ਬਠਿੰਡਾ ਹਸਪਤਾਲ ਵਿੱਚ ਸਥਿਤ ਬਲੱਡ ਬੈਂਕ ਦੇ ਕਰਮਚਾਰੀਆਂ ਵੱਲੋਂ ਬਿਨਾਂ ਚੈੱਕ ਕੀਤੇ ਐਚ ਆਈ ਵੀ ਬਲੱਡ ਮਰੀਜ਼ਾਂ ਤੇ ਚੜ੍ਹਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਰਕੇ ਬਲੱਡ ਬੈਂਕ ਦੀ ਕਾਰਗੁਜ਼ਾਰੀ 'ਤੇ ਸਵਾਲ ਵੀ ਖੜੇ ਹੋਏ। ਹੁਣ ਮਰੀਜ਼ ਨੂੰ ਬਿਨਾਂ ਚੈੱਕ ਕੀਤੇ ਐੱਚ ਆਈ ਵੀ ਬਲੱਡ ਚੜ੍ਹਾਉਣ ਦੇ ਮਾਮਲੇ ਤੇ ਥਾਣਾ ਕੋਤਵਾਲੀ ਪੁਲਿਸ ਨੇ ਸਿਵਲ ਹਸਪਤਾਲ ਵਿੱਚ ਸਥਿਤ ਬਲੱਡ ਬੈਂਕ ਦੇ 2 ਐਮ ਐਲ ਟੀ ਕਰਮਚਾਰੀਆਂ ਖ਼ਿਲਾਫ਼ ਧਾਰਾ 269/270ਆਈ ਪੀ ਸੀ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਚੇ ਵਿੱਚ ਐਮ ਐਲ ਟੀ ਗੁਰਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਦੇ ਨਾਮ ਸ਼ਾਮਲ ਹਨ , ਜਿਨ੍ਹਾਂ ਖ਼ਿਲਾਫ਼ ਆਕਾਸ਼ਦੀਪ ਸਿੰਘ ਪੀ ਪੀ ਐਸ ਸੰਯੁਕਤ ਡਾਇਰੈਕਟਰ ਕਰਾਈਮ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦੀ ਸ਼ਿਕਾਇਤ 'ਤੇ ਪਰਚਾ ਦਰਜ ਹੋਇਆ ਹੈ ।
ਸਹਾਇਕ ਥਾਣੇਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਐੱਮ ਐੱਲ ਟੀਜ ਵੱਲੋਂ ਮਰੀਜ਼ ਅਰਸ਼ਦੀਪ ਸਿੰਘ ਪੁੱਤਰ ਰਾਜਾ ਸਿੰਘ ਵਾਸੀ ਪਿੰਡ ਭਾਗੂ ਦੇ ਬਿਨਾਂ ਚੈੱਕ ਕੀਤੇ ਐੱਚ ਆਈ ਵੀ ਖ਼ੂਨ ਚੜ੍ਹਾਇਆ ਸੀ, ਜਿਸ ਕਰਕੇ ਉਸ ਦੀ ਹਾਲਤ ਗੰਭੀਰ ਬਣ ਗਈ ਅਤੇ ਪੀੜਤ ਪਰਿਵਾਰ ਵੱਲੋਂ ਇਸ ਮਾਮਲੇ ਦੀ ਉੱਚ ਪੱਧਰ ਤੇ ਸ਼ਿਕਾਇਤ ਕੀਤੀ ਗਈ ਸੀ ਜਿਸ ਦੀ ਜਾਂਚ ਉਪਰੰਤ ਹੀ ਪਰਚਾ ਦਰਜ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦਰਜ ਮੁਕੱਦਮੇ ਤਹਿਤ ਅੱਜ ਬਲੱਡ ਬੈਂਕ ਬਠਿੰਡਾ ਸਿਵਲ ਹਸਪਤਾਲ ਵਿਖੇ ਜਾਂਚ ਵੀ ਸ਼ੁਰੂ ਕੀਤੀ ਗਈ ਹੈ , ਰਿਕਾਰਡ ਵੀ ਕਬਜ਼ੇ ਵਿੱਚ ਲਿਆ ਹੈ ਅਤੇ ਇਸ ਮਾਮਲੇ ਦੀ ਪੂਰੀ ਤਫਤੀਸ਼ ਕਰ ਕੇ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ ।
ਅੱਜ ਕੋਤਵਾਲੀ ਪੁਲਿਸ ਦੇ ਮੁਲਾਜ਼ਮ ਸਿਵਲ ਹਸਪਤਾਲ ਬਠਿੰਡਾ ਵਿਖੇ ਸਥਿਤ ਪੁਲਿਸ ਚੌਕੀ ਰਾਹੀਂ ਜਾਂਚ ਕਰਨ ਲਈ ਪਹੁੰਚੇ ਸਨ, ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਮਾਮਲੇ ਤੇ ਕੋਈ ਵੀ ਜਾਣਕਾਰੀ ਦੇਣ ਤੋਂ ਅਸਮਰੱਥਾ ਪ੍ਰਗਟਾਈ ਅਤੇ ਕਿਹਾ ਕਿ ਰਿਪੋਰਟ ਤਿਆਰ ਹੋਣ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bathinda, Blood Bank, Fir, HIV, Punjab Police