• Home
  • »
  • News
  • »
  • punjab
  • »
  • CHANDIGARH CHIEF MINISTER PUNJAB POLITICS CHANNI ANNOUNCES CANCELLATION OF 40000 VAT CASES AGAINST INDUSTRIALISTS AND BUSINESSMEN KS

ਚੰਨੀ ਵੱਲੋਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਵਿਰੁੱਧ ਵੈਟ ਦੇ 40,000 ਕੇਸ ਰੱਦ ਕਰਨ ਦਾ ਐਲਾਨ

ਮੁੱਖ ਮੰਤਰੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਪੀਐਸਆਈਡੀਸੀ), ਪੰਜਾਬ ਵਿੱਤੀ ਨਿਗਮ (ਪੀਐਫਸੀ) ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਵਿੱਚ ਡਿਫਾਲਟਰਾਂ ਲਈ ਯਕਮੁਸ਼ਤ (ਓ.ਟੀ.ਐਸ.) ਸਕੀਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

  • Share this:
    ਲੁਧਿਆਣਾ: ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Cahranjeet Singh Channi) ਨੇ ਸੂਬੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ (Businesmen) ਵਿਰੁੱਧ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਵੈਟ ਦੇ ਕੁੱਲ 48,000 ਕੇਸਾਂ ਵਿੱਚੋਂ 40,000 ਬਕਾਇਆ ਕੇਸਾਂ ਨੂੰ ਮੁੱਢੋਂ ਰੱਦ ਕਰਨ ਦਾ ਐਲਾਨ ਕੀਤਾ ਹੈ।

    ਇੱਥੇ ਭਾਈਵਾਲੀ, ਆਦਾਨ-ਪ੍ਰਦਾਨ ਅਤੇ ਵਿਕਾਸ ਦੀ ਗਾਥਾ: ਨਿਵੇਸ਼ਕਾਂ ਦਾ ਭਰੋਸਾ' ਵਿਸ਼ੇ 'ਤੇ ਕਰਵਾਏ ਗਏ ਚੌਥੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਉਦਯੋਗਪਤੀਆਂ, ਵਪਾਰੀਆਂ ਅਤੇ ਸੰਭਾਵੀ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਵਪਾਰੀਆਂ/ਉਦਯੋਗਪਤੀਆਂ ਨੂੰ ਕੁੱਲ ਬਕਾਇਆ ਟੈਕਸ ਦੇਣਦਾਰੀ ਦਾ ਸਿਰਫ਼ 30 ਫੀਸਦੀ ਜਮ੍ਹਾਂ ਕਰਵਾਉਣ ਲਈ ਕਹਿ ਕੇ 8000 ਬਕਾਇਆ ਕੇਸਾਂ ਨੂੰ ਆਪਸੀ ਸਹਿਮਤੀ ਨਾਲ ਨਿਪਟਾਇਆ ਜਾਵੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਇਸ ਪੱਖ `ਤੇ ਹੋਣ ਵਾਲੀਆਂ ਬਹੁਤ ਸਾਰੀਆਂ ਅਸੁਵਿਧਾਵਾਂ ਤੋਂ ਬਚਾਇਆ ਜਾਵੇਗਾ।

    ਹੋਰ ਰਾਹਤ ਦਿੰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਉਪਰੋਕਤ ਟੈਕਸ ਦੇਣਦਾਰੀ ਦਾ ਸਿਰਫ 20 ਫੀਸਦ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ 80 ਫੀਸਦ ਅਗਲੇ ਸਾਲ ਤੱਕ ਜਮ੍ਹਾਂ ਕਰਵਾਉਣਾ ਹੋਵੇਗਾ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ ਉਦਯੋਗਿਕ ਪੱਖੀ ਪਹਿਲਕਦਮੀ ਵੱਡੇ ਪੱਧਰ 'ਤੇ ਨਿਵੇਸ਼ ਕਰਨ ਲਈ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਦੇਵੇਗੀ ਅਤੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਉਦਯੋਗ ਨੂੰ ਸਫ਼ਲਤਾ ਦੀਆਂ ਨਵੀਆਂ ਬੁਲੰਦੀਆਂ `ਤੇ ਪਹੁੰਚਾਉਣ ਲਈ ਅਸਲ ਮਦਦਗਾਰ ਅਤੇ ਸਹਿਯੋਗੀ ਵਜੋਂ ਕੰਮ ਕਰੇਗੀ।

    ਹਲਵਾਰਾ ਏਅਰਪੋਰਟ 8 ਮਹੀਨਿਆਂ ਅੰਦਰ ਹੋ ਜਾਵੇਗਾ ਕਾਰਜਸ਼ੀਲ, 15 ਨਵੰਬਰ ਨੂੰ ਰੱਖਿਆ ਜਾਵੇਗਾ ਨੀਂਹ ਪੱਧਰ

    ਹਲਵਾਰਾ (ਲੁਧਿਆਣਾ) ਵਿਖੇ ਬਣਨ ਵਾਲੇ ਗ੍ਰੀਨ ਫੀਲਡ ਹਵਾਈ ਅੱਡੇ ਦਾ 15 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਐਲਾਨ।


    ਖਿੱਤੇ ਵਿੱਚ ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਲਈ ਬਿਹਤਰੀਨ ਹਵਾਈ ਸੰਪਰਕ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਹਲਵਾਰਾ (ਲੁਧਿਆਣਾ) ਵਿਖੇ ਬਣਨ ਵਾਲੇ ਗ੍ਰੀਨ ਫੀਲਡ ਹਵਾਈ ਅੱਡੇ ਦਾ 15 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਵੱਕਾਰੀ ਹਵਾਈ ਅੱਡਾ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।

    ਸੂਬੇ ਵਿੱਚ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਵਾਸਤੇ ਸਾਜ਼ਗਾਰ ਮਾਹੌਲ ਸਿਰਜਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਪੰਜਾਬ ਨੂੰ ਦੇਸ਼ ਅੰਦਰ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਮੋਹਰੀ ਰਾਜ ਵਜੋਂ ਉਭਾਰਨ ਲਈ ਵਪਾਰ ਅਤੇ ਉਦਯੋਗ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ।

    ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਉਦਯੋਗਪਤੀਆਂ ਅਤੇ ਵਪਾਰੀਆਂ ਵਿੱਚ ਭਰੋਸਾ ਪੈਦਾ ਕਰਨ ਵਾਸਤੇ ਕੀਤੀਆਂ ਵੱਡੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਇੱਥੇ ਸੂਬੇ ਦੀ ਉਦਯੋਗਿਕ ਰਾਜਧਾਨੀ ਵਿਖੇ ਬੁਲਾਈ ਗਈ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਕਈ ਨਿਵੇਸ਼ਕ ਪੱਖੀ ਪਹਿਲਕਦਮੀਆਂ ਅਤੇ ਰਿਆਇਤਾਂ ਨੂੰ ਪ੍ਰਵਾਨਗੀ ਦਿੱਤੀ ਹੈ।

    ਮੁੱਖ ਮੰਤਰੀ ਨੇ ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ (ਪੀਐਸਆਈਡੀਸੀ), ਪੰਜਾਬ ਵਿੱਤੀ ਨਿਗਮ (ਪੀਐਫਸੀ) ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀਏਆਈਸੀ) ਵਿੱਚ ਡਿਫਾਲਟਰਾਂ ਲਈ ਯਕਮੁਸ਼ਤ (ਓ.ਟੀ.ਐਸ.) ਸਕੀਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਇਸੇ ਤਰ੍ਹਾਂ ਮੁੱਖ ਮੰਤਰੀ ਸ. ਚੰਨੀ ਨੇ ਇਹ ਵੀ ਕਿਹਾ ਕਿ ਪੰਜਾਬ ਸਟੇਟ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ (ਪੀ.ਐਸ.ਆਈ.ਈ.ਸੀ.) ਦੇ ਪਲਾਟ ਧਾਰਕਾਂ ਲਈ ਮੁਆਫ਼ੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ।

    ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਮੁੱਖ ਮੰਤਰੀ ਚੰਨੀ ਨਾਲ ਹਾਜ਼ਰ ਸਖ਼ਸੀਅਤਾਂ।


    ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਦਰਮਿਆਨੇ ਉਦਯੋਗਾਂ ਲਈ ਬਿਜਲੀ ਕੁਨੈਕਸ਼ਨਾਂ 'ਤੇ ਫਿਕਸਡ ਚਾਰਜਿਜ਼ ਨੂੰ ਘਟਾ ਕੇ 50 ਫੀਸਦੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਫੋਕਲ ਪੁਆਇੰਟਾਂ ਵਿੱਚ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 150 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇੱਕ ਹੋਰ ਨਿਵੇਸ਼ਕ ਪੱਖੀ ਪਹਿਲਕਦਮੀ ਵਿੱਚ ਚੰਨੀ ਨੇ ਉਦਯੋਗਪਤੀਆਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਆਪਣੀਆਂ ਯੂਨਿਟਾਂ ਸਥਾਪਤ ਕਰਨ ਲਈ ਉਤਸ਼ਾਹਿਤ ਕਰਨ ਹਿੱਤ ਉਦਯੋਗ ਨੂੰ ਮੌਜੂਦਾ 6 ਕਰਮਾਂ ਤੋਂ ਘਟਾ ਕੇ 4 ਕਰਮਾਂ ਤੱਕ ਕਰਨ ਲਈ ਸ਼ਰਤ ਵਿੱਚ ਢਿੱਲ ਦੇਣ ਦਾ ਵੀ ਐਲਾਨ ਕੀਤਾ।

    ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਪੱਟੀ-ਮੱਖੂ ਰੇਲ ਲਿੰਕ ਲਈ ਲੋੜੀਂਦੀ ਜ਼ਮੀਨ ਐਕੁਆਇਰ ਕਰੇਗੀ ਅਤੇ ਆਉਣ ਵਾਲੇ ਬਜਟ ਤੋਂ ਪਹਿਲਾਂ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਨੂੰ ਸੌਂਪੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦ ਪਾਰੋਂ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿਖੇ ਪ੍ਰਦਰਸ਼ਨੀ ਕੇਂਦਰ ਸਥਾਪਿਤ ਕੀਤਾ ਜਾਵੇਗਾ।

    ਮੁੱਖ ਮੰਤਰੀ ਚੰਨੀ ਨੇ ਇਹ ਵੀ ਕਿਹਾ ਕਿ ਇਸ ਖੇਤਰ ਵਿੱਚ ਮਨੋਰੰਜਨ ਸਬੰਧੀ ਉਦਯੋਗ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਪੰਜਾਬੀ ਕਲਾ, ਸੱਭਿਆਚਾਰ ਅਤੇ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਨੇੜੇ ਇੱਕ ਫਿਲਮ ਸਿਟੀ ਸਥਾਪਤ ਕਰੇਗੀ।
    Published by:Krishan Sharma
    First published: