖੇ ਹੀ ਮੌਜੂਦ ਸਨ, ਪਰ ਫ਼ਿਰ ਵੀ ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ਹੋਈ ਕੈਬਨਿਟ ਮੀਟਿੰਗ ਦਾ ਹਿੱਸਾ ਬਣਨਾ ਗਵਾਰਾ ਨਹੀਂ ਸਮਝਿਆ।

ਦਰਅਸਲ 26 ਅਪ੍ਰੈਲ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਮੰਤਰੀ ਸੁਖਜਿੰਦਰ ਰੰਧਾਵਾ ਤੇ ਪਾਰਟੀ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਲਖ਼ੀ ਹੋਈ ਸੀ, ਤਲਖ਼ੀ ਦਾ ਕਾਰਨ ਸੀ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਨੂੰ ਲੈਕੇ ਰੰਧਾਵਾ ਤੇ ਜਾਖੜ ਦੇ ਬਿਆਨ ਕੈਪਟਨ ਸਾਹਿਬ ਨੂੰ ਗਵਾਰਾ ਨਾ ਹੋਣਾ।

ਅਸਲ 'ਚ ਕੈਪਟਨ ਨੇ ਰੰਧਾਵਾ ਅਤੇ ਜਾਖੜ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਨੂੰ ਪਾਰਟੀ ਵਿਰੋਧੀ ਕਹਿਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਦੋਵੇਂ ਸੀਨੀਅਰ ਲੀਡਰ ਭੜਕ ਗਏ ਸਨ। ਇਸ ਤਲਖ਼ੀ ਦੌਰਾਨ ਦੋਨਾਂ ਨੇ ਆਪਣੇ ਅਸਤੀਫ਼ੇ ਮੁੱਖ ਮੰਤਰੀ ਨੂੰ ਦਿੱਤੇ ਸਨ, ਹਾਲਾਂਕਿ ਮੁੱਖ ਮੰਤਰੀ ਨੇ ਮੌਕੇ 'ਤੇ ਹੀ ਦੋਨਾਂ ਦੇ ਅਸਤੀਫ਼ੇ ਪਾੜ ਸੁੱਟੇ ਸਨ।
ਉਸ ਦਿਨ ਕੈਬਨਿਟ ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਬਾਹਰ ਆ ਕੇ ਮੀਡੀਆ ਸਾਹਮਣੇ ਸਭ ਅੱਛਾ ਹੋਣ ਦਾ ਮਾਹੌਲ  ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਅਗਲੇ ਦਿਨ ਤੋਂ ਮੁੱਖ ਮੰਤਰੀ ਦੀਆਂ ਵਿਧਾਇਕਾਂ ਨਾਲ ਹੋਣ ਵਾਲੀਆਂ ਮੀਟਿੰਗਾਂ ਦੀ ਵੀ ਜਾਖੜ ਹਿੱਸਾ ਬਣੇ, ਮਤਲਬ ਕਿ ਜਾਖੜ ਦਾ ਗੁੱਸਾ ਸ਼ਾਂਤ ਹੁੰਦਾ ਨਜ਼ਰ ਆਇਆ। ਪਰ ਸੁਖਜਿੰਦਰ ਰੰਧਾਵਾ ਆਪਣਾ ਦਿੱਤਾ ਅਸਤੀਫ਼ਾ ਰੱਦ ਹੋਣ ਤੋਂ ਬਾਅਦ ਵੀ ਨਾਰਾਜ਼ ਨਜ਼ਰ ਆ ਰਹੇ ਹਨ, ਕਿਉਂਕਿ ਅੱਜ ਚੰਡੀਗੜ੍ਹ 'ਚ ਹੋਣ ਦੇ ਬਾਵਜੂਦ ਉਹ ਕੈਬਨਿਟ ਮੀਟਿੰਗ ਦਾ ਹਿੱਸਾ ਨਹੀਂ ਬਣੇ।

ਗੱਲ ਸਿਰਫ਼ ਰੰਧਾਵਾ ਦੀ ਨਾਰਾਜ਼ਗੀ ਦੀ ਹੀ ਨਹੀਂ, ਮੁੱਖ ਮੰਤਰੀ ਨੂੰ ਆਪਣੇ ਕਈ ਵਿਧਾਇਕਾਂ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ, ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਬੁਲਾਈ ਮੀਟਿੰਗ ਦੌਰਾਨ ਕਈ ਵਿਧਾਇਕਾਂ ਨੇ ਵੀ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ 'ਚ ਜਾਂਚ 'ਤੇ ਇਨਸਾਫ਼ ਨਾ ਮਿਲਣ ਦੇ ਮੁੱਦੇ 'ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ, ਸੂਤਰਾਂ ਮੁਤਾਬਕ ਇਥੋਂ ਤੱਕ ਕਿਹਾ ਗਿਆ ਕਿ ਅਗਰ ਇਹੀ ਹਾਲਾਤ ਰਹੇ ਤਾਂ 2022 ਦਾ ਟੀਚਾ ਅਸਾਨ ਨਹੀਂ ਹੋਵੇਗਾ।

ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਆਪਣੇ ਸੀਨੀਅਰ ਮੰਤਰੀ ਦੀ ਨਾਰਾਜ਼ਗੀ ਕਿਵੇਂ ਦੂਰ ਕਰਨਗੇ ?
Published by: Ashish Sharma
First published: April 28, 2021, 6:45 PM IST
ਹੋਰ ਪੜ੍ਹੋ
ਅਗਲੀ ਖ਼ਬਰ