ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਲਾਰੈਂਸ ਬਿਸ਼ਨੋਈ ਅਗਲੇ ਦੋ ਦਿਨਾਂ ਦਰਮਿਆਨ ਜਾਨਲੇਵਾ ਹਮਲਾ ਹੋ ਸਕਦਾ ਹੈ ਅਤੇ ਉਸ ਉਸ ਨੂੰ ਕਤਲ ਕੀਤਾ ਜਾ ਸਕਦਾ ਹੈ। ਇਹ ਦਾਅਵਾ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਵਕੀਲ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਗੈਂਗਸਟਰਾਂ ਵੱਲੋਂ ਇੱਕ-ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਵਕੀਲ ਵੱਲੋਂ ਲਾਰੈਂਸ ਦੇ ਕਤਲ ਦਾ ਖਦਸ਼ਾ ਪ੍ਰਗਟਾਇਆ ਜਾਪਦਾ ਹੈ।
ਵਕੀਲ ਨੇ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ 'ਤੇ ਦੋ ਦਿਨਾਂ ਵਿੱਚ ਕੋਈ ਜਾਨਲੇਵਾ ਹਮਲਾ ਹੋ ਸਕਦਾ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਅਜਿਹੇ ਇਨਪੁਟ ਮਿਲੇ ਹਨ ਕਿ ਕੱਲ 24 ਤਰੀਕ ਨੂੰ ਪੇਸ਼ੀ ਦੌਰਾਨ ਲਾਰੈਂਸ 'ਤੇ ਹਮਲਾ ਹੋ ਸਕਦਾ ਹੈ।ਦੱਸ ਦੇਹੀਏ ਕਿ ਅਜੇ ਲਾਰੈਂਸ ਬਿਸ਼ਨੋਈ ਬਠਿੰਡਾ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਦੋ ਦਿਨ ਪਹਿਲਾਂ ਹੀ ਉਸਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ ਸੀ।
ਦੱਸਣਾ ਬਣਦਾ ਹੈ ਕਿ ਬੀਤੇ 2 ਦਿਨਾਂ ਦਰਮਿਆਨ ਜਿਥੇ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਪੱਖੀ ਗੋਲਡੀ ਬਰਾੜ ਵੱਲੋਂ ਇੱਕ ਦੂਜੇ ਨੂੰ ਧਮਕੀਆਂ ਭਰੀਆਂ ਪੋਸਟਾਂ ਪਾਈਆਂ ਗਈਆਂ ਹਨ ਅਤੇ ਆਪਣੀ ਹਰ ਪੋਸਟ ਵਿੱਚ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਰਾਜਸਥਾਨ ਵਿਖੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਬੰਬੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਬਾਅਦ ਅੱਜ ਗੈਂਗਸਟਰ ਸੰਪਤ ਨਹਿਰਾ ਵੱਲੋਂ ਵੀ ਧਮਕੀ ਭਰੀ ਪੋਸਟ ਪਾਈ ਗਈ।
ਵਕੀਲ ਨੇ ਕਿਹਾ ਕਿ ਗੈਂਗਸਟਰ ਦੀ ਜਾਨ ਨੂੰ ਇਸ ਲਈ ਵੀ ਖਤਰਾ ਹੈ ਕਿਉਂਕਿ ਕੇਂਦਰੀ ਗ੍ਰਹਿ ਵਿਭਾਗ ਵੀ ਪੰਜਾਬ ਪੁਲਿਸ ਨੂੰ 2 ਵਾਰ ਪੰਜਾਬ ਵਿੱਚ ਗੈਂਗਵਾਰ ਦੇ ਖਦਸ਼ੇ ਨੂੰ ਪ੍ਰਗਟ ਕਰ ਚੁੱਕਿਆ ਹੈ।
ਪੁਲਿਸ ਦੀ ਕਾਰਗੁਜਾਰੀ 'ਤੇ ਵੀ ਚੁੱਕੇ ਸਵਾਲ
ਵਕੀਲ ਨੇ ਪੰਜਾਬ ਪੁਲਿਸ ਦੀ ਕਾਰਗੁਜਾਰੀ 'ਤੇ ਵੀ ਸਵਾਲ ਚੁੱਕੇ। ਲਾਰੈਂਸ ਦੇ ਵਕੀਲ ਨੇ ਵੱਡਾ ਦਾਅਵਾ ਕੀਤਾ ਕਿ ਪੁਲਿਸ ਆਪਣੀਆਂ ਏਜੰਸੀਆਂ ਰਾਹੀਂ ਪੇਸ਼ੀ ਦੌਰਾਨ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਲਾਰੈਂਸ ਬਿਸ਼ਨੋਈ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸਦਾ ਐਨਕਾਊਂਟਰ ਕੀਤਾ ਗਿਆ। ਇਸਦੇ ਨਾਲ ਹੀ ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਲਾਰੈਂਸ ਦੇ ਵਿਰੋਧੀ ਗੈਂਗ ਨੂੰ ਲਾਰੈਂਸ 'ਤੇ ਹਮਲਾ ਦਾ ਵੀ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਜੇਕਰ ਗੈਂਗਸਟਰ ਦੀ ਸੁਰੱਖਿਆ ਵਿੱਚ ਕੋਈ ਢਿੱਲ ਕੀਤੀ ਜਾਂ ਉਸ ਨੂੰ ਪੁਲਿਸ ਹਿਰਾਸਤ ਵਿੱਚ ਕੁੱਝ ਹੋਇਆ ਤਾਂ ਸੁਪਰੀਮ ਕੋਰਟ ਵਿੱਚ ਜਵਾਬ ਦੇਣਾ ਪਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gangsters, Lawrence Bishnoi, Punjab Police