Suraj Bhan
ਆਮ ਆਦਮੀ ਪਾਰਟੀ ਨੇ ਖੇਤੀ ਕਾਨੁੰਨਾਂ ਦੇ ਮੁੱਦੇ ਉੱਤੇ ਭਾਜਪਾ-ਅਕਾਲੀ ਅਤੇ ਕਾਂਗਰਸ ਤਿੰਨੇ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਹੈ। ਐਤਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਤਿੰਨੇ ਪਾਰਟੀਆਂ ਨੇ ਮਿਲ ਕੇ ਕਿਸਾਨਾਂ ਦੇ ਜੀਵਨ ਨੂੰ ਖਤਰੇ ਵਿੱਚ ਪਾ ਦਿੱਤਾ ਅਤੇ ਉਨ੍ਹਾਂ ਹਰ ਮੋਰਚੇ ਉੱਤੇ ਕਿਸਾਨਾਂ ਨੂੰ ਬਰਬਾਦ ਕਰਨ ਵਾਲਾ ਕਦਮ ਚੁੱਕਿਆ।
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ ਵੀ ਹਾਜਰ ਸਨ। ਉਨ੍ਹਾਂ ਕਿਹਾ ਕਿ 2013 ਵਿੱਚ ਇਨ੍ਹਾਂ ਤਿੰਨੇ ਪਾਰਟੀਆਂ ਨੇ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਵਿੱਚ ਕਿਸਾਨਾਂ ਨੂੰ ਕਾਰਪੋਰੇਟ ਦਾ ਗੁਲਾਮ ਬਣਾਉਣ ਵਾਲਾ ਕਾਨੂੰਨ ‘ਕੰਟਰੈਕਟ ਫਾਰਮਿੰਗ ਐਕਟ’ ਪਾਸ ਕੀਤਾ। ਫਿਰ 2017 ਵਿੱਚ ਕੈਪਟਨ ਦੀ ਸਰਕਾਰ ਆਉਣ ਉੱਤੇ ਉਨ੍ਹਾਂ ਨੇ ਇਸੇ ਕਾਨੂੰਨ ਨੂੰ ਅੱਗੇ ਵਧਾਇਆ।
ਕੈਪਟਨ ਨੇ ਏਪੀਐਮਸੀ ਸੰਸੋਧਨ ਐਕਟ ਪਾਸ ਕੀਤਾ ਜਿਸ ਨਾਲ ਫਲ ਅਤੇ ਸਬਜ਼ੀ ਦੇ ਬਾਜ਼ਾਰ ਦਾ ਨਿੱਜੀਕਰਨ ਕੀਤਾ ਗਿਆ। ਇਸੇ ਕਾਨੂੰਨ ਦਾ ਨਤੀਜਾ ਹੈ ਕਿ ਅੱਜ ਅਬੋਹਰ ਵਿੱਚ ਕਿੰਨੂ ਉਤਪਾਦਨ ਲਾਗਤ ਤੋਂ ਘੱਟ ਕੀਮਤ ਉੱਤੇ ਵੇਚ ਰਿਹਾ ਹੈ। ਇਹ ਦੋਵੇਂ ਕਾਨੂੰਨ ਕੇਂਦਰ ਦੇ ਕਾਨੂੰਨਾਂ ਦੀ ਜੜ੍ਹ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿਸਾਨ ਇਨ੍ਹਾਂ ਪਾਰਟੀਆਂ ਦੀ ਨੀਅਤ ਸਮਝ ਚੁੱਕੇ ਹਨ, ਤਾਂ ਹੁਣ ਇਹ ਲੋਕ ਕਿਸਾਨ ਸਮਰਥਕ ਹੋਣ ਦਾ ਦਿਖਾਵਾ ਕਰ ਰਹੇ ਹਨ।
ਅਕਾਲੀਆਂ ਅਤੇ ਕਾਂਗਰਸੀਆਂ ਨੇ ਹਰ ਮੋਰਚੇ ਉੱਤੇ ਕਿਸਾਨ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਭਾਜਪਾ ਨਾਲ ਮਿਲ ਕੇ ਅਕਾਲੀ ਦਲ ਪਹਿਲਾਂ ਇਹ ਪ੍ਰਚਾਰ ਕਰ ਰਿਹਾ ਸੀ ਕਿ ਖੇਤੀ ਕਾਨੂੰਨਾਂ ਤੋਂ ਕਿਸਾਨਾਂ ਨੂੰ ਲਾਭ ਹੋਵੇਗਾ। ਇਨ੍ਹਾਂ ਕਾਨੂੰਨਾਂ ਨੂੰ ਬਣਾਉਣ ਲਈ ਬਣੀ ਹਾਈ ਪਾਵਰ ਕਮੇਟੀ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਸਨ, ਉਦੋਂ ਉਹਨਾਂ ਨੇ ਇਸ ਦਾ ਵਿਰੋਧ ਨਹੀਂ ਕੀਤਾ। ਖੇਤੀ ਕਾਨੂੰਨ ਨੂੰ ਲੈ ਕੇ ਕੈਪਟਨ ਅੱਜ ਤੱਕ ਪ੍ਰਧਾਨ ਮੰਤਰੀ ਨੂੰ ਨਹੀਂ ਮਿਲੇ। ਜਦੋਂ ਉਹ ਅੰਮਿਤ ਸ਼ਾਹ ਨੂੰ ਮਿਲੇ ਤਾਂ ਉਨ੍ਹਾਂ ਖੇਤੀ ਕਾਨੂੰਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੀ ਪਾਰਟੀ ਹੈ ਜਿਸ ਨੇ ਕਿਸਾਨ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਕਿਸਾਨਾਂ ਦਾ ਸਮਰਥਨ ਕੀਤਾ। ਸਾਡੀ ਪਾਰਟੀ ਦੀ ਦਿੱਲੀ ’ਚ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਵਰਕਰਾਂ ਨੇ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ ਹਰ ਸੰਭਵ ਸਹਿਯੋਗ ਕੀਤਾ ਅਤੇ ਸੇਵਾਵਾਂ ਦਿੱਤੀਆਂ। ਹੁਣ ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਿਸਾਨ ਮਹਾਸੰਮੇਲਨ ਦਾ ਆਯੋਜਨ ਕਰ ਰਹੀ ਹੈ।
ਕਿਸਾਨ ਮਹਾਸੰਮੇਲਨ ਰਾਹੀਂ ਅਸੀਂ ਕਿਸਾਨਾਂ ਦੀ ਆਵਾਜ਼ ਪੂਰੇ ਦੇਸ਼ ਦੀ ਜਨਤਾ ਤੱਕ ਪਹੁੰਚਾਵਾਂਗੇ ਅਤੇ ਖੇਤੀ ਕਾਨੂੰਨ ਨਾਲ ਲੋਕਾਂ ਉਤੇ ਪੈਣ ਵਾਲੀ ਮਾਰ ਨੂੰ ਦੱਸਾਂਗੇ। ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਬਣਾਉਣ ਲਈ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਹੋਣ ਵਾਲੇ ਕਿਸਾਨ ਮਹਾਸੰਮੇਲਨ ਵਿੱਚ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਤੇ ਆਮ ਆਦਮੀ ਪਾਰਟੀ ਬਠਿੰਡਾ ਦੀ ਸੀਨੀਅਰ ਲੀਡਰਸ਼ਿਪ ਨਵਦੀਪ ਸਿੰਘ ਜੀਦਾ ਜਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ, ਗੁਰਜੰਟ ਸਿੰਘ ਸਿਵੀਆਂ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ, ਰਾਕੇਸ਼ ਪੁਰੀ ਜ਼ਿਲ੍ਹਾ ਜਨਰਲ ਸਕੱਤਰ, ਬਲਕਾਰ ਸਿੰਘ ਭੋਖੜਾ ਜ਼ਿਲ੍ਹਾ ਮੀਡੀਆ ਇੰਚਾਰਜ਼, ਬਲਜਿੰਦਰ ਸਿੰਘ ਬਰਾੜ ਜ਼ਿਲ੍ਹਾ ਦਫ਼ਤਰ ਇੰਚਾਰਜ਼, ਸੁਖਵੀਰ ਬਰਾੜ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ਼, ਐੱਮ ਐੱਲ ਜਿੰਦਲ ਜ਼ਿਲ੍ਹਾ ਖਜਾਨਚੀ, ਅਨਿਲ ਠਾਕੁਰ ਸਟੇਟ ਡਿਪਟੀ ਪ੍ਰੈਜ਼ੀਡੈਂਟ ਟਰੇਡ ਵਿੰਗ, ਅੰਮ੍ਰਿਤ ਅਗਰਵਾਲ, ਸੁਖਵੀਰ ਸਿੰਘ ਮਾਈਸਰਖਾਨਾ, ਧੰਨਾ ਸਿੰਘ ਢੱਡੇ, ਬਲਜਿੰਦਰ ਕੌਰ ਬਲਾਕ ਸੰਮਤੀ ਮੈਂਬਰ, ਜਤਿੰਦਰ ਭੱਲਾ, ਬਲਾਕ ਪ੍ਰਧਾਨ ਯਾਦਵਿੰਦਰ ਤੁੰਗਵਾਲੀ, ਗੋਬਿੰਦਰ ਸਿੰਘ, ਬਲਜੀਤ ਬੱਲੀ , ਮਨਜੀਤ ਸਿੰਘ ਮੌੜ ਤੋ ਇਲਾਵਾ ਆਪ ਵਰਕਰ ਵੀ ਹਾਜ਼ਰ ਸਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP Punjab, Bhagwant Mann, Captain Amarinder Singh