ਕਿਰਾਏਦਾਰਾਂ ਨੂੰ ਪੰਜਾਬ ਸਰਕਾਰ ਦੀ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਯੂਨਿਟ ਤੋਂ ਵਾਂਝੇ ਰੱਖਣ ਵਾਲੇ ਮਕਾਨ ਮਾਲਕਾਂ ਨੂੰ ਵੀ ਇਸ ਸਹੂਲਤ ਤੋਂ ਹੱਥ ਧੋਣਾ ਪੈ ਸਕਦਾ ਹੈ। ਮੁਫ਼ਤ ਬਿਜਲੀ ਸਹੂਲਤ ਕਿਰਾਏ ਉਪਰ ਰਹਿਣ ਵਾਲੇ ਲੋਕਾਂ ਤੱਕ ਨਾ ਪੁੱਜਣ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅਜਿਹੇ ਮਕਾਨ ਮਾਲਕਾਂ ਜਿਨ੍ਹਾਂ ਵੱਲੋਂ ਕਿਰਾਏਦਾਰਾਂ ਤੋਂ ਮੁਫ਼ਤ ਬਿਜਲੀ ਦੇ ਪੈਸੇ ਵਸੂਲੇ ਜਾ ਰਹੇ ਹਨ, ਉਨ੍ਹਾਂ ਨੂੰ ਪੂਰਾ ਬਿੱਲ ਭਰਨ ਲਈ ਕਹਿ ਸਕਦੀ ਹੈ। ਸਰਕਾਰ ਵੱਲੋਂ ਅਜਿਹੇ ਮਕਾਨ ਮਾਲਕਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ, ਜੇਕਰ ਉਨ੍ਹਾਂ ਦਾ ਬਿੱਲ ਜ਼ੀਰੋ ਆਉਂਦਾ ਹੈ ਤਾਂ ਉਹ ਕਿਰਾਏਦਾਰ ਤੋਂ ਬਿਜਲੀ ਬਿੱਲ ਨਾ ਲੈਣ। ਅਜਿਹੇ ਕਈ ਮਾਮਲੇ ਸਰਕਾਰ ਦੇ ਧਿਆਨ ਵਿੱਚ ਆਏ ਹਨ, ਜਿਸ ਵਿੱਚ ਬਿਜ਼ਲੀ ਬਿੱਲ ਜ਼ੀਰੋ ਆਉਣ ਦੇ ਬਾਵਜੂਦ ਲੋਕ ਆਪਣੇ ਕਿਰਾਏਦਾਰ ਤੋਂ ਬਿਜਲੀ ਦੇ ਪੈਸੇ ਵਸੂਲ ਰਹੇ ਹਨ।
ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕਈ ਮਕਾਨ ਮਾਲਕਾਂ ਵੱਲੋਂ ਕਿਰਾਏਦਾਰਾਂ ਲਈ ਸਬ ਮੀਟਰ ਲਗਾਏ ਗਏ ਹਨ ਅਤੇ ਉਹ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਸੇ ਵਸੂਲਦੇ ਹਨ। ਪਰੰਤੂ ਹੁਣ ਸਰਕਾਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਅਜਿਹੇ ਮਕਾਨ ਮਾਲਕਾਂ ਵਿਰੁੱਧ ਕਾਰਵਾਈ ਕਰਨ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਅਜਿਹੇ ਪੀੜਤ ਕਿਰਾਏਦਾਰਾਂ ਨੂੰ ਇਸ ਸਬੰਧੀ ਸਿ਼ਕਾਇਤ ਨੇੜਲੇ ਬਿਜਲੀ ਘਰਾਂ ਵਿੱਚ ਦਰਜ ਕਰਵਾਉਣ ਲਈ ਵੀ ਕਿਹਾ ਹੈ ਤਾਂ ਜੋ ਉਹ ਵੀ ਸਰਕਾਰ ਦੀ ਇਸ ਸਹੂਲਤ ਦਾ ਫਾਇਦਾ ਚੁੱਕ ਸਕਣ।
ਪੰਜਾਬ ਸਰਕਾਰ ਨੂੰ ਜਾਰੀ ਹੈਲਪਲਾਈਨ ਨੰਬਰ 'ਤੇ ਕਈ ਅਜਿਹੀ ਸਿ਼ਕਾਇਤਾਂ ਮਿਲੀਆਂ ਹਨ, ਜਿਸ ਵਿੱਚ ਕਿਰਾਏਦਾਰਾਂ ਵੱਲੋਂ ਇਹ ਕਿਹਾ ਗਿਆ ਕਿ ਮਕਾਨ ਮਾਲਕ ਖੁਦ ਜ਼ੀਰੋ ਬਿਜਲੀ ਬਿੱਲ ਦੀ ਸਹੂਲਤ ਦਾ ਆਨੰਦ ਮਾਨ ਰਹੇ ਹਨ, ਜਦਕਿ ਉਨ੍ਹਾਂ ਕੋਲੋਂ ਪੈਸੇ ਵਸੂਲ ਕੀਤੇ ਜਾ ਰਹੇ ਹਨ। ਮੋਹਾਲੀ, ਲੁਧਿਆਣਾ ਵਿੱਚ ਕਿਰਾਏਦਾਰਾਂ ਦੀਆਂ ਸਿ਼ਕਾਇਤਾਂ ਤੋਂ ਇਲਾਵਾ ਕਿਰਾਏ ਉਪਰ ਰਹਿ ਰਹੇ ਵਿਦਿਆਰਥੀਆਂ ਵੱਲੋਂ ਆਈਆਂ ਹਨ। ਇਨ੍ਹਾਂ ਸਿ਼ਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਮਕਾਨ ਮਾਲਕ ਦਾ ਬਿੱਲ ਜ਼ੀਰੋ ਆਉਂਦਾ ਹੈ ਅਤੇ ਉਹ ਕਿਰਾਏਦਾਰ ਤੋਂ ਬਿੱਲ ਵਸੂਲਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਜਿਸ ਤਹਿਤ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Punjab government