
ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਨੇ ਪੰਜਾਬ ਦੇ ਓਲੰਪਿਕ ਖਿਡਾਰੀ ਸਨਮਾਨੇ, ਤਮਗਾ ਜੇਤੂਆਂ ਨੂੰ ਨੌਕਰੀਆਂ ਲਈ ਰੂਪਰੇਖਾ ਉਲੀਕਣ ਦਾ ਐਲਾਨ
ਕਰਨ ਵਰਮਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਮੈਡਲ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦ ਹੀ ਰੂਪ ਰੇਖਾ ਤਿਆਰ ਕਰੇਗੀ। ਉਨ੍ਹਾਂ ਮੁੱਖ ਸਕੱਤਰ ਨੂੰ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਇਸ ਮਾਮਲੇ ਨੂੰ ਤਰਜੀਹ ਦੇ ਆਧਾਰ 'ਤੇ ਵਿਚਾਰਨ ਲਈ ਕਿਹਾ। ਟੋਕੀਓ ਓਲੰਪਿਕ -2020 ਵਿੱਚ 41 ਸਾਲਾਂ ਦੇ ਅੰਤਰਾਲ ਤੋਂ ਬਾਅਦ ਕਾਂਸੀ ਦਾ ਤਗਮਾ ਜਿੱਤਣ ਵਿੱਚ ਪੁਰਸ਼ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।
ਦੇਰ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਰੱਖੇ ਸਮਾਗਮ ਦੌਰਾਨ ਓਲੰਪਿਕ ਤਗਮਾ ਜੇਤੂਆਂ ਅਤੇ ਟੋਕੀਓ ਓਲੰਪਿਕ-2020 ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ, ਜਿਨ੍ਹਾਂ ਨੇ ਦੇਸ਼ ਖਾਸ ਕਰਕੇ ਸੂਬੇ ਦਾ ਨਾਂਅ ਰੌਸ਼ਨ ਕਰਕੇ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ, ਨੂੰ 28.36 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਖੇਡ ਇਤਿਹਾਸ ਵਿੱਚ ਮੁੜ ਇਤਿਹਾਸ ਸਿਰਜਿਆ ਹੈ।
ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਨਕਦ ਇਨਾਮੀ ਰਾਸ਼ੀ ਨੂੰ ਓਲੰਪਿਕ ਤਮਗਾ ਜੇਤੂਆਂ ਅਤੇ ਹਿੱਸਾ ਲੈਣ ਵਾਲਿਆਂ ਦੇ ਖਾਤਿਆਂ ਵਿੱਚ ਆਨਲਾਈਨ ਟਰਾਂਸਫਰ ਕੀਤਾ। ਸਤਿਕਾਰ ਅਤੇ ਸ਼ੁਕਰਾਨੇ ਦੇ ਪ੍ਰਤੀਕ ਵਜੋਂ ਮਹਿਲਾ ਹਾਕੀ ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਆਪਣੇ ਸਮੁੱਚ ਟੀਮ ਮੈਂਬਰਾਂ ਦੇ ਦਸਤਖਤਾਂ ਵਾਲੀ ਹਾਕੀ ਭੇਟ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਪੁਰਸ਼ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਤੋਂ ਐਸ.ਪੀ. ਵਜੋਂ ਤਰੱਕੀ ਦਿੱਤੀ।
ਮਹਿਲਾ ਹਾਕੀ ਅਕੈਡਮੀ ਸਥਾਪਤ ਕਰਨ ਦਾ ਐਲਾਨ
ਇਸਤੋਂ ਇਲਾਵਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਸੁਰਜੀਤ ਹਾਕੀ ਅਕੈਡਮੀ ਦੀਆਂ ਲੀਹਾਂ ਉੱਤੇ ਮਹਿਲਾ ਹਾਕੀ ਅਕੈਡਮੀ ਸਥਾਪਤ ਕਰੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੁਰਸ਼ ਹਾਕੀ ਵਿੱਚ ਇਤਿਹਾਸਕ ਜਿੱਤ ਅਤੇ ਮਹਿਲਾ ਹਾਕੀ ਟੀਮ ਅਤੇ ਅਥਲੀਟ ਕਮਲਪ੍ਰੀਤ ਕੌਰ ਵੱਲੋਂ ਦਿਖਾਈ ਗਈ ਸ਼ਾਨਦਾਰ ਕਾਰਗੁਜ਼ਾਰੀ ਅਤੇ ਖੇਡ ਭਾਵਨਾ ਹਮੇਸ਼ਾ ਉਭਰਦੇ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਮਾਣ-ਸਨਮਾਨ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਮੁੱਕੇਬਾਜ਼ੀ, ਨਿਸ਼ਾਨੇਬਾਜ਼ੀ ਅਤੇ ਐਥਲੈਟਿਕਸ ਵਿੱਚ ਪੰਜਾਬ ਦੇ ਖਿਡਾਰੀਆਂ ਦੀ ਸ਼ਮੂਲੀਅਤ ਦੀ ਵੀ ਸ਼ਲਾਘਾ ਕੀਤੀ।
ਰਾਜਪਾਲ ਵੱਲੋਂ ਖਿਡਾਰੀਆਂ ਨੂੰ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਦੀ ਪੇਸ਼ਕਸ਼
ਆਪਣੇ ਸੰਬੋਧਨ ਵਿੱਚ ਪੰਜਾਬ ਦੇ ਰਾਜਪਾਲ ਨੇ ਇਨ੍ਹਾਂ ਖਿਡਾਰੀਆਂ ਦੀ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਇਛੁੱਕ ਖਿਡਾਰੀਆਂ ਨੂੰ ਚੰਡੀਗੜ੍ਹ ਪੁਲਿਸ ਵਿੱਚ ਭਰਤੀ ਹੋਣ ਦੀ ਪੇਸ਼ਕਸ਼ ਵੀ ਕੀਤੀ। ਉਨ੍ਹਾਂ ਨੇ ਓਲੰਪਿਕ ਵਿੱਚ ਪੰਜਾਬ ਦੇ ਖਿਡਾਰੀਆਂ ਦੇ ਮਿਸਾਲੀ ਯੋਗਦਾਨ ਦਾ ਜਿਕਰ ਕਰਦਿਆਂ ਕਿਹਾ ਕਿ ਮਿੱਠਾਪੁਰ ਅਤੇ ਸੰਸਾਰਪੁਰ ਨੂੰ ਹਾਕੀ ਦੇ ਉੱਭਰਦੇ ਖਿਡਾਰੀਆਂ ਦੀਆਂ ਨਰਸਰੀਆਂ ਮੰਨਿਆ ਜਾਂਦਾ ਰਿਹਾ, ਜਿਨ੍ਹਾਂ ਨੇ ਕੌਮਾਂਤਰੀ ਖੇਡਾਂ ਵਿਚ ਦੇਸ਼ ਦਾ ਨਾਮ ਰੌਸ਼ਨ ਕੀਤਾ।
ਦਸਣਾ ਬਣਦਾ ਹੈ ਕਿ ਪੰਜਾਬੀ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਇਸ ਵਾਰ ਨਕਦ ਪੁਰਸਕਾਰਾਂ ਦੀ ਰਾਸ਼ੀ ਵਧਾ ਕੇ ਦੇਣ ਦਾ ਫੈਸਲਾ ਕੀਤਾ। ਇਸ ਮੌਕੇ ਕਾਂਸੀ ਤਮਗਾ ਜੇਤੂ 10 ਪੁਰਸ਼ ਹਾਕੀ ਖਿਡਾਰੀਆਂ ਨੂੰ 2.51-2.51 ਕਰੋੜ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ, ਭਾਰਤੀ ਪੁਰਸ਼ ਹਾਕੀ ਖਿਡਾਰੀ (ਭਾਗੀਦਾਰ) ਅਤੇ ਇਕ ਫਾਈਨਲਿਸਟ ਅਥਲੀਟ ਨੂੰ 50-50 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਛੇ ਖਿਡਾਰੀਆਂ ਨੂੰ 21-21 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।
ਸੂਬੇ ਦੇ 20 ਖਿਡਾਰੀਆਂ ਨੇ ਲਿਆ ਸੀ ਓਲੰਪਿਕ ਵਿੱਚ ਹਿੱਸਾ
ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕਸ ਵਿੱਚ ਪੰਜਾਬ ਦੇ 20 ਖਿਡਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕਾਂਸੀ ਦਾ ਤਮਗਾ ਜੇਤੂ ਪੁਰਸ਼ ਹਾਕੀ ਟੀਮ ਦੇ 11 ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਕ੍ਰਿਸ਼ਨ ਪਾਠਕ, ਵਰੁਣ ਕੁਮਾਰ ਅਤੇ ਸਿਮਰਨਜੀਤ ਸਿੰਘ, 3 ਅਥਲੈਟਿਕਸ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ), ਕਮਲਪ੍ਰੀਤ ਕੌਰ (ਡਿਸਕਸ ਥਰੋਅਰ) ਅਤੇ ਗੁਰਪ੍ਰੀਤ ਸਿੰਘ (50 ਕਿਲੋਮੀਟਰ ਵਾਕਰ), ਸੈਮੀਫਾਈਨਲ ਵਿੱਚ ਪਹੁੰਚੀ ਅਤੇ ਚੌਥੇ ਸਥਾਨ 'ਤੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ ਗੁਰਜੀਤ ਕੌਰ, ਰੀਨਾ ਖੋਖਰ ਅਤੇ ਨਿਸ਼ਾਨੇਬਾਜ਼ ਅੰਜੁਮ ਮੌਦਗਿੱਲ ਅਤੇ ਅੰਗਦਵੀਰ ਸਿੰਘ, ਮੁੱਕੇਬਾਜ਼ ਸਿਮਰਨਜੀਤ ਕੌਰ ਅਤੇ ਪੈਰਾਲਿੰਪਿਕਸ ਵਿੱਚ ਹਿੱਸਾ ਲੈਣ ਜਾ ਰਹੀ ਬੈਡਮਿੰਟਨ ਖਿਡਾਰੀ ਪਲਕ ਕੋਹਲੀ ਸ਼ਾਮਲ ਹਨ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।