ਫਗਵਾੜਾ/ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਰਮਾਇਣ, ਮਹਾਂਭਾਰਤ ਤੇ ਸ੍ਰੀਮਦ ਭਗਵਦ ਗੀਤਾ ਉੱਪਰ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ। ਐਤਵਾਰ ਇੱਥੇ ਫਗਵਾੜਾ ਨੇੜੇ ਭਗਵਾਨ ਪਰਸ਼ੂਰਾਮ ਜੀ ਦੀ ਤਪਸ ਸਥਲੀ ਵਿਖੇ ਨਤਮਸਤਕ ਹੋਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਰਚਨਾਵਾਂ ਉੱਪਰ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਵਿਸ਼ਵ ਪੱਧਰੀ ਖੋਜ ਕੇਂਦਰ ਸਥਾਪਿਤ ਕੀਤਾ ਜਾਵੇਗਾ।

ਭਗਵਾਨ ਪਰਸ਼ੂਰਾਮ ਦੇ ਮੰਦਿਰ ਦੇ ਵਿਕਾਸ ਲਈ 10 ਕਰੋੜ ਰੁਪੈ ਦਾ ਚੈਕ ਸੌਂਪਦੇ ਮੁੱਖ ਮੰਤਰੀ ਚੰਨੀ ਤੇ ਹੋਰ।
ਉਨ੍ਹਾਂ ਕਿਹਾ ਕਿ ਰਮਾਇਣ, ਮਹਾਂਭਾਰਤ ਤੇ ਸ਼੍ਰੀਮਦ ਭਗਵਦ ਗੀਤਾ ਸਦੀਆਂ ਤੋਂ ਮਨੁੱਖਤਾ ਲਈ ਪ੍ਰੇਰਨਾ ਦਾ ਸ੍ਰੋਤ ਹਨ ਜਿਸ ਕਰਕੇ ਖੋਜ ਕੇਂਦਰ ਨਾਲ ਇਨ੍ਹਾਂ ਗ੍ਰੰਥਾਂ ਦਾ ਸੰਦੇਸ਼ ਭਵਿੱਖੀ ਨਸਲਾਂ ਤੱਕ ਹੋਰ ਅਸਰਦਾਰ ਤਰੀਕੇ ਨਾਲ ਪੁੱਜਦਾ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬਾਬਤ ਸ਼ੰਕਰਾਚਾਰੀਆਵਾਂ ਨਾਲ ਵੀ ਰਾਬਤਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਪਰਸ਼ੂਰਾਮ ਜੀ ਦੇ ਤਪਸ ਸਥਾਨ ਨੂੰ ਧਾਰਮਿਕ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭਗਵਾਨ ਪਰਸ਼ੂਰਾਮ ਦੇ ਮੰਦਿਰ ਦੇ ਵਿਕਾਸ ਲਈ 10 ਕਰੋੜ ਰੁਪੈ ਦਾ ਚੈਕ ਵੀ ਸੌਂਪਿਆ। ਇਸਤੋਂ ਇਲਾਵਾ ਭਗਵਾਨ ਪਰਸ਼ਰਾਮ ਦੇ ਮਾਤਾ ਰੇਣੂਕਾ ਜੀ ਦੇ ਸਥਾਨ ਲਈ ਵੀ 75 ਲੱਖ ਰੁਪੈ ਦੇਣ ਦਾ ਮੁੱਖ ਮੰਤਰੀ ਵਲੋਂ ਐਲਾਨ ਕੀਤਾ ਗਿਆ।

ਭਾਸ਼ਣ ਦੌਰਾਨ ਸੰਬੋਧਨ ਕਰਨ ਮੌਕੇ ਮੁੱਖ ਮੰਤਰੀ ਚੰਨੀ।
'ਬ੍ਰਾਹਮਣ ਸਮਾਜ ਨਾਲ ਨਿੱਜੀ ਸਾਂਝ ਦਾ ਜ਼ਿਕਰ'
ਉਨ੍ਹਾਂ ਇਹ ਵੀ ਕਿਹਾ ਕਿ ਗਊ ਧੰਨ ਦੀ ਸਹੀ ਸਾਂਭ ਸੰਭਾਲ ਲਈ ਬ੍ਰਾਹਮਣ ਭਲਾਈ ਬੋਰਡ ਨੂੰ ਇਸਦੀ ਜਿੰਮੇਵਾਰੀ ਸੌਪੀ ਜਾਵੇਗੀ ਅਤੇ ਇਸ ਲਈ ਬੋਰਡ ਨੂੰ ਬਕਾਇਦਾ ਲੋੜੀਂਦੇ ਫੰਡ ਜਾਰੀ ਕੀਤੇ ਜਾਣਗੇ। ਉਨ੍ਹਾਂ ਭਗਵਾਨ ਪਰਸ਼ੂਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਸੱਤਾ ਦੀ ਦੁਰਵਰਤੋਂ ਕਰਨ ਵਾਲੇ ਰਾਜਿਆਂ ਦੇ ਪਾਪਾਂ ਦਾ ਅੰਤ ਕੀਤਾ ਅਤੇ ਆਮ ਆਦਮੀ ਦਾ ਰਾਜ ਸਥਾਪਿਤ ਕੀਤਾ। ਉਨ੍ਹਾਂ ਬ੍ਰਾਹਮਣ ਸਮਾਜ ਦੇ ਨਾਲ ਆਪਣੀ ਨਿੱਜੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਖਰੜ ਤੋਂ ਕੌਂਸਲਰ ਬਣਨ ਵੇਲੇ ਬ੍ਰਾਹਮਣ ਸਮਾਜ ਵਲੋਂ ਉਨ੍ਹਾਂ ਦਾ ਵੱਡਾ ਸਾਥ ਦਿੱਤਾ ਗਿਆ।
ਪੰਜਾਬੀ ਯੂਨੀਵਰਸਿਟੀ ਵਿਖੇ ਭਗਵਾਨ ਪਰਸ਼ੂਰਾਮ ਚੇਅਰ ਲਈ ਸਾਲਾਨਾ 2 ਕਰੋੜ ਰੁਪੈ ਦੇਣ ਦਾ ਐਲਾਨ
ਮੁੱਖ ਮੰਤਰੀ ਵਲੋਂ ਇਸ ਮੌਕੇ ਭਗਵਾਨ ਪਰਸ਼ੂਰਾਮ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਚੇਅਰ ਲਈ 2 ਕਰੋੜ ਰੁਪੈ ਸਾਲਾਨਾ ਦੇਣ ਦਾ ਐਲਾਨ ਕੀਤਾ। ਇਸ ਤੋ ਇਲਾਵਾ ਖਾਟੀ ਪਿੰਡ ਲਈ 21 ਲੱਖ ਰੁਪੈ ਦੇਣ ਦਾ ਵੀ ਐਲਾਨ ਕੀਤਾ ਗਿਆ।

ਭਗਵਾਨ ਪਰਸ਼ੂਰਾਮ ਦੀ ਤਪ ਭੂਮੀ ਦਾ ਨੀਂਹ ਪੱਥਰ ਰੱਖਣ ਦੌਰਾਨ ਮੁੱਖ ਮੰਤਰੀ ਚੰਨੀ ਤੇ ਹੋਰ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਇਸੇ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਸੂਬਾ ਸਰਕਾਰ ਨੇ ਬ੍ਰਾਹਮਣ ਭਲਾਈ ਬੋਰਡ ਬਣਾਕੇ ਸਮਾਜ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਭਗਵਾਨ ਪਰਸ਼ੂਰਾਮ ਦੇ ਮੰਦਿਰ ਲਈ 10 ਕਰੋੜ ਰੁਪੈ ਦੇਣ ਬਦਲੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਫਗਵਾੜਾ ਹਲਕੇ ਲਈ ਮੰਗਾਂ ਰੱਖੀਆਂ, ਜਿਸ ਵਿੱਚ ਉਨ੍ਹਾਂ ਫਗਵਾੜਾ ਨੂੰ ਜਿਲ੍ਹੇ ਦਾ ਰੁਤਬਾ ਦੇਣ ਦੀ ਮੰਗ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।