Harjot Singh Bains Interview on News18: ਪੰਜਾਬ ਵਿੱਚ ਸਿੱਖਿਆ ਦੇ ਸੁਧਾਰ ਅਤੇ ਦਿੱਲੀ ਦੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਤਤਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਛੇਤੀ ਹੀ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਹ ਗੱਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਿਊਜ਼18 'ਤੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕਹੀ ਹੈ। ਇਸ ਦੌਰਾਨ ਉਨ੍ਹਾਂ ਸਿੱਖਿਆ ਨੂੰ ਲੈ ਕੇ ਕਈ ਮੁੱਦਿਆਂ 'ਤੇ ਗੱਲ ਕੀਤੀ, ਜਿਨ੍ਹਾਂ ਵਿੱਚ ਅਧਿਆਪਕਾਂ ਦੀ ਭਰਤੀ, ਕਿਸਾਨ ਅੰਦੋਲਨ ਨੂੰ ਕਿਤਾਬੀ ਵਿਸ਼ਾ ਬਣਾਉਣ ਅਤੇ ਹੋਰ ਸਿੱਖਿਆ ਸੁਧਾਰਾਂ ਬਾਰੇ ਗੱਲਬਾਤ ਕੀਤੀ।
'ਟ੍ਰੇਨਿੰਗ ਲਈ ਪ੍ਰਿੰਸੀਪਲਾਂ ਦੇ 2 ਗਰੁੱਪ ਫਰਵਰੀ 'ਚ ਜਾਣਗੇ ਸਿੰਗਾਪੁਰ'
ਨਿਊਜ਼18 'ਤੇ ਇੰਟਰਵਿਊ ਦੌਰਾਨ ਸਭ ਤੋਂ ਪਹਿਲਾਂ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ 'ਤੇ ਗੱਲਬਾਤ ਕੀਤੀ। ਬੈਂਸ ਨੇ ਕਿਹਾ ਕਿ ਪ੍ਰਿੰਸੀਪਲ ਸਕੂਲ ਦਾ ਧੁਰਾ ਹੁੰਦੇ ਹਨ, ਜਾਨ ਹੁੰਦੇ ਹਨ, ਇਸ ਲਈ ਪ੍ਰਿੰਸੀਪਲਾਂ ਨੂੰ ਪਹਿਲਾਂ ਟ੍ਰੇਨਿੰਗ ਦਿਵਾਈ ਜਾਵੇਗੀ, ਜਿਸ ਲਈ ਉਨ੍ਹਾਂ ਨੂੰ 2 ਬੈਚਾਂ ਰਾਹੀਂ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਜਿਥੋਂ ਉਹ ਦੁਨੀਆ ਦੀ ਸਭ ਤੋਂ ਵਧੀਆ ਸਿੱਖਿਆ ਲੈ ਕੇ ਪੰਜਾਬ ਆਉਣਗੇ। ਉਨ੍ਹਾਂ ਕਿਹਾ ਕਿ ਇਸ ਨੂੰ ਕੋਈ ਪ੍ਰਾਈਵੇਟ ਸਕੂਲ ਵੀ ਨਹੀਂ ਕਰ ਸਕਦਾ। ਇਸਤੋਂ ਇਲਾਵਾ ਉਨ੍ਹਾਂ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਕੈਨੇਡਾ ਵਿਖੇ ਟ੍ਰੇਨਿੰਗ ਲਈ ਭੇਜਣ ਬਾਰੇ ਵੀ ਕਿਹਾ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲਾਂ ਦੇ ਇਹ 2 ਗਰੁੱਪ ਫਰਵਰੀ ਵਿੱਚ 30-30 ਦੀ ਗਿਣਤੀ ਵਿੱਚ ਜਾਣਗੇ।
ਕਿਸਾਨ ਅੰਦੋਲਨ ਨੂੰ ਬਣਾਇਆ ਜਾਵੇਗਾ ਕਿਤਾਬੀ ਵਿਸ਼ਾ
ਕਿਸਾਨ ਅੰਦੋਲਨ ਨੂੰ ਪਾਠਕ੍ਰਮ ਵਿੱਚ ਸ਼ਾਮਲ ਕਰਨ 'ਤੇ ਬੈਂਸ ਨੇ ਕਿਹਾ ਕਿ ਲਾਜ਼ਮੀ ਤੌਰ 'ਤੇ ਇਹ ਪਾਠਕ੍ਰਮ ਦਾ ਹਿੱਸਾ ਬਣੇਗਾ, ਕਿਉਂਕਿ ਇਹ ਸਾਡਾ ਬਹੁਤ ਹੀ ਜ਼ਰੂਰੀ ਅੰਗ ਹੈ, ਜਿਸ ਨੂੰ ਅਕਾਦਮਿਕ ਕੌਂਸਲ ਹੀ ਸ਼ਾਮਲ ਕਰਨ ਬਾਰੇ ਫੈਸਲਾ ਲਵੇਗੀ ਕਿ ਕਿਹੜੀ ਜਮਾਤ ਵਿੱਚ ਹਿੱਸਾ ਬਣਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸਿੱਖ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵੀ ਦੇਸ਼ ਦੀਆਂ ਕਿਤਾਬਾਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।
'ਮੇਰੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਨਗੇ'
ਸਰਕਾਰੀ ਸਕੂਲ ਵਿੱਚ ਪੜ੍ਹਨ ਨੂੰ ਘਟੀਆ ਸਮਝੇ ਜਾਣ 'ਤੇ ਬੈਂਸ ਨੇ ਕਿਹਾ ਕਿ ਉਹ ਇਸ ਭਾਵਨਾ ਨੂੰ ਬਦਲਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਹਰ ਬੱਚੇ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹ ਇਥੇ ਪੜ੍ਹਦੇ ਹਨ। ਇਸੇ ਆਧਾਰ 'ਤੇ ਹੀ ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਦੇ ਆਧਾਰ ਉਪਰ ਪੀਟੀਐਮ ਮੁਹਿੰਮ ਚਲਾਈ ਹੈ। ਉਨ੍ਹਾਂ ਇਸ ਦੌਰਾਨ ਕਿਹਾ ਕਿ ਮੈਂ ਨਿਊਜ਼18 ਨਾਲ ਇਹ ਵਾਅਦਾ ਕਰਦਾ ਹਾਂ ਕਿ ਮੇਰੇ ਬੱਚੇ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪੜ੍ਹਨਗੇ। ਉਨ੍ਹਾਂ ਰਿਪੋਰਟਰ ਨੂੰ ਵੀ ਕਿਹਾ ਕਿ ਉਹ ਉਸਦੇ ਬੱਚਿਆਂ ਨੂੰ ਵੀ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।