ਚੰਡੀਗੜ੍ਹ: ਸੈਕਟਰ 37 ਵਿੱਚ ਚਲਾਨ ਕੱਟਣ ਲਈ ਪੁੱਜੀ ਐਸਡੀਐਮ ਦੱਖਣੀ ਡਵੀਜ਼ਨ ਦੀ ਟੀਮ ਦੇ ਅਧਿਕਾਰੀਆਂ ਡਿਊਟੀ 'ਚ ਵਿਘਨ ਪਾਉਣ ਅਤੇ ਡਿਊਟੀ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਸੁਰਖੀਆਂ ਵਿੱਚ ਰਹਿਣ ਵਾਲੇ ਕਰਮਵੀਰ ਉਰਫ਼ ਕਰਮੂ ਅਤੇ ਡਾ. ਦੇਵੇਂਦਰ ਬਲਹਾਰਾ ਨੂੰ ਗ਼ੈਰ-ਜ਼ਮਾਨਤੀ ਧਾਰਾ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਉਧਰ, ਦੇਰ ਰਾਤ ਥਾਣੇ ਦੇ ਬਾਹਰ ਕਰਮਵੀਰ ਦੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਇੱਕਠੇ ਹੋ ਕੇ ਹੰਗਾਮਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੱਤਰਕਾਰ ਸੋਸ਼ਲ ਮੀਡੀਆ 'ਤੇ ਅਕਸਰ ਚਰਚਾ ਵਿੱਚ ਰਹਿੰਦਾ ਹੈ।
ਪੁਲਿਸ ਅਨੁਸਾਰ ਐਸਡੀਐਮ ਦਫ਼ਤਰ ਵਿਵੇਕ ਨਰੂਲਾ ਨੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਟੀਮ ਸੈਕਟਰ 37 ਵਿੱਚ ਚਲਾਨ ਕੱਟਣ ਗਈ ਸੀ। ਇਸ ਦੌਰਾਨ ਕਰਮਵੀਰ ਅਤੇ ਡਾ. ਦੇਵੇਂਦਰ ਬਲਹਾਰਾ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਐਸਡੀਐਮ ਦਫ਼ਤਰ ਦੀ ਟੀਮ ਨੇ ਉਨ੍ਹਾਂ ਨੂੰ ਮਾਸਕ ਪਹਿਨਣ ਲਈ ਕਿਹਾ। ਪਰ ਉਨ੍ਹ ਨੇ ਮਾਸਕ ਪਹਿਨਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪੁਲਿਸ ਅਨੁਸਾਰ ਦੋਵਾਂ ਨੇ ਐਸਡੀਐਮ ਦਫ਼ਤਰ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵਿੱਚ ਵਿਘਨ ਪਾਇਆ, ਜਿਸ ਤੋਂ ਬਾਅਦ ਐਸਡੀਐਮ ਦਫ਼ਤਰ ਵਿੱਚ ਤਾਇਨਾਤ ਵਿਵੇਕ ਨਰੂਲਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਹਾਈਕੋਰਟ ਦੇ ਵਕੀਲਾਂ ਸੁਰਿੰਦਰ ਗੌੜ ਅਤੇ ਗੰਗਾ ਸਿੰਘ ਗੋਪੇਰਾ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਨੇ ਗੈਰ-ਜ਼ਮਾਨਤੀ ਧਾਰਾ ਲਗਾ ਕੇ ਪੱਤਰਕਾਰ ਅਤੇ ਡਾਕਟਰ ਨੂੰ ਨਿਸ਼ਾਨਾ ਬਣਾਇਆ ਹੈ। ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਡਿਊਟੀ ਵਿੱਚ ਕੋਈ ਵਿਘਨ ਨਹੀਂ ਪਾਇਆ। ਪੁਲਿਸ ਵੱਲੋਂ IPS ਦੀ ਧਾਰਾ 353 ਲਗਾਈ ਗਈ ਹੈ ਜੋ ਬਿਲਕੁਲ ਗਲਤ ਹੈ। ਇਹ ਧਾਰਾ ਬਿਲਕੁਲ ਨਹੀਂ ਬਣੀ ਸੀ। ਅਸੀਂ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਵਾਂਗੇ।
ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਜੁਲਦਨ ਸਿੰਘ ਨੇ ਦੱਸਿਆ ਕਿ ਨਿਰਧਾਰਤ ਕੀਤੇ ਗਏ ਅਧਿਕਾਰੀਆਂ ਵੱਲੋਂ ਸੈਕਟਰ 37 ਵਿੱਚ ਕਿਸੇ ਹਦਾਇਤ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਸਨ, ਜਿਸ ਚਲਦਿਆਂ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਗਿਆ ਅਤੇ ਉਨ੍ਹਾਂ ਅਧਿਕਾਰੀਆਂ ਦੀ ਸ਼ਿਕਾਇਤ 'ਤੇ 2 ਲੋਕਾਂ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh