ਚੰਡੀਗੜ੍ਹ: Municipal Elections 2021: ਚੰਡੀਗੜ੍ਹ ਨਗਰ ਨਿਗਮ ਦੀਆਂ 2021 ਚੋਣਾਂ (Chandigarh Municipal Corporation Elections) ਨੂੰ ਲੈ ਕੇ ਚੋਣ ਕਮਿਸ਼ਨ (Election Commission) ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਵਾਰ ਚੋਣ ਕਮਿਸ਼ਨ, ਕੋਰੋਨਾ ਨੇਮਾਂ ਕਰਕੇ ਕਾਫੀ ਸਖਤੀ ਵਰਤ ਰਿਹਾ ਹੈ। ਵੋਟ ਪਾਉਣ ਸਮੇਂ ਵੋਟਰਾਂ ਨੂੰ ਮਾਸਕ ਅਤੇ ਦਸਤਾਨੇ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਗਈ ਹੈ। ਚੋਣਾਂ ਦੌਰਾਨ ਮਾਸਕ ਅਤੇ ਦਸਤਾਨਾ ਵੀ ਚੋਣ ਕਮਿਸ਼ਨ ਵੱਲੋਂ ਹੀ ਮੁਹੱਈਆ ਕਰਵਾਇਆ ਜਾਵੇਗਾ। ਦੂਜੇ ਪਾਸੇ ਚੋਣਾਂ ਨੂੰ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪੁਲਿਸ ਨੇ 3700 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਇਸਤੋਂ ਇਲਾਵਾ ਅਰਧ ਸੈਨਿਕ ਬੱਲਾਂ ਦੀਆਂ 9 ਟੁਕੜੀਆਂ ਸੱਦੀਆਂ ਗਈਆਂ ਹਨ, ਜਿਨ੍ਹਾਂ ਦੀ ਦੇਖ-ਰੇਖ ਹੇਠ ਚੋਣਾਂ ਅਤੇ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ।
ਸੂਬਾ ਚੋਣ ਕਮਿਸ਼ਨ ਦੇ ਓਐੱਸਡੀ ਕੇ. ਭੰਡਾਰੀ ਨੇ ਦੱਸਿਆ ਕਿ 24 ਦਸੰਬਰ ਨੂੰ ਵੋਟਿੰਗ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ ਅੰਦਰ ਸਮਾਜਿਕ ਦੁੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਸਲਿਪ ਦੇ ਪਿੱਛੇ ਵੀ ਸਾਰੇ ਨਿਰਦੇਸ਼ ਦਰਸਾਏ ਗਏ ਹਨ ਜਿਸ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 35 ਵਾਰਡਾਂ ਦੇ ਬੀਐੱਲਓ ਰਾਹੀਂ ਸਾਰੇ ਵੋਟਰਾਂ ਤੱਕ ਵੋਟਿੰਗ ਸਲਿੱਪ ਪਹੁੰਚਾ ਦਿੱਤਾ ਹੈ ਜਿਸ ਨਾਲ ਵੋਟਰ ਸਿੱਧਾ ਆਪਣੇ ਵੋਟ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੇਰਲ, ਗੋਆ ਅਤੇ ਤੇਲੰਗਾਨਾ ਸਣੇ 4 ਥਾਵਾਂ ਤੋਂ ਵਿਸ਼ੇਸ਼ ਅਬਜ਼ਰਵਰ ਸੱਦੇ ਗਏ ਹਨ। ਜਿਨ੍ਹਾਂ ਦੀ ਦੇਖ-ਰੇਖ ਹੇਠ ਵੋਟਿੰਗ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਪਾਹਿਜ ਵੋਟਰਾਂ ਨੂੰ ਘਰ ਤੋਂ ਪੋਲਿੰਗ ਸਟੇਸ਼ਨ ਤੱਕ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਪੁਲਿਸ ਵੱਲੋਂ ਸ਼ਹਿਰ ਦੇ 35 ਵਾਰਡਾਂ ਦਾ ਸਮੇਂ-ਸਮੇਂ ’ਤੇ ਸਰਵੇਖਣ ਕੀਤਾ ਜਾ ਰਿਹਾ ਹੈ ਜਿਨ੍ਹਾਂ ਵੱਲੋਂ 212 ਪੋਲਿੰਗ ਸਟੇਸ਼ਨਾਂ ਵਿੱਚੋਂ 52 ਅਤੇ 694 ਪੋਲਿੰਗ ਬੂਥਾਂ ਵਿੱਚੋਂ 220 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਚੋਣਾਂ ਵਿੱਚ 3700 ਤੋਂ ਵੱਧ ਪੁਲੀਸ ਕਰਮੀ ਤਾਇਨਾਤ ਕੀਤੇ ਹਨ ਜਿਸ ਵਿੱਚ 16 ਡੀਐੱਸਪੀ, 54 ਇੰਸਪੈਕਟਰ, 515 ਐੱਨਜੀਓ, 2323 ਓਆਰਸ, 800 ਹੋਮਗਾਰਡ ਦੇ ਜਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਸੰਵੇਦਨਸ਼ੀਲ ਬੂਥਾਂ ’ਤੇ ਅਰਧ ਸੈਨਿਕ ਬੱਲਾਂ ਨੂੰ ਤਾਇਨਾਤ ਕੀਤਾ ਹੈ।
ਜਾਣੋ ਕਿੰਨੇ ਵਾਰਡ ਅਤੇ ਵੋਟਰ
ਚੰਡੀਗੜ੍ਹ ਨਗਰ ਨਿਗਮ ਲਈ ਕੁੱਲ 35 ਵਾਰਡ ਹਨ, ਜਿਸ ਦੇ ਕੁੱਲ 6,33,475 ਵੋਟਰ ਭਲਕੇ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿਚੋਂ ਮਰਦ ਵੋਟਰ 3,32,180 ਹਨ, ਜਦਕਿ ਔਰਤਾਂ ਵੋਟਰ 3,01,275 ਹਨ ਅਤੇ 20 ਹੋਰ ਹਨ। ਚੰਡੀਗੜ੍ਹ ਦੇ ਵਾਰਡਾਂ ਵਿੱਚ ਵੱਧ ਤੋਂ ਵੱਧ ਵੋਟਰ 28569 ਹਨ, ਜਦਕਿ ਘੱਟ ਤੋਂ ਘੱਟ ਗਿਣਤੀ 8945 ਵੋਟਰਾਂ ਦੀ ਹੈ।