ਮੋਹਾਲੀ (Punjab News) : ਡੇਰਾਬੱਸੀ (Derabassi Police) ਥਾਣੇ ਅਧੀਨ ਪੈਂਦੇ ਪਿੰਡ ਜਨੇਤਪੁਰ ਨੇੜੇ ਡੇਰਾਬੱਸੀ ਨੈਸ਼ਨਲ ਹਾਈਵੇ 'ਤੇ ਚੰਡੀਗੜ੍ਹ (Chandigarh) ਸਾਈਡ ਤੋਂ ਆ ਰਹੀ ਹਰਿਆਣਾ ਨੰਬਰ ਦੀ ਸਵਿਫਟ ਕਾਰ ਡਿਵਾਈਡਰ ਤੋੜ ਕੇ ਮੁਹਾਲੀ ਵੱਲ ਜਾ ਰਹੀ ਟੈਕਸੀ ਨੰਬਰ ਆਰਟਿਕਾ ਨਾਲ ਟਕਰਾ ਗਈ। ਹਾਦਸੇ (Accident) ਵਿੱਚ ਆਰਟੀਕਾ ਗੱਡੀ ਵਿੱਚ ਸਵਾਰ ਐਨਆਰਆਈ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਹਸਪਤਾਲ ਵਿੱਚ ਸਵਿਫਟ ਗੱਡੀ ਦੇ ਕੰਡਕਟਰ ਸਾਈਡ ’ਤੇ ਬੈਠੇ ਵਿਅਕਤੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਹਾਦਸਾ ਦੁਪਹਿਰ ਕਰੀਬ 1.15 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਡੇਰਾਬੱਸੀ ਪੁਲਿਸ ਨੇ ਇਸ ਮਾਮਲੇ ਵਿੱਚ ਪਰਵਾਸੀ ਭਾਰਤੀ ਦਵਿੰਦਰ ਸਿੰਘ ਧਾਮੀ ਦੇ ਬਿਆਨਾਂ ’ਤੇ ਸਵਿਫਟ ਕਾਰ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ, 279, 337, 338, 427 ਤਹਿਤ ਕੇਸ ਦਰਜ ਕਰ ਲਿਆ ਹੈ।
ਹਾਦਸੇ ਵਿੱਚ ਸ਼ਿਕਾਇਤਕਰਤਾ ਦਵਿੰਦਰ ਸਿੰਘ ਧਾਮੀ ਦੀ ਪਤਨੀ ਹਰਜੀਤ ਕੌਰ ਧਾਮੀ (56), ਨੂੰਹ ਸ਼ਰਨਜੀਤ ਕੌਰ ਧਾਮੀ (33) ਅਤੇ ਚਾਰ ਮਹੀਨਿਆਂ ਦੇ ਪੋਤੇ ਅਜੈਬ ਸਿੰਘ ਦੀ ਮੌਤ ਹੋ ਗਈ ਹੈ। ਜਦਕਿ ਇਸੇ ਹਾਦਸੇ ਵਿੱਚ ਸਵਿਫਟ ਕਾਰ ਵਿੱਚ ਸਵਾਰ ਗੌਰਵ ਵਾਸੀ ਵਧਵਾ ਰਾਮ ਕਲੋਨੀ ਪਾਣੀਪਤ (ਹਰਿਆਣਾ) ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਜ਼ਖਮੀਆਂ ਦੀ ਪਛਾਣ ਦਵਿੰਦਰ ਸਿੰਘ ਧਾਮੀ (57) ਤਿੰਨ ਸਾਲਾ ਪੋਤੀ ਹਰਲੀਵ ਕੌਰ ਆਰਟਿਕਾ ਡਰਾਈਵਰ ਅਮਿਤ ਕੁਮਾਰ ਵਜੋਂ ਹੋਈ ਹੈ। ਜਿਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।
ਪਰਿਵਾਰ ਫਰੀਦਾਬਾਦ ਤੋਂ ਮੋਹਾਲੀ ਪਰਤ ਰਿਹਾ ਸੀ
ਦਵਿੰਦਰ ਸਿੰਘ ਧਾਮੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸਦਾ ਪੂਰਾ ਪਰਿਵਾਰ ਕੈਨੇਡਾ ਵਿੱਚ ਸੈਟਲ ਹੈ। ਉਸ ਦਾ ਮਕਾਨ ਨੰਬਰ-404 ਮੁਹਾਲੀ ਸੈਕਟਰ-80 ਵਿੱਚ ਹੈ, ਜਿੱਥੇ ਉਹ ਇਨ੍ਹੀਂ ਦਿਨੀਂ ਰਹਿ ਰਿਹਾ ਸੀ। 14 ਦਸੰਬਰ ਨੂੰ ਪੂਰਾ ਪਰਿਵਾਰ ਇਕ ਪ੍ਰੋਗਰਾਮ 'ਚ ਮੋਹਾਲੀ ਤੋਂ ਹਰਿਆਣਾ ਦੇ ਫਰੀਦਾਬਾਦ ਲਈ ਟੈਕਸੀ ਲੈ ਕੇ ਗਿਆ ਸੀ। ਜਦੋਂ ਉਹ ਦੁਪਹਿਰ ਕਰੀਬ 1.15 ਵਜੇ ਵਾਪਸ ਮੁਹਾਲੀ ਨੂੰ ਪਰਤ ਰਿਹਾ ਸੀ ਤਾਂ ਚੰਡੀਗੜ੍ਹ ਵਾਲੇ ਪਾਸੇ ਤੋਂ ਡਿਵਾਈਡਰ ਤੋੜ ਕੇ ਆ ਰਹੀ ਹਰਿਆਣਾ ਨੰਬਰ (ਐਚ.ਆਰ.-42ਈ-7507) ਸਵਿਫ਼ਟ ਕਾਰ ਨੇ ਪਿੰਡ ਜਨੇਤਪੁਰ ਤੋਂ ਥੋੜ੍ਹਾ ਅੱਗੇ ਪਹੁੰਚਣ 'ਤੇ ਉਨ੍ਹਾਂ ਦੀ ਆਰਟਿਕਾ ਕਾਰ ਨੂੰ ਟੱਕਰ ਮਾਰ ਦਿੱਤੀ।
ਡੇਰਾਬੱਸੀ ਹਾਈਵੇ 'ਤੇ ਅਚਾਨਕ ਹੋਏ ਹਾਦਸੇ 'ਚ ਉਨ੍ਹਾਂ ਦੀ ਕਾਰ ਵੀ ਸੜਕ 'ਤੇ ਪਲਟ ਗਈ। ਕੰਡਕਟਰ ਦੀ ਸੀਟ 'ਤੇ ਦਵਿੰਦਰ ਸਿੰਘ ਧਾਮੀ ਬੈਠੇ ਸਨ, ਜਦਕਿ ਉਨ੍ਹਾਂ ਦੀ ਪਤਨੀ ਹਰਜੀਤ ਕੌਰ, ਨੂੰਹ ਸ਼ਰਨਜੀਤ ਕੌਰ ਧਾਮੀ, ਪੋਤੀ ਹਰਲੀਵ ਕੌਰ ਅਤੇ ਪੋਤਰਾ ਅਜੈਬ ਸਿੰਘ ਪਿਛਲੀ ਸੀਟ 'ਤੇ ਬੈਠੇ ਸਨ, ਜੋ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਇੰਡਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਹਰਜੀਤ ਕੌਰ, ਸ਼ਰਨਜੀਤ ਕੌਰ ਅਤੇ ਅਜੈਬ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਬਾਕੀ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਪੀ.ਜੀ.ਆਈ.
ਹਰਿਆਣਾ ਦਾ ਹਿਤਿਕ ਭੱਲਾ ਸਵਿਫਟ ਚਲਾ ਰਿਹਾ ਸੀ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਰਿਆਣਾ ਦੇ ਹਿਤਿਕ ਭੱਲਾ ਵਾਸੀ ਪ੍ਰੀਤ ਵਿਹਾਰ ਪਾਣੀਪਤ ਚਲਾ ਰਿਹਾ ਸੀ। ਉਸ ਦਾ ਰਿਸ਼ਤੇਦਾਰ ਗੌਰਵ ਉਸ ਦੀ ਕੰਡਕਟਰ ਸੀਟ 'ਤੇ ਬੈਠਾ ਸੀ। ਨੈਸ਼ਨਲ ਹਾਈਵੇ 'ਤੇ ਹਿਤਿਕ ਭੱਲਾ ਦੀ ਸਵਿਫਟ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਬਹੁਤ ਤੇਜ਼ ਸੀ। ਪੁਲੀਸ ਨੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸਵਿਫਟ ਕਾਰ ਦਾ ਡਰਾਈਵਰ ਅਜੇ ਫਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Mohali, Punjab, Road accident