ਚੰਡੀਗੜ੍ਹ: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈਕੇ ਵਿਰੋਧੀ ਧਿਰਾਂ ਮਾਨ ਸਰਕਾਰ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡ ਰਹੀਆਂ। ਖਾਲਿਸਤਾਨੀ ਆਗੂ ‘ਤੇ ਕੇਸ ਦਰਜ ਕਰਨ ਦੇ ਨਾਲ-ਨਾਲ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਉਤੇ ਦਬਾਅ ਬਣਾ ਰਹੀਆਂ ਹਨ। ਇੱਥੋਂ ਤੱਕ ਕਿ ਏਆਈਟੀਐਫ ਦੇ ਕੌਮੀ ਪ੍ਰਧਾਨ ਵੀਨੇਸ਼ ਸ਼ਾਂਡਲਿਆ ਨੇ ਤਾਂ ਮੁੱਖ ਮੰਤਰੀ ਨੂੰ ਪੱਤਰ ਲਿਖਣ ਦੇ ਨਾਲ-ਨਾਲ ਪੰਜਾਬ ਦੇ ਡੀਜੀਪੀ ਤੋਂ ਵਾਰਿਸ ਪੰਜਾਬ ਦੇ ਮੁਖੀ ਨੂੰ ਦੋ ਦਿਨਾਂ ਵਿੱਚ ਗ੍ਰਿਫਤਾਰ ਕਰਨ ਦਾ ਅਲਟੀਮੇਟਮ ਦਿੱਤਾ ਹੈ।
ਪੰਜਾਬ 'ਚ ਅਮਨ-ਸ਼ਾਂਤੀ ਦੀ ਸਥਿਤੀ 'ਤੇ ਮੁੱਖ ਮੰਤਰੀ ਨੇ ਕਿਹਾ ਸੀ ਮੈਨੂੰ ਪਲ-ਪਲ ਦੀ ਜਾਣਕਾਰੀ ਹੈ..
ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਅਮਨ ਸ਼ਾਂਤੀ ਉਤੇ ਘੇਰੇ ਜਾਣ ਉਤੇ ਮੁੱਖ ਮੰਤਰੀ ਵੀ ਵਿਰੋਧੀਆਂ ਨੂੰ ਤਕੜਾ ਜਵਾਬ ਦਿੰਦੇ ਆ ਰਹੇ ਹਨ। ਉਨ੍ਹਾਂ ਅੱਜ ਇਸ ਸਬੰਧੀ ਇੱਕ ਟਵਿਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਪਲ-ਪਲ ਦੀ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਉਹ ਸੂਬੇ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ 'ਤੇ ਸਖ਼ਤ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸੂਬਾ ਸਰਕਾਰ ਵਿਰੁੱਧ ਕੋਈ ਮੁੱਦਾ ਨਾ ਹੋਣ ਕਰਕੇ ਇਹ ਸਿਆਸੀ ਪਾਰਟੀਆਂ ਨੀਵੇਂ ਪੱਧਰ ਉੱਤੇ ਆ ਕੇ ਘਟੀਆ ਹਥਕੰਡੇ ਅਪਣਾ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਸਿਆਸੀ ਲਾਹਾ ਖੱਟਣ ਲਈ ਵਿਰੋਧੀ ਧਿਰਾਂ ਫਿਰਕਾਪ੍ਰਸਤੀ ਨੂੰ ਤੂਲ ਦੇ ਕੇ ਅੱਗ ਨਾਲ ਖੇਡ ਰਹੀਆਂ ਹਨ।
ਕੈਬਨਿਟ ਮੰਤਰੀ ਅਰੋੜਾ ਨੇ ਵੀ ਕੀਤੀ ਸੀ ਮੁੱਖ ਮੰਤਰੀ ਦੇ ਬਿਆਨ ਦੀ ਪ੍ਰੋੜਤਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਕਿਹਾ ਹੈ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਖੁਦ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਛੇਤੀ ਹੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਅਮਨ ਅਰੋੜਾ ਨੇ ਕਿਹਾ ਕਿ ਖਾਲਿਸਤਾਨ ਦੀ ਗੱਲ ਪਿਛਲੇ 40 ਸਾਲ ਤੋਂ ਚਲ ਰਹੀ ਹੈ। ਪਰ ਨਾ ਤਾ ਖਾਲਿਸਤਾਨ ਪਹਿਲਾਂ ਬਣਿਆ ਅਤੇ ਨਾ ਹੀ ਅੱਗੇ ਬਣੇਗਾ। ਉਨ੍ਹਾਂ ਕਿਹਾ ਕਿ ਕੁਝ ਲੋਕ ਖਾਲਿਸਤਾਨ ਬਣਾਉਣ ਦੇ ਦਿਨੇ ਸੁਪਨੇ ਲੈ ਰਹੇ ਹਨ, ਉਨ੍ਹਾਂ ਨੂੰ ਸੁਪਨੇ ਲੈਣ ਦਿਉ, ਕੁਝ ਲੋਕਾਂ ਦੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ।
ਮੁੱਖ ਮੰਤਰੀ ਸ਼ੇਖੀਆਂ ਮਾਰਨ ਨਾਲੋਂ ਕਾਰਵਾਈ ਵੱਲ ਧਿਆਨ ਦੇਵੇ: ਸੁਖਬੀਰ
ਮੁੱਖ ਮੰਤਰੀ ਦੇ ਇਸ ਟਵਿੱਟ ਨੂੰ ਹਾਲੇ ਕੁਝ ਸਮਾਂ ਹੀ ਹੋਇਆ ਸੀ ਕਿ ਅਕਾਲੀ ਦਲ ਅਤੇ ਬੀਜੇਪੀ ਨੇ ਸੀਐਮ ਮਾਨ ਨੂੰ ਉਨ੍ਹਾਂ ਦੇ ਇਸ ਬਿਆਨ ਉਤੇ ਵੀ ਘੇਰ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੰਜ ਕਸਦਿਆਂ ਕਿਹਾ, ‘ਦੁੱਖ ਤਾਂ ਇਹੋ ਹੈ ਕਿ ਮੁੱਖ ਮੰਤਰੀ ਨੂੰ ਸਭ ਪਤਾ ਹੁੰਦਿਆਂ ਵੀ ਉਹ ਆਪ ਸੂਬੇ ਨੂੰ ਅੱਗ ਵਿੱਚ ਝੋਕ ਰਿਹਾ ਹੈ। ਇਹ ਸ਼ੇਖੀਆਂ ਮਾਰਨ ਨਾਲੋਂ ਜੋ ਬਣਦੀ ਕਾਰਵਾਈ ਹੈ ਉਹ ਕਰੋ ਕਿਉਂਕਿ ਸਭ ਕੁੱਝ ਅੱਖੀਂ ਵੇਖਣ ਤੋਂ ਬਾਅਦ ਪੰਜਾਬੀਆਂ ਨੂੰ ਹੁਣ ਦਿੱਲੀ ਤੋਂ ਰਿਮੋਟ ਨਾਲ ਚਲਦੀ ਸਰਕਾਰ 'ਤੇ ਭਰੋਸਾ ਨਹੀਂ ਰਿਹਾ।’
ਭਾਜਪਾ ਨੇ ਕਿਹਾ; ਤਾਂ ਫ਼ਿਰ ਅਜਨਾਲਾ ਥਾਣੇ ਦੇ ਕਬਜ਼ੇ ਦੀ ਵੀ ਜਾਣਕਾਰੀ ਹੋਵੇਗੀ?
ਦੂਜੇ ਪਾਸੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵਿੱਟ ਕੀਤਾ। ਉਨ੍ਹਾਂ ਕਿਹਾ ਕਿ BhagwantMann ਜੀ ਪੰਜਾਬ 'ਚ ਸਰਕਾਰ ਤੁਹਾਡੀ ਹੈ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਇਸ ਕਰਕੇ ਜਵਾਬਦੇਹੀ ਤੁਹਾਡੀ ਬਣਦੀ ਹੈ। ਦੱਸੋ ਕਦੋਂ ਤੱਕ ਪੰਜਾਬ 'ਚ ਕਤਲ ਹੁੰਦੇ ਰਹਿਣਗੇ ,ਕਦੋਂ ਤੱਕ ਨਸ਼ਿਆਂ ਦੇ ਕਾਰਨ ਮਾਵਾਂ ਦੇ ਪੁੱਤ ਮਰਦੇ ਰਹਿਣਗੇ। ਜੇਕਰ ਪਲ ਪਲ ਦੀ ਖ਼ਬਰ ਹੈ ਤੁਹਾਨੂੰ ਤਾਂ ਫ਼ਿਰ ਅਜਨਾਲਾ ਦੇ ਥਾਣੇ ਦੇ ਕਬਜ਼ੇ ਦੀ ਵੀ ਖ਼ਬਰ ਹੋਏਗੀ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Ashwani Sharma, Bhagwant Mann, Punjab BJP, Shiromani Akali Dal, Sukhbir Badal