• Home
 • »
 • News
 • »
 • punjab
 • »
 • CHANDIGARH GOVERNOR AND CM CHARANJIT SINGH CHANNI DEDICATE DASTAN E SHAHADAT TO HUMANITY AT CHAMKAUR SAHIB KS

ਰਾਜਪਾਲ ਅਤੇ CM ਚੰਨੀ ਵੱਲੋਂ ਚਮਕੌਰ ਸਾਹਿਬ ਵਿਖੇ 'ਦਾਸਤਾਨ-ਏ-ਸ਼ਹਾਦਤ' ਮਨੁੱਖਤਾ ਨੂੰ ਸਮਰਪਿਤ

ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਵਡਭਾਗੇ ਹਨ ਕਿ ਇਸ ਅਤਿ-ਆਧੁਨਿਕ ਥੀਮ ਪਾਰਕ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੋ ਗਿਆ ਹੈ ਜੋ ਕਿ ਨਾ ਸਿਰਫ਼ ਸੂਬੇ ਦੇ ਲੋਕਾਂ ਸਗੋਂ ਦੇਸ਼ ਅਤੇ ਵਿਸ਼ਵ ਭਰ ਤੋਂ ਇੱਥੇ ਆਉਣ ਵਾਲੇ ਲੋਕਾਂ ਨੂੰ ਕੱਚੀ ਗੜ੍ਹੀ ਦੀ ਗਾਥਾ ਬਾਰੇ ਜਾਣੂੰ ਕਰਵਾਏਗਾ।

 • Share this:
  ਸ੍ਰੀ ਚਮਕੌਰ ਸਾਹਿਬ: ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ 40 ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਅੱਜ ਸੰਤ ਸਮਾਜ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ `ਦਾਸਤਾਨ-ਏ-ਸ਼ਹਾਦਤ` ਮਨੁੱਖਤਾ ਨੂੰ ਸਮਰਪਿਤ ਕੀਤੀ ਤਾਂ ਜੋ ਸਾਡੀਆਂ ਨੌਜਵਾਨ ਪੀੜ੍ਹੀਆਂ ਨੂੰ ਮਹਾਨ ਕੁਰਬਾਨੀਆਂ ਨਾਲ ਭਰੇ ਸਾਡੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ।

  'ਥੀਮ ਪਾਰਕ' ਨੌਜਵਾਨ ਪੀੜ੍ਹੀਆਂ ਨੂੰ ਸਾਡੀ ਸ਼ਾਨਾਮੱਤੀ ਵਿਰਾਸਤ ਨਾਲ ਕਰਵਾਏਗਾ ਜਾਣੂੰ

  ਮੁੱਖ ਮੰਤਰੀ ਚੰਨੀ ਨੇ ਇਸ ਮੌਕੇ ਧਾਰਮਿਕ ਸ਼ਖਸੀਅਤਾਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ।


  ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਵਡਭਾਗੇ ਹਨ ਕਿ ਇਸ ਅਤਿ-ਆਧੁਨਿਕ ਥੀਮ ਪਾਰਕ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਸੁਪਨਾ ਸਾਕਾਰ ਹੋ ਗਿਆ ਹੈ ਜੋ ਕਿ ਨਾ ਸਿਰਫ਼ ਸੂਬੇ ਦੇ ਲੋਕਾਂ ਸਗੋਂ ਦੇਸ਼ ਅਤੇ ਵਿਸ਼ਵ ਭਰ ਤੋਂ ਇੱਥੇ ਆਉਣ ਵਾਲੇ ਲੋਕਾਂ ਨੂੰ ਕੱਚੀ ਗੜ੍ਹੀ ਦੀ ਗਾਥਾ ਬਾਰੇ ਜਾਣੂੰ ਕਰਵਾਏਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ `ਤੇ ਲੋਕਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਗੁਰਪੁਰਬ ਮੌਕੇ ਇਸ ਵੱਕਾਰੀ ਪ੍ਰੋਜੈਕਟ ਦਾ ਉਦਘਾਟਨ ਕਰਨਾ ਸੱਚਮੁੱਚ ਬਹੁਤ ਮਾਣ ਵਾਲੀ ਗੱਲ ਹੈ।

  ਧਾਰਮਿਕ ਸ਼ਖਸੀਅਤਾਂ ਨੇ ਰਾਜਪਾਲ ਬਨਵਾਰੀ ਲਾਲ ਅਤੇ ਮੁੱਖ ਮੰਤਰੀ ਨੂੰ ਤਲਵਾਰ ਚਿੰਨ ਭੇਂਟ ਕਰਕੇ ਸਨਮਾਨਤ ਕੀਤਾ।


  ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਲੜਾਈ ਭਾਰਤੀ ਇਤਿਹਾਸ ਦਾ ਇੱਕ ਮਹੱਤਵਪੂਰਨ ਪਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਦਿਆਂ ਸਮੇਤ ਸਿਰਫ਼ 42 ਬਹਾਦਰ ਸਿੱਖ ਯੋਧਿਆਂ ਨੇ ਮੁਗਲਾਂ ਦੀ ਵੱਡੀ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ।

  ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਜਪਾਲ ਬਨਵਾਰੀ ਲਾਲ ਨੂੰ ਸਨਮਾਨਤ ਕੀਤੇ ਜਾਣ ਦਾ ਦ੍ਰਿਸ਼।


  ਥੀਮ ਪਾਰਕ ਦੇ ਸੰਕਲਪ `ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਸਾਡੇ ਬਹਾਦਰ ਯੋਧਿਆਂ ਦੇ ਖੂਨ ਨਾਲ ਸਿੰਜੀ ਹੋਈ ਹੈ, ਜਿਨ੍ਹਾਂ ਨੇ ਮੁਗਲਾਂ ਵਿਰੁੱਧ ਲੜਾਈ ਦੌਰਾਨ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਅਤੇ ਅਸਾਧਾਰਨ ਬਹਾਦਰੀ ਵਿਖਾਈ।

  ਚੰਨੀ ਨੇ ਕੈਪਟਨ ਦੀ ਕੀਤੀ ਸ਼ਲਾਘਾ

  ਦਾਸਤਾਨ ਏ ਸ਼ਹਾਦਤ ਨੂੰ ਮਨੁੱਖਤਾ ਨੂੰ ਸਮਰਪਤ ਕਰਨ ਮੌਕੇ ਦਾ ਇੱਕ ਦ੍ਰਿਸ਼।


  ਮੁੱਖ ਮੰਤਰੀ ਚੰਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਸ ਵੱਕਾਰੀ ਥੀਮ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਵਜੋਂ ਉਨ੍ਹਾਂ ਨੇ ਸਮੇਂ-ਸਮੇਂ `ਤੇ ਇਸ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਅਖ਼ੀਰ ਇਹ ਮੁਕੰਮਲ ਹੋ ਗਿਆ ਹੈ।

  ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਪੰਜਾਬ ਦੇ ਰਾਜਪਾਲ ਨਾਲ ਥੀਮ ਪਾਰਕ ਵਿਖੇ ਸੁੰਦਰ ਤੇ ਸੁਚੱਜੇ ਢੰਗ ਨਾਲ ਤਿਆਰ ਕੀਤੀਆਂ 11 ਗੈਲਰੀਆਂ ਦਾ ਦੌਰਾ ਕੀਤਾ, ਜੋ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਦੇ ਮਹਾਨ ਸਿੱਖ ਇਤਿਹਾਸ ਅਤੇ ਸ਼ਾਨਾਮੱਤੀ ਵਿਰਾਸਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦੀਆਂ ਹਨ। ਇੱਥੇ ਦਿਖਾਈਆਂ ਪੇਸ਼ਕਾਰੀਆਂ ਇੰਨੀਆਂ ਪ੍ਰਭਾਵੀ ਤੇ ਦਿਲਕਸ਼ ਬਣਾਈਆਂ ਗਈਆਂ ਹਨ ਕਿ ਦੇਖਣ ਵਾਲਾ ਉਸ ਯੁੱਗ ਵਿੱਚ ਪਹੁੰਚ ਜਾਂਦਾ ਹੈ ਜਦੋਂ ਇਹ ਘਟਨਾਵਾਂ ਅਸਲ ਵਿੱਚ ਵਾਪਰੀਆਂ ਸਨ। ਗੈਲਰੀਆਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਅਤੇ ਰਾਜਪਾਲ ਦੋਵਾਂ ਨੇ ਸਿੱਖ ਇਤਿਹਾਸ ਬਾਰੇ ਆਡੀਓ-ਵਿਜੂਅਲ ਪੇਸ਼ਕਾਰੀ ਵੀ ਦੇਖੀ।

  ਮੁੱਖ ਮੰਤਰੀ ਵੱਲੋਂ ਬਾਬਾ ਬਲਬੀਰ ਸਿੰਘ ਦੇ ਕਾਰਜਾਂ ਦੀ ਸ਼ਲਾਘਾ

  ਮੁੱਖ ਮੰਤਰੀ ਨੇ ਖੁਦ ਲੋਈ ਦੇ ਕੇ ਰਾਜਪਾਲ ਨੂੰ ਸਤਿਕਾਰ ਦਿੱਤਾ।


  ਆਪਣੇ ਸੰਬੋਧਨ ਵਿੱਚ ਨਿਹੰਗ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਮੁੱਖ ਮੰਤਰੀ ਚੰਨੀ ਵੱਲੋਂ ਸ੍ਰੀ ਚਮਕੌਰ ਸਾਹਿਬ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਖਾਸ ਕਰਕੇ ਥੀਮ ਪਾਰਕ ਦੇ ਵਿਸ਼ਾਲ ਕਾਰਜ ਨੂੰ ਨੇਪਰੇ ਚਾੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਥੀਮ ਪਾਰਕ ਪ੍ਰੋਜੈਕਟ ਇਸ ਪਵਿੱਤਰ ਨਗਰੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਿੱਖ ਪੰਥ ਦੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

  ਕਤਲਗੜ੍ਹ ਸਾਹਿਬ 'ਚ ਟੇਕਿਆ ਮੱਥਾ

  ਮੁੱਖ ਮੰਤਰੀ ਤੇ ਰਾਜਪਾਲ ਨੂੰ ਇੱਕ ਤਸਵੀਰ ਭੇਂਟ ਕੀਤੇ ਜਾਣ ਦਾ ਦ੍ਰਿਸ਼।


  ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਅਤੇ ਰਾਜਪਾਲ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮੁੱਖ ਮਾਰਗ ਤੋਂ ਗੁਰਦੁਆਰਾ ਸਾਹਿਬ ਤੱਕ ਹੈਰੀਟੇਜ ਸਟਰੀਟ ਦਾ ਉਦਘਾਟਨ ਕੀਤਾ ਅਤੇ ਉਹ ਹੈਰੀਟੇਜ ਸਟਰੀਟ ਤੋਂ ਥੀਮ ਪਾਰਕ ਤੱਕ ਨਗਰ ਕੀਰਤਨ ਵਿੱਚ ਵੀ ਸ਼ਾਮਲ ਹੋਏ।

  ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਤੋਂ ਇਲਾਵਾ ਵੱਖ-ਵੱਖ ਉੱਘੀਆਂ ਅਧਿਆਤਮਿਕ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਸਿਰੋਪਾਓ, ਸ਼ਾਲ ਅਤੇ ਥੀਮ ਪਾਰਕ ਦੀ ਫਰੇਮ ਵਾਲੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।
  Published by:Krishan Sharma
  First published:
  Advertisement
  Advertisement