ਚੰਡੀਗੜ੍ਹ: ਚੰਡੀਗੜ੍ਹ ਦੀਆਂ ਬਰੂਹਾਂ ’ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਨੂੰ ਇਕ ਮਹੀਨਾ ਹੋ ਚੁੱਕਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੋਰਚੇ ਵਲੋਂ ਅੱਜ ਗੁਰੂ ਰਵੀਦਾਸ ਦਾ ਪ੍ਰਕਾਸ਼ ਪੂਰਬ ਸ਼ਰਧਾ ਪੂਰਵਕ ਮਨਾਇਆ ਗਿਆ, ਜਿਸ ਦੇ ਸਬੰਧ ਵਿਚ ਆਰੰਭ ਕੀਤੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਸਾਰਾ ਦਿਨ ਕੀਰਤਨ ਅਤੇ ਜੋਸ਼ੀਲੀਆਂ ਵਾਰਾਂ ਦਾ ਦੌਰ ਚੱਲਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਬੀਬੀ ਹਰਮੀਤ ਕੌਰ ਖਾਲਸਾ ਗੋਲੂ ਵਾਲਾ ਰਾਜਸਥਾਨ, ਭਾਈ ਤਜਿੰਦਰ ਪਾਲ ਸਿੰਘ ਟਿੱਮਾ, ਬਾਬਾ ਗਗਨਦੀਪ ਸਿੰਘ, ਭਾਈ ਮੇਜਰ ਸਿੰਘ ਕਲੇਰ, ਬਾਬਾ ਲੰਮਾ ਸਿੰਘ ਰਾਮਪੁਰਾ ਫੂਲ, ਭਾਈ ਹਰਚੰਦ ਸਿੰਘ ਮਾੜੀ ਕੰਮੋਕੇ, ਬੀਬੀ ਕੁਲਵੰਤ ਕੌਰ, ਸੁਰਜੀਤ ਸਿੰਘ ਦਮਦਮਾ ਸਾਹਿਬ, ਜਥੇਦਾਰ ਬਾਬਾ ਪੰਜਾਬ ਸਿੰਘ ਮਿਸਲ ਤਰਨਾ ਦਲ, ਰਾਜੇਸ਼ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਅਜ਼ਾਦ ਸੰਘਰਸ਼ ਕਮੇਟੀ ਪੰਜਾਬ, ਪ੍ਰਧਾਨ ਹਰਜਿੰਦਰ ਸਿੰਘ ਟਾਂਡਾ, ਬਾਪੂ ਮਹਿੰਦਰ ਸਿੰਘ, ਵੇਈਪੁਈ ਸਿੰਘ, ਸੁਖਜਿੰਦਰ ਸਿਘੰ ਕਨੇਡੀਅਨ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਭਾਈ ਸਤਨਾਮ ਸਿੰਘ, ਭਾਈ ਸੁਖਜਿੰਦਰ ਸਿੰਘ ਚਾਕਰ, ਭਾਈ ਪੰਜਾਬ ਸਿੰਘ ਸੁਲਤਾਨਵਿੰਡ ਤੇ ਹੋਰ ਜੱਥਿਆਂ ਨੇ ਆਪਣੇ ਆਗੂਆਂ ਦੀ ਅਗਵਾਈ ਵਿਚ ਮੋਰਚੇ ’ਚ ਸ਼ਮੂਲੀਅਤ ਕੀਤੀ। ਅੱਜ ਦੇ ਸਮਾਗਮ ਦਾ ਮੰਚ ਸੰਚਾਲਨ ਮਾਸਟਰ ਦਵਿੰਦਰ ਸਿੰਘ ਨੇ ਬਾਖੂਬੀ ਕੀਤਾ।
ਬਾਪੂ ਗੁਰਚਰਨ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਪੰਜਵਾਂ 31 ਮੈਂਬਰੀ ਜੱਥਾ ਇੰਦਰਵੀਰ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੋ ਕੇ ਅਰਦਾਸ ਕਰਨ ਉਪਰੰਤ ਚੰਡੀਗੜ੍ਹ ਵੱਲ ਤੁਰਿਆ। ਹਮੇਸ਼ਾਂ ਦੀ ਤਰਾਂ ਅੱਜ ਵੀ ਚੰਡੀਗੜ੍ਹ ਪੁਲਿਸ ਨੇ ਜੱਥੇ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ, ਜਿਸ ’ਤੇ ਜੱਥੇ ਵਲੋਂ ਪੁਲਿਸ ਵਲੋਂ ਬੈਰੀਕੇਡਾਂ ਨਾਲ ਬੰਦ ਕੀਤੇ ਸਥਾਨ ’ਤੇ ਹੀ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਲੱਗਾ ਤੇ ਸ਼ਾਮ ਨੂੰ ਅਰਦਾਸ ਕਰਕੇ ਵਾਪਿਸ ਮੋਰਚੇ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਸਰਕਾਰਾਂ ਜਿਨਾ ਮਰਜ਼ੀ ਧੱਕਾ ਕਰ ਲੈਣ ਕੌਮ ਬੰਦੀ ਸਿੰਘਾਂ ਦੀ ਰਿਹਾਈ ਵੀ ਕਰਵਾਏਗੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿਵਾ ਕੇ ਹੀ ਰਹੇਗੀ। ਬਾਪੂ ਗੁਰਚਰਨ ਸਿੰਘ ਨੇ ਮੋਰਚੇ ’ਚ ਹਰ ਵੱਧ ਚੜ੍ਹ ਕੇ ਪਹੁੰਚ ਰਹੀ ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Guru Ravidas, SGPC