ਚੰਡੀਗੜ੍ਹ/ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਮਾਂ ਬੋਲੀ ਨੂੰ ਉਚਾ ਚੁੱਕਣ ਅਤੇ ਇਸ ਨੂੰ ਵਧੇਰੇ ਸਤਿਕਾਰ ਦੇਣ ਲਈ ਪੰਜਾਬੀਆਂ ਨੂੰ ਇੱਕ ਖ਼ਾਸ ਅਪੀਲ ਕੀਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਪੰਜਾਬੀ ਮਾਹ' ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਈ ਕਵਿਤਾਵਾਂ ਵੀ ਸੁਣਾਈਆਂ। ਉਨ੍ਹਾਂ ਪੰਜਾਬੀ ਮਾਂ ਬੋਲੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਪੰਜਾਬੀ ਮਹੀਨਾ ਉਤਸ਼ਾਹ ਨਾਲ ਮਨਾਉਣ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਉਚਾ ਚੁੱਕਣ ਲਈ ਸਾਨੂੰ ਸਭ ਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ, ਉਹ ਇਕੱਲੇ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨੂੰ ਸਖਤੀ ਕਰਕੇ ਪੰਜਾਬੀ ਮਾਂ ਬੋਲੀ ਦੀ ਸ਼ਾਨ ਬਹਾਲ ਨਹੀਂ ਕਰਵਾ ਸਕਦਾ, ਇਹ ਸਾਡਾ ਸਭ ਦਾ ਮੁੱਢਲਾ ਫਰਜ਼ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਸਨਮਾਨ ਦੇਈਏ।
ਮੁੱਖ ਮੰਤਰੀ ਮਾਨ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ 21 ਫਰਵਰੀ ਨੂੰ ਪੰਜਾਬੀ ਮਹੀਨਾ ਮਨਾਉਂਦੇ ਹੋਏ ਸਾਰੇ ਪੰਜਾਬ ਦੇ ਅਦਾਰੇ, ਦੁਕਾਨਾਂ ਅਤੇ ਹੋਰ ਜੋ ਵੀ ਹਨ, ਆਪਣੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ। 21 ਫਰਵਰੀ ਨੂੰ ਕੌਮਾਂਤਰੀ ਭਾਸ਼ਾ ਦਿਵਸ 'ਤੇ ਪੰਜਾਬੀ ਸਭ ਤੋਂ ਉਪਰ ਹੋਵੇ, ਜਦਕਿ ਦੂਜੀਆਂ ਭਾਸ਼ਾਵਾਂ ਨੂੰ ਸਨਮਾਨ ਦਿੰਦੇ ਹੋਏ ਦੂਜੀ ਥਾਂ ਉਪਰ ਲਿਖਿਆ ਜਾਣ। ਉਨ੍ਹਾਂ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ 21 ਫਰਵਰੀ ਤੋਂ ਬਾਅਦ ਪ੍ਰਸਾ਼ਸਨ ਇਸ ਸਬੰਧੀ ਸਖਤੀ ਵੀ ਵਰਤੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਪੰਜਾਬੀ ਸਭਿਆਚਾਰ ਬਹੁਤ ਹੀ ਡੂੰਘਾ ਅਤੇ ਵੱਡਾ ਹੈ, ਜਿਸ ਨੂੰ ਥੋੜ੍ਹਾ ਸਮਝਣ ਅਤੇ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਪੰਜਾਬ ਸਰਕਾਰ ਕੋਈ ਘਾਟ ਨਹੀਂ ਆਉਣ ਦੇਵੇਗੀ, ਕਿਉਂਕਿ ਜੇਕਰ ਅਸੀਂ ਪੰਜਾਬੀ ਮਾਂ ਬੋਲੀ ਲਈ ਫੰਡ ਨਹੀਂ ਦੇ ਸਕਦੇ ਤਾਂ ਫਿਰ ਅਜਿਹੀ ਰਾਜਨੀਤੀ ਦੀ ਕੋਈ ਤੁਕ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਇਹ ਸਾਰੇ ਅਦਾਰਿਆਂ ਦੇ ਸਾਈਨ ਬੋਰਡ 21 ਫਰਵਰੀ ਤੱਕ ਪੰਜਾਬੀ ਵਿੱਚ ਲਿਖੇ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਵੀ ਮਰਾਠੀ ਸਭ ਤੋਂ ਪਹਿਲਾਂ ਲਿਖੀ ਜਾਂਦੀ ਹੈ, ਫੇਰ ਕੋਈ ਹੋਰ ਭਾਸ਼ਾ ਹੁੰਦੀ ਹੈ।
ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਮੁੱਖ ਮੰਤਰੀ ਨੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਇੱਕ ਆਪਣੀ ਹੀ ਵੱਖਰੀ ਪਛਾਣ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਦੇਸ਼ ਵੀ ਹਨ, ਜਿਨ੍ਹਾਂ ਦੇ ਲੋਕਾਂ ਨੂੰ ਅੰਗਰੇਜ਼ੀ ਆਉਂਦੀ ਹੈ ਅਤੇ ਪੂਰੀ ਤਰ੍ਹਾਂ ਤਰ੍ਹਾਂ ਜਾਣਦੇ ਹਨ, ਪਰੰਤੂ ਉਹ ਆਪਣੀ ਮਾਂ ਬੋਲੀ ਨੂੰ ਤਰਜੀਹ ਦਿੰਦੇ ਹਨ। ਜਦਕਿ ਅਸੀਂ ਪੰਜਾਬੀ ਬੋਲਣ ਤੋਂ ਕਈ ਵਾਰ ਝਿਜਕਦੇ ਹਾਂ। ਇਸ ਲਈ ਸਾਨੂੰ ਖੁਦ ਵੀ ਪੰਜਾਬੀ ਨੂੰ ਖੁੱਲ ਕੇ ਅਪਨਾਉਣਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Punjab government, PUNJABI LANGUAGE