ਖੰਨਾ: ਬਹੁਜਨ ਸਮਾਜ ਪਾਰਟੀ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਅਤੇ ਸਾਹਿਬ ਕਾਂਸੀ ਰਾਮ ਜੀ ਦੇ ਪ੍ਰੀਨਿਰਵਾਣ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ ਖੰਨਾ ਸ਼ਹਿਰ ਦੀ ਮੁੱਖ ਮਾਰਕੀਟ ਵਿਚ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੇਂਦਰੀ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ਉਤੇ ਪਹੁੰਚੇ। ਸਮਾਗਮ ਨੂੰ ਸੰਬੋਧਨ ਕਰਦਿਆਂ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿਚੋਂ ਹਾਥੀ ਨੂੰ ਜਿਤਾਕੇ ਪਾਰਲੀਮੈਂਟ ਭੇਜਣਾ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਦੀ ਰਾਖੀ ਲਈ ਬਸਪਾ ਸੜਕਾਂ ਅਤੇ ਸਦਨ ਦੀ ਲੜਾਈ ਲੜਦੀ ਰਹੇਗੀ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੁਝ ਧਿਰਾਂ ਵੱਲੋਂ ਦਿਨੋਂ ਦਿਨ ਡਾ. ਭੀਮ ਰਾਓ ਅੰਬੇਦਕਰ ਸਾਹਿਬ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਉਤੇ ਹਮਲੇ ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ ਉਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਸਪਾ ਨੂੰ ਮਜ਼ਬੂਤ ਕਰਨ ਲਈ ਮੈਂਬਰਸ਼ਿੱਪ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿੱਚ ਵਰਕਰ ਅਤੇ ਆਗੂ ਵੱਡੀ ਪੱਧਰ ਉਤੇ ਲੱਗੇ ਹੋਏ ਹਨ। ਇਹ ਮੁਹਿੰਮ 15 ਅਕਤੂਬਰ ਤੱਕ ਸੂਬੇ ਦੇ ਹਰ ਪਿੰਡ, ਹਰ ਸ਼ਹਿਰ ਤੇ ਕਸਬੇ ਵਿੱਚ ਚਲਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਲਈ ਲੜਨ ਦੇ ਮਕਸਦ ਨਾਲ ਹੀ ਭੈਣ ਮਾਇਆਵਤੀ ਦੇ ਆਦੇਸ਼ਾਂ ਉਤੇ ਪੰਜਾਬ ਵਿੱਚ 2022 ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕੀਤਾ ਗਿਆ, ਜਿਸ ਤਹਿਤ ਇਕ ਵਿਧਾਇਕ ਨੂੰ ਜਿਤਾਕੇ ਵਿਧਾਨ ਸਭਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਹਰ ਤਰ੍ਹਾਂ ਦੀ ਜੋੜ ਤੋੜ ਕਰੇਗੀ ਤਾਂ ਜੋ ਕਿ ਲੋਕਾਂ ਦੇ ਹੱਕਾਂ ਲਈ ਰਾਖੀ ਕੀਤੀ ਜਾ ਸਕੇ।
ਇਸ ਮੌਕੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸੱਤਾ ਵਿੱਚ ‘ਆਪ’ ਸਰਕਾਰ ਆਉਣ ਤੋਂ ਬਾਅਦ ਸੂਬੇ ਵਿਚ ਲਾਅ ਐਂਡ ਆਰਡਰ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪਹਿਲਾਂ ਸੁਰੱਖਿਆ ਨਾਲ ਜੁੜੇ ਅਹਿਮ ਕਾਗਜ਼ ਜਨਤਕ ਕੀਤੇ ਜਿਸ ਕਾਰਨ ਹੋਣਹਾਰ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲੇ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਦਿਨੋਂ ਦਿਨ ਗੈਂਗਸਟਰਾਂ ਦੇ ਹੌਸਲੇ ਵੱਧ ਰਹੇ ਹਨ, ਲੋਕਾਂ ਤੋਂ ਫਰੌਤੀਆਂ ਮੰਗੀਆਂ ਜਾ ਰਹੇ ਹਨ, ਪੰਜਾਬੀ ਡਰ ਹੇਠ ਜੀ ਰਹੇ ਹਨ।
ਇਸ ਮੌਕੇ ਵਿਧਾਇਕ ਡਾ. ਨਛਤਰਪਾਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਜਾਤੀਵਾਦ ਤੋਂ ਉਪਰ ਉਠਕੇ ਵਿਧਾਨ ਸਭਾ ਵਿੱਚ ਹਰ ਵਰਗ ਦੇ ਮਸਲੇ ਚੁੱਕਦੀ ਆ ਰਹੀ ਹੈ ਅਤੇ ਅੱਗੇ ਤੋਂ ਵੀ ਜੋਰ ਨਾਲ ਚੁੱਕੇ ਜਾਣਗੇ। ਸਟੇਜ ਦੀ ਕਾਰਵਾਈ ਅਜੀਤ ਸਿੰਘ ਭੈਣੀ ਵੱਲੋਂ ਚਲਾਈ ਗਈ। ਇਸ ਸਮਾਗਮ ਦੇ ਲਈ ਪਾਰਟੀ ਵਰਕਰਾਂ ਵੱਲੋਂ ਪੂਰਾ ਖੰਨਾ ਸ਼ਹਿਰ ਨੂੰ ਨੀਲੇ ਰੰਗਾਂ ਅਤੇ ਪਾਰਟੀ ਚੋਣ ਨਿਸ਼ਾਨ ਹੱਥੀਂ ਨਾਲ ਰੰਗਿਆ ਹੋਇਆ ਸੀ। ਸਮਾਗਮ ਨੂੰ ਲੈ ਕੇ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bsp, Punjab politics, Shiromani Akali Dal