ਆਸ਼ੀਸ਼ ਸ਼ਰਮਾ
ਬਰਨਾਲਾ- ਸੰਗਰੂਰ ਲੋਕ ਸਭਾ ਹਲਕਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ 'ਤੇ ਕੇਂਦਰੀ ਮੰਤਰੀ ਅਤੇ ਪੰਜਾਬ ਪ੍ਰਭਾਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਲ਼ੈ ਪੰਜਾਬ ਸਰਕਾਰ ਨੂੰ ਘੇਰਿਆ, ਉਥੇ ਉਹਨਾਂ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਬੀਜੇਪੀ ਦਾ ਏਜੰਡਾ ਮੀਡੀਆ ਸਾਹਮਣੇ ਰੱਖਿਆ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਸੰਗਰੂਰ ਲੋਕ ਸਭਾ ਹਲਕੇ ਤੋਂ ਇੱਕ ਯੋਗ ਨੇਤਾ ਕੇਵਲ ਸਿੰਘ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਹਨਾਂ ਵਲੋਂ ਪੰਜਾਬ ਵਿੱਚ ਬਹੁਤ ਸਮਾਂ ਪਹਿਲਾਂ ਪੈਪਸੀਕੋ ਇੰਡਸਟਰੀ ਖੜੀ ਕਰਕੇ ਇੱਥੇ ਰੁਜ਼ਗਾਰ ਪੈਦਾ ਕੀਤਾ ਸੀ। ਭਾਜਪਾ ਨੂੰ ਇਸ ਚੋਣ ਵਿੱਚ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਸੰਗਰੂਰ ਨਿਰੋਲ ਖੇਤੀ ਅਧਾਰਤ ਖਿੱਤਾ ਹੈ, ਜਿੱਥੇ ਬੀਜੇਪੀ ਵਲੋਂ ਕਾਰਗੋ ਟਰਮੀਨਲ ਸਮੇਤ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ ਜਾਵੇਗਾ, ਉਥੇ ਐਗਰੀਕਲਚਰ ਪ੍ਰੋਸੈਸਿੰਗ ਇੰਡਸਟਰੀ ਖੜੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਖੇਤੀ ਸਬੰਧੀ ਪੰਜਾਬ ਪੂਰੇ ਭਾਰਤ ਦਾ ਦਿਲ ਹੈ। ਮਲੇਰਕੋਟਲਾ ਦੇ ਕਿਸਾਨ ਪੰਜਾਬ ਭਰ ਵਿੱਚ ਸਬਜ਼ੀਆਂ ਅਤੇ ਸੰਗਰੂਰ-ਬਰਨਾਲਾ ਤੋਂ ਹੋਰ ਖੇਤੀ ਦਾ ਹੋਰ ਅਨੇਕਾਂ ਫਸਲਾਂ ਪੈਦਾ ਹੁੰਦੀਆਂ ਹਨ। ਜਿਸ ਕਰਕੇ ਇਸ ਖਿੱਤੇ ਵਿੱਚ ਖੇਤੀ ਅਧਾਰਿਤ ਉਦਯੋਗ ਨੂੰ ਪ੍ਰਫੁੱਲਿਤ ਕਰਕੇ ਰੁਜ਼ਗਾਰ ਦੇ ਵੱਡੇ ਮੌਕੇ ਮੁਹੱਈਆ ਕਰਵਾਏ ਜਾਣਗੇ। ਸੁਨਾਮ ਅਤੇ ਲਹਿਰਾਗਾਗਾ ਵਿੱਚ ਵੱਡੇ ਕੋਲਡ ਸਟੋਰ ਬਣਾਏ ਜਾਣਗੇ। ਕਾਰਗੋ ਟਰਮੀਨਲ ਵਾਲਾ ਅੰਤਰਰਾਸ਼ਟਰੀ ਏਅਰਪੋਰਟ ਬਨਣ ਨਾਲ ਇੱਥੋਂ ਦੀਆਂ ਸਬਜ਼ੀਆਂ ਅਤੇ ਫ਼ਸਲਾਂ ਹੋਰਨਾਂ ਦੇਸ਼ਾਂ ਨੂੰ ਭੇਜੀਆ ਜਾ ਸਕਣਗੀਆਂ, ਜਿਸਦਾ ਲਾਭ ਸਿੱਧੇ ਤੌਰ'ਤੇ ਸਾਡੇ ਕਿਸਾਨਾਂ ਨੂੰ ਹੋਵੇਗਾ। ਸ਼ੇਖਾਵਤ ਅੱਗੇ ਕਿਹਾ ਕਿ ਕਿਸੇ ਸਮੇਂ ਪੰਜਾਬ ਖੇਡਾਂ ਵਿੱਚ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਸੀ। ਹੁਣ ਹਰਿਆਣਾ ਤੋਂ ਵੀ ਪਿੱਛੇ ਰਹਿ ਗਿਆ ਹੈ। ਖੇਡਾਂ ਵਿੱਚ ਪੰਜਾਬ ਨੂੰ ਮੁੜ ਇੱਕ ਨੰਬਰ ਬਨਾਉਣ ਲਈ ਸੰਗਰੂਰ ਨੂੰ ਖੇਡ ਹੱਬ ਬਣਾਇਆ ਜਾਵੇਗਾ।
ਕੇਂਦਰੀ ਮੰਤਰੀ ਸ਼ੇਖਾਵਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਸੂਬੇ ਦੇ ਲੋਕਾਂ ਨੇ ਵੱਡਾ ਫ਼ਤਵਾ ਦਿੱਤਾ। ਪਰ ਪੰਜਾਬ ਦੇ ਲੋਕ ਸਰਕਾਰ ਦੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਤੋਂ ਦੁਖੀ ਹੋ ਚੁੱਕੇ ਹਨ। ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ। ਦਿਨ ਦਿਹਾੜੇ ਕਤਲ ਹੋ ਰਹੇ ਹਨ। ਗਾਇਕ ਸਿੱਧੂ ਮੂਸੇ ਵਾਲਾ ਦ ਕਤਲ ਪੰਜਾਬ ਸਰਕਾਰ ਦੇ ਮੱਥੇ ਤੇ ਵੱਡਾ ਕਲੰਕ ਬਣ ਗਿਆ ਹੈ। ਪੰਜਾਬ ਦੀ ਬਿਊਰੋਕ੍ਰੇਸੀ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ। ਪੰਜਾਬ ਨੂੰ ਦਿੱਲੀ ਤੋਂ ਕੰਟਰੋਲ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਵਲੋਂ ਚੋਣਾਂ ਮੌਕੇ ਕੀਤੇ ਵਾਅਦੇ ਨੂੰ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਦੇਖਦੇ ਹੋਏ ਕਿਸੇ ਵੀ ਹਾਲਤ ਪੂਰਾ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ।
ਕੇਵਲ ਢਿੱਲੋਂ ਦੇ ਪੱਤਰ ਦਾ ਹਵਾਬਾਜ਼ੀ ਮੰਤਰੀ ਵਲੋਂ ਹਾਂ ਪੱਖੀ ਜਵਾਬ ਭਾਜਪਾ ਨੇਤਾ ਕੇਵਲ ਸਿੰਘ ਢਿੱਲੋਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਸੰਗਰੂਰ ਵਿੱਚ ਅੰਤਰਰਾਸ਼ਟਰੀ ਏਅਰਪੋਰਟ ਦੀ ਮੰਗ ਸਬੰਧੀ ਪੱਤਰ ਲਿਖਿਆ ਗਿਆ ਸੀ। ਜਿਸਦਾ ਬਾਕਾਇਦਾ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਵਲੋਂ ਹਾਂਪੱਖੀ ਜਵਾਬ ਦਿੱਤਾ ਗਿਆ ਹੈ। ਜਿਹਨੂੰ ਅੱਜ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਦੀ ਸੋਚ ਅਨੁਸਾਰ ਇਸ ਏਰੀਏ ਵਿੱਚ ਏਅਰਪੋਰਟ ਬਨਣ ਨਾਲ ਵੱਡਾ ਵਿਕਾਸ ਤੇ ਤਰੱਕੀ ਹੋਵੇਗੀ।
ਇਸ ਮੌਕੇ ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ ਬੀਜੇਪੀ, ਸੀਨੀਅਰ ਨੇਤਾ ਕੇਡੀ ਭੰਡਾਰੀ, ਸੁਖਵੰਤ ਸਿੰਘ ਧਨੌਲਾ, ਹਰਜੀਤ ਸਿੰਘ ਗਰੇਵਾਲ, ਧੀਰਜ ਦੱਧਾਹੂਰ, ਯਾਦਵਿੰਦਰ ਸ਼ੰਟੀ ਜ਼ਿਲਾ ਪ੍ਰਧਾਨ, ਕਰਨਇੰਦਰ ਸਿੰਘ ਢਿੱਲੋਂ, ਗੁਰਜਿੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।