'Letter To CM' ਨਾਲ ਪੰਜਾਬ ਦੇ ਹਾਲਾਤਾਂ 'ਤੇ ਚਾਨਣਾ ਪਾਉਣ ਵਾਲੀ ਗਾਇਕਾ ਜੈਨੀ ਜੌਹਲ ਦਾ ਇਹ ਗੀਤ ਤਾਂ ਭਾਵੇਂ ਬਲਾਕ ਹੋ ਗਿਆ ਹੈ, ਪਰੰਤੂ ਉਸ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੱਲਬਾਤ ਕਰਦੇ ਹੋਏ ਜੈਨੀ ਜੌਹਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗਾਇਕਾ ਨੇ ਉਨ੍ਹਾਂ ਦੇ ਹੱਕ ਵਿੱਚ ਗੀਤ ਕੀ ਗਾ ਦਿੱਤਾ, ਉਸ ਨੂੰ ਲਗਾਤਾਰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਉਨ੍ਹਾਂ ਕਿਹਾ ਕਿ ਗੀਤ ਵਿੱਚ ਗਾਇਕਾ ਨੇ ਉਨ੍ਹਾਂ ਦਾ ਦੁੱਖ ਸਾਝਾ ਕੀਤਾ ਪਰੰਤੂ ਸਰਕਾਰ ਨੂੰ ਇਹ ਵੀ ਮਨਜੂਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਜੈਨੀ ਜੌਹਲ ਦੇ ਹੱਕ ਵਿੱਚ ਖੜੇ ਹਨ, ਭਾਵੇਂ ਇਸ ਲਈ ਉਨ੍ਹਾਂ ਨੂੰ ਜੇਲ੍ਹ ਵੀ ਕਿਉਂ ਨਾ ਜਾਣਾ ਪਵੇ। ਉਨ੍ਹਾਂ ਕਿਹਾ ਕਿ ਇਨਸਾਫ਼ ਮੰਗਣ ਵਾਲਿਆਂ ਨੂੰ ਹੁਣ ਧਮਕਾਇਆ ਜਾਣ ਲੱਗ ਪਿਆ ਹੈ, ਜਿਸ ਤਹਿਤ ਜੈਨੀ ਜੌਹਲ ਨੂੰ ਗੀਤ 'ਤੇ ਕੇਸ ਦਰਜ ਕਰਵਾਉਣ ਲਈ ਧਮਕੀਆਂ ਮਿਲ ਰਹੀਆਂ ਹਨ।
ਮੂਸੇਵਾਲਾ ਦੇ ਮਾਤਾ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਮੁੰਡੇ ਲਈ ਇਨਸਾਫ਼ ਮੰਗਣ ਵਾਲੇ ਨਾਲ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰ ਟੀਨੂੰ ਨੂੰ ਫਰਾਰ ਕਰਵਾਉਣ ਵਾਲੇ ਪ੍ਰਿਤਪਾਲ ਵਰਗੇ ਕਈ ਅਫਸਰ ਅਜਿਹੇ ਹਨ, ਜਿਨ੍ਹਾਂ ਨੇ ਗੈਂਗਸਟਰਾਂ ਨਾਲ ਹੱਥ ਮਿਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਵਿੱਚ ਹਾਲਾਤ ਬਣ ਗਏ ਹਨ, ਉਸ ਨਾਲ ਉਨ੍ਹਾਂ ਦਾ ਸਰਕਾਰ ਅਤੇ ਪੁਲਿਸ ਤੋਂ ਵਿਸ਼ਵਾਸ ਉਠ ਗਿਆ ਹੈ।
4.14 ਮਿੰਟ ਦੇ ਗੀਤ ਨੇ ਮੁੱਖ ਮੰਤਰੀ ਮਾਨ ਨੂੰ ਕੀਤੇ ਸੀ ਤਿੱਖੇ ਸਵਾਲ
ਪੰਜਾਬ ਦੀ ਸਿਆਸਤ ਵਿੱਚ ਭੂਚਾਲ ਲਿਆਉਣ ਵਾਲੇ ਇਸ ਗੀਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਸੀ, ਜਿਸ ਵਿੱਚ ਪੁੱਛਿਆ ਗਿਆ ਸੀ ਕਿ 4 ਮਹੀਨੇ ਹੋ ਗਏ ਹਨ, ਦੱਸੋ ਇਨਸਾਫ਼ ਕਿੱਥੇ ਹੈ। ਜੈਨੀ ਜੌਹਲ ਦਾ ਇਹ ਗੀਤ 8 ਅਕਤੂਬਰ ਨੂੰ ਜਾਰੀ ਹੋਇਆ ਸੀ, ਜਿਸ ਨੂੰ ਬਲਾਕ ਹੋਣ ਤੱਕ 2 ਲੱਖ 32 ਹਜ਼ਾਰ ਤੋਂ ਵੱਧ ਲੋਕਾਂ ਨੇ ਵੇਖਿਆ, ਜਦਕਿ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ।
ਜੈਨੀ ਨੇ ਮੁੱਖ ਮੰਤਰੀ ਭਗਵੰਤ ਨੂੰ ਸਵਾਲ ਕੀਤਾ ਸੀ, 'ਰੰਗਲਾ ਪੰਜਾਬ ਬਣਾਉਣ ਦਾ ਦਾਅਵਾ ਕਰਨ ਵਾਲੇ CM ਸਾਬ ਸਿੱਧੂ ਮੂਸੇਵਾਲਾ ਅਤੇ ਸੰਦੀਪ ਨੰਗਲ ਅੰਬੀਆ ਵਰਗੇ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਹੋਇਆ ਸੀ, ਕੀ ਇਹ ਉਹੀ ਰੰਗਲਾ ਪੰਜਾਬ ਹੈ ਜਿਸ ਦੀ ਤੁਸੀਂ ਕਾਮਨਾ ਕਰਦੇ ਸੀ?'
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Bhagwant Mann, Pollywood, Punjab Congress, Sidhu moosewala murder update, Sidhu moosewala news update