ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ ਵਿਚ ਵਾਪਰੀਆਂ ਕਤਲ ਤੇ ਅਪਰਾਧਿਕ ਘਟਨਾਵਾਂ ਉਤੇ ਚਿੰਤਾ ਜ਼ਾਹਿਰ ਕੀਤੀ ਹੈ।
ਉਨ੍ਹਾਂ ਨੇ ਟਵੀਟ ਕੀਤਾ ਹੈ- 'ਪੰਜਾਬ ਵਿੱਚ ਹਿੰਸਾ ਦੀਆਂ ਘਟਨਾਵਾਂ ਵਿੱਚ ਤਾਜ਼ਾ ਵਾਧਾ ਬਹੁਤ ਚਿੰਤਾਜਨਕ ਹੈ। ਪੰਜਾਬ ਪੁਲਿਸ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ, ਜੇਕਰ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਜਾਵੇ। ਕਿਸੇ ਨੂੰ ਵੀ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।''
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਮਨ ਕਾਨੁੰਨ ਵਿਵਸਥਾ ਢਹਿ ਢੇਰੀ ਹੋਣ ਨਾਲ ਪੰਜਾਬੀਆਂ ਦੇ ਮਨਾਂ ਵਿਚ ਅਸੁਰੱਖਿਆ ਦੀ ਭਾਵਨਾ ਬਣ ਗਈ ਹੈ ਤੇ ਪਾਰਟੀ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੂੰ ਬੇਨਤੀ ਕੀਤੀ ਕਿ ਉਹ ਪ੍ਰਾਪੇਗੰਡਾ ਵਾਲੇ ਕੰਮਾਂ ਵਿਚ ਰੁੱਝੇ ਰਹਿਣ ਨਾਲੋਂ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਤੁਰਤ ਬਾਅਦ ਅਮਨ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਤੇ ਹੁਣ ਇਹ ਖਤਰਨਾਕ ਹੋ ਗਈ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਸਿਰਫ ਕਬੱਡੀ ਖਿਡਾਰੀਆਂ ਦੇ ਕਤਲ ਨਹੀਂ ਹੋਏ ਬਲਕਿ ਗੈਂਗਸਟਰਾਂ ਦੀ ਆਪਸੀ ਗੋਲੀਬਾਰੀ ਹੋਈ ਤੇ ਜੈਤੋਂ ਟਰੱਕ ਯੂਨੀਅਨ ’ਤੇ ਕਬਜ਼ਾ ਕਰਨ ਲਈ ਵੀ ਖੂਨੀ ਟਕਰਾਅ ਹੋਏ ਤੇ ਫਿਰਕੂ ਝੜਪਾਂ ਵੀ ਹੋਈਆਂ ਹਨ।
ਡਾ. ਚੀਮਾ ਨੇ ਕਿਹਾ ਕਿ ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਨੇ ਪੁਲਿਸ ਫੋਰਸ ਨੁੰ ਇਸ਼ਾਰਾ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੁੰ ਖੁੱਲ੍ਹੀ ਛੁੱਟੀ ਦਿੱਤੀ ਜਾਵੇ। ਇਸੇ ਲਈ ਅਸੀਂ ਵੇਖਿਆ ਕਿ ਜੈਤੋਂ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਨੁੰਨ ਆਪਣੇ ਹੱਥਾਂ ਵਿਚ ਲੈ ਲਿਆ।
ਉਹਨਾਂ ਕਿਹਾ ਕਿ ਪੁਲਿਸ ਮੂਕ ਦਰਸ਼ਕ ਬਣ ਗਈ ਹੈ। ਉਹਨਾ ਕਿਹਾ ਕਿ ਹਾਲਾਤ ਇੰਨੇ ਵਿਗੜ ਗਏ ਹਨ ਕਿ ਰਾਮਪੁਰਾ ਫੂਲ ਦੇ ਸਾਬਕਾ ਐਮ ਸੀ ਤੇ ਆਮ ਆਦਮੀ ਪਾਰਟੀ ਦੇ ਆਗੂ ਸੁਰਿੰਦਰ ਫੂਲ ਨੇ ਰਾਮਪੁਰਾ ਪੁਲਿਸ ਥਾਣੇ ਵਿਚ ਐਸਐਚਓ ਦੀ ਵਰਤੀ ਹੀ ਪਾੜ ਦਿੱਤੀ ਤੇ ਅਫਸਰ ਦੇ ਮੂੰਹ ’ਤੇ ਮੁੱਕੇ ਮਾਰੇ।
Published by: Gurwinder Singh
First published: April 06, 2022, 17:09 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bhagwant Mann , Bhagwant Mann Cabinet , Captain , Captain Amarinder Singh