ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਪੁਰੀ ਤਰ੍ਹਾਂ ਯਤਨਸ਼ੀਲ ਹੈ। ਇਸ ਦਿਸ਼ਾ ਵਿਚ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ. ਨਗਰ (ਮੁਹਾਲੀ) ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ 'ਤੇ ਤਕਰੀਬਨ 11.21 ਕਰੋੜ ਰੁਪਏ ਦਾ ਖਰਚਾ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਵਿਚ ਮੁਹਾਲੀ ਦੇ ਜੋਨ-1 ਅਤੇ 2 ਅਧੀਨ ਸਥਿਤ ਵੱਖ-ਵੱਖ ਟਾਇਲਟ ਬਲਾਕਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦਾ ਕੰਮ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਜੋਨ-3 ਅਤੇ 4 ਵਿਚ ਸਥਿਤ ਟਾਇਲਟ ਬਲਾਕਾਂ ਦੇ ਸੰਚਾਲਨ ਅਤੇ ਰੱਖ-ਰਖਾਅ ਦੇ ਕੰਮ ਵੀ ਕੀਤੇ ਜਾਣਗੇ।
ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੰਮਾਂ ਲਈ ਸ਼ੁਰੂ ਕਰ ਦਿੱਤੀ ਹੈ ਟੈਂਡਰ ਪ੍ਰਕਿਰਿਆ
ਇਸ ਤੋਂ ਇਲਾਵਾ ਮੁਹਾਲੀ ਦੇ ਜ਼ੋਨ-1 ਅਤੇ ਜੋਨ- 2 ਲਈ ਹੈਵੀ ਮਸ਼ੀਨ ਵਹੀਕਲ ਨਾਲ ਰੁੱਖਾਂ ਦੀ ਕਟਾਈ ਲਈ ਮੈਨ ਪਲੇਟਫਾਰਮ ਮੁਹੱਈਆ ਕਰਵਾਉਣ, ਸੈਕਟਰ-70 ਦੇ ਵਾਰਡ ਨੰਬਰ- 34 ਵਿਖੇ ਵੱਖ-ਵੱਖ ਥਾਵਾਂ ਤੇ ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਅਤੇ ਮੁਹਾਲੀ ਦੇ ਜੋਨ- 2 ਵਿਚ ਵੱਖ-ਵੱਖ ਵਾਰਡਾਂ ਵਿਖੇ ਪੈਚ ਵਰਕ/ਰਿਪੇਅਰ ਦਾ ਕੰਮ ਵੀ ਕੀਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਇਹਨਾਂ ਕੰਮਾਂ ਤੋਂ ਇਲਾਵਾ ਗੁਰੂ ਰਵਿਦਾਸ ਗਰਾਉਂਡ ਫੇਸ 7 ਵਿਖੇ ਅੰਬੇਡਕਰ ਲਾਇਬ੍ਰੇਰੀ ਦਾ ਨਿਰਮਾਣ ਕਰਨਾ ਅਤੇ ਐਸ.ਏ.ਐਸ.ਨਗਰ ਦੀ ਲਾਇਬ੍ਰੇਰੀ ਵਿੱਚ ਸਪਲਿਟ ਏਅਰ ਕੰਡੀਸ਼ਨਰਾਂ ਅਤੇ ਹੋਰ ਇਲੈਕਟ੍ਰੀਕਲ ਕੰਮਾਂ ਦੀ ਸਪਲਾਈ/ਇੰਸਟਾਲੇਸ਼ਨ ਆਦਿ ਕੰਮਾਂ ਨੂੰ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਮਿੰਨੀ ਸੁਪਰ ਚੂਸਣ ਮਸ਼ੀਨ ਅਤੇ ਸੀਵਰ ਜੈਟਿੰਗ ਮਸ਼ੀਨ ਦੇ ਸੰਚਾਲਨ ਅਤੇ ਰੱਖ-ਰਖਾਅ ਦਾ ਕੰਮ ਵੀ ਕੀਤਾ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਹਨਾਂ ਕੰਮਾਂ ਲਈ ਪੰਜਾਬ ਸਰਕਾਰ ਦੀ ਵੈਬਸਾਈਟ www.eproc.punjab.gov.in 'ਤੇ ਪਹਿਲਾਂ ਹੀ ਈ-ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਜੇਕਰ ਇਹਨਾਂ ਟੈਂਡਰਾਂ ਵਿਚ ਕੋਈ ਸੋਧ ਕੀਤੀ ਜਾਂਦੀ ਹੈ ਤਾਂ ਇਸਦਾ ਵੇਰਵਾ ਇਸੇ ਹੀ ਵੈਬਸਾਈਟ ਤੇ ਉਪਲਬਧ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Inderbir Singh Nijjar, Punjab government