ਅੰਮ੍ਰਿਤਸਰ: ਵਿਸ਼ਵ ਪ੍ਰਸਿੱਧ ਅੰਤਰਰਾਸ਼ਟਰੀ ਸਿੱਖ ਸਕਾਲਰ ਨੂੰ ਸਿਆਸੀ ਦਬਾਅ ਦੇ ਚਲਦਿਆਂ ਯੂਨੀਵਰਸਿਟੀ ਛੱਡਣ ਲਈ ਮਜਬੂਰ ਕਰਨ ਦਾ ਮਾਮਲਾ ਰਾਜਪਾਲ ਕੋਲ ਪੁੱਜ ਗਿਆ ਹੈ। ਸਿੱਖ ਚਿੰਤਕ ਤੇ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ (Professor Sarchand Singh Khiala) ਨੇ ਪੰਜਾਬ ਦੇ ਰਾਜਪਾਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਦੇ ਚਾਂਸਲਰ ਬਨਵਾਰੀਲਾਲ ਪੁਰੋਹਿਤ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਸਿੱਖ ਸਕਾਲਰ ਤੇ ਕੈਂਬਰਿਜ ਯੂਨੀਵਰਸਿਟੀ ਯੂਕੇ ਦੇ ਫੈਲੋ ਅਤੇ ਵੱਖ-ਵੱਖ ਯੂਨੀਵਰਸਿਟੀਆਂ ’ਚ ਗੈੱਸਟ ਪ੍ਰੋਫੈਸਰ ਵਜੋਂ ਸੇਵਾ ਨਿਭਾਉਦੇ ਆ ਰਹੇ ਡਾ: ਜਗਮੋਹਨ ਸਿੰਘ ਰਾਜੂ (Dr. Jagmohan Singh Raju) ਸਾਬਕਾ ਆਈਏਐਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਖੇ ਬੁੱਕ ਕੀਤੇ ਗਏ ਕਮਰੇ ਨੂੰ ਮਿਥੇ ਸਮੇਂ ਤੋਂ ਪਹਿਲਾਂ ਖ਼ਾਲੀ ਕਰਨ ਲਈ ਮਜਬੂਰ ਕਰਨ ਲਈ ਸੰਬਧਿਤ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਡਾ: ਰਾਜੂ ਜੋ ਕਿ ਭਾਰਤੀ ਜਨਤਾ ਪਾਰਟੀ ਵੀ ਸੀਨੀਅਰ ਆਗੂ ਹਨ ਤੇ ਅੰਮ੍ਰਿਤਸਰ ਪੂਰਬੀ ਹਲਕੇ ਤੋ ਵਿਧਾਨਸਭਾ ਚੋਣ ਲੜ ਚੁੱਕੇ ਹਨ, ਨੂੰ ਅਧਿਕਾਰੀਆਂ ਵੱਲੋਂ ਕਮਰਾ ਖਾਲੀ ਕਰਨ ਲਈ ਵਾਰ-ਵਾਰ ਦਬਾਅ ਪਾਇਆ ਜਾਣਾ ਸਿਆਸਤ ਤੋਂ ਪ੍ਰੇਰਿਤ ਸੀ। ਜਦੋਂਕਿ ਡਾ: ਰਾਜੂ ਦੀ ਸਿੱਖਾਂ ਦੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਬਣੀ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈੱਸਟ ਹਾਊਸ ’ਚ ਨਿਯਮਾਂ ਅਨੁਸਾਰ 11 ਮਈ ਤਕ ਲਈ ਬੁਕਿੰਗ ਸੀ, ਜਿਸ ਨੂੰ ਅਧਿਕਾਰੀਆਂ ਵੱਲੋਂ ਵਾਰ ਵਾਰ ਪਾਏ ਗਏ ਸਿਆਸੀ ਦਬਾਅ ਕਾਰਨ ਮਿਥੇ ਸਮੇਂ ਤੋਂ ਪਹਿਲਾਂ ਅਪਣਾ ਕਮਰਾ ਖ਼ਾਲੀ ਕਰਨ ਲਈ ਮਜਬੂਰ ਹੋਣਾ ਪਿਆ।
ਹਾਲਾਂਕਿ ਗੈੱਸਟ ਹਾਊਸ ’ਚ ਤਕਰੀਬਨ ਸਾਰੇ ਕਮਰੇ ਖ਼ਾਲੀ ਹਨ ਤੇ ਕੋਈ ਬੁਕਿੰਗ ਨਹੀਂ ਸੀ। ਡਾ. ਰਾਜੂ ਨੂੰ ਕੈਂਬਰਿਜ ਯੂਨੀਵਰਸਿਟੀ ਯੂਕੇ ਵਰਗੇ ਵਕਾਰੀ ਸੰਸਥਾਵਾਂ ’ਚ ਪੂਰਾ ਮਾਣ ਸਤਿਕਾਰ ਮਿਲਦਾ ਹੈ ਉੱਥੇ ਹੀ ਅਫਸੋਸ ਦੀ ਗੱਲ ਹੈ ਕੇ ਭਗਵੰਤ ਮਾਨ ਦੀ ਸਰਕਾਰ ’ਚ ਆਪਣੇ ਹੀ ਦੇਸ਼ ਦੇ ਸੂਬਾ ਪੰਜਾਬ ਅਤੇ ਗੁਰੂ ਨਗਰੀ ’ਚ ਬਣੇ ਯੂਨੀਵਰਸਿਟੀ ’ਚ ਉਨ੍ਹਾਂ ਲਈ ਕੋਈ ਥਾਂ ਨਹੀਂ।
ਇਸ ਗ਼ਲਤ ਵਰਤਾਰੇ ਬਾਰੇ ਵਿਦਵਾਨਾਂ ਤੇ ਬੁੱਧੀਜੀਵੀ ਵਰਗ ’ਚ ਪੰਜਾਬ ਦੇ ਸਿੱਖਿਆ ਖੇਤਰ ਵਿੱਚ ਹੋ ਰਹੀ ਸਿਆਸੀ ਦਾਖ਼ਲ-ਅੰਦਾਜ਼ੀ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡਾ: ਜਗਮੋਹਨ ਸਿੰਘ ਰਾਜੂ ਆਈਏਐਸ ਵੱਲੋਂ ਇਸ ਵਿਸਾਖੀ ’ਤੇ ਆਪ ਜੀ ਪੰਜਾਬ ਦੇ ਰਾਜਪਾਲ ਦੀ ਮਹਿਮਾਨ ਨਿਵਾਜ਼ੀ ਕਰਦਿਆਂ ਗੁਰੂ ਸਾਹਿਬ, ਖਾਲਸਾ ਤੇ ਡਾ. ਅੰਬੇਡਕਰ ਵਿਸ਼ੇ 'ਤੇ ਇਸੇ ਯੂਨੀਵਰਸਿਟੀ ਵਿਖੇ ਸਫਲ ਸੈਮੀਨਾਰ ਕਰਾ ਚੁੱਕੇ ਹਨ। ਉਨ੍ਹਾਂ ਡਾ.ਰਾਜੂ ਨਾਲ ਜ਼ਿਆਦਤੀ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਪੜਤਾਲ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਰਾਜਪਾਲ ਨੂੰ ਅਪੀਲ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Guru Nanak Dev University (GNDU), Punjab BJP