ਚੰਡੀਗੜ੍ਹ: Punjab News: ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕੋ ਸਰੀਰ 'ਚ ਜੁੜੇ ਜੌੜੇ ਭਰਾ ਸੋਹਨ ਸਿੰਘ ਅਤੇ ਮੋਹਨ ਸਿੰਘ, ਜਿਨ੍ਹਾਂ ਨੂੰ ਸੋਹਣਾ-ਮੋਹਨਾ (Sohna-Mohna) ਵਜੋਂ ਜਾਣਿਆ ਜਾਂਦਾ ਹੈ, ਪਿਛਲੇ ਸਾਲ 18 ਸਾਲ ਦੇ ਹੋ ਗਏ ਹਨ, ਨੂੰ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ 12ਵੇਂ ਰਾਸ਼ਟਰੀ ਵੋਟਰ ਦਿਵਸ (12th National Voters' Day) ਮੌਕੇ ਦੋ ਵੱਖ-ਵੱਖ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਸੌਂਪੇ। ਸੀਈਓ ਨੇ ਕਿਹਾ ਕਿ ਸੋਹਨਾ ਅਤੇ ਮੋਹਨਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਦੋਵੇਂ ਵੱਖਰੇ ਤੌਰ 'ਤੇ ਵੋਟ ਪਾ ਸਕਣ ਅਤੇ ਉਨ੍ਹਾਂ ਦੀ ਨਿੱਜਤਾ ਨੂੰ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਸੋਹਨਾ ਅਤੇ ਮੋਹਨਾ ਨੂੰ ਵੱਖਰੇ ਵੋਟਰ ਮੰਨਦਿਆਂ ਦੋਵਾਂ ਨੂੰ ਵਿਅਕਤੀਗਤ ਵੋਟਿੰਗ ਅਧਿਕਾਰ ਦੇਣ ਦਾ ਫੈਸਲਾ ਕੀਤਾ ਸੀ।
ਸੀ.ਈ.ਓ. ਨੇ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਨਵੇਂ ਬਣੇ ਪੰਜ ਵੋਟਰਾਂ ਨੂੰ ਈਪੀਆਈਸੀ ਕਾਰਡ ਸੰਕੇਤਕ ਰੂਪ ਵਿੱਚ ਸੌਂਪੇ, ਜਦਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (ਡੀ.ਸੀ.-ਕਮ. -ਡੀ.ਈ.ਓ.), ਜੋ ਸਮਾਗਮ ਵਿੱਚ ਆਨਲਾਈਨ ਸ਼ਾਮਲ ਹੋਏ, ਨੇ ਜ਼ਿਲ੍ਹਾ ਪੱਧਰ 'ਤੇ ਨਵੇਂ ਬਣੇ ਵੋਟਰਾਂ ਨੂੰ ਈਪੀਆਈਸੀ ਕਾਰਡ ਸੌਂਪੇ। ਇਸ ਮੌਕੇ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਸੁਸ਼ੀਲ ਚੰਦਰਾ ਦਾ ਇੱਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ।
ਡਾ. ਰਾਜੂ ਨੇ ਡੀਈਓਜ਼ ਨਾਲ ਲੋਕਤੰਤਰੀ ਚੋਣ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਚੁੱਕੀ ਸਹੁੰ
ਇਸ ਦੌਰਾਨ, ਸੀ.ਈ.ਓ, ਵਧੀਕ ਸੀ.ਈ.ਓ. ਡੀ.ਪੀ.ਐਸ. ਖਰਬੰਦਾ, ਡੀ.ਈ.ਓਜ਼, ਅਧਿਕਾਰੀਆਂ ਅਤੇ ਹਾਜ਼ਰੀਨ ਨੇ ਲੋਕਤੰਤਰੀ ਚੋਣ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦਾ ਵੀ ਪ੍ਰਣ ਲਿਆ। ਇਸ ਸਾਲ ਦੇ ਰਾਸ਼ਟਰੀ ਵੋਟਰ ਦਿਵਸ ਦਾ ਥੀਮ ਹੈ- ‘ਚੋਣਾਂ ਸਬੰਧੀ ਆਸਾਨ ਪਹੁੰਚ ਅਤੇ ਸ਼ਮੂਲੀਅਤ ਨੂੰ ਯਕੀਨੀ ਬਣਾਉਣਾ’।
ਡਾ. ਰਾਜੂ ਨੇ 'ਨੋਅ ਯੂਅਰ ਕੈਂਡੀਡੇਟ' ਮੋਬਾਈਲ ਐਪਲੀਕੇਸ਼ਨ ਦਾ ਪੋਸਟਰ ਵੀ ਜਾਰੀ ਕੀਤਾ, ਜਿਸ ਦੀ ਵਰਤੋਂ ਕਰਕੇ ਵੋਟਰ ਕਿਸੇ ਵੀ ਉਮੀਦਵਾਰ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜ ਬਾਰੇ ਜਾਣਕਾਰੀ ਲੈ ਸਕਦੇ ਹਨ। ਉਨ੍ਹਾਂ ਨੇ ਮੋਬਾਈਲ ਐਪ ਦਾ ਇੱਕ ਡੈਮੋ ਵੀਡੀਓ ਵੀ ਲਾਂਚ ਕੀਤਾ ਅਤੇ ਸੂਬੇ ਦੇ ਵੋਟਰਾਂ ਨੂੰ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ।
ਲਘੂ ਫਿਲਮ ਮੁਕਾਬਲੇ ਅਤੇ ਪੋਸਟਰ ਡਿਜ਼ਾਈਨ ਮੁਕਾਬਲੇ ਦੇ ਜੇਤੂਆਂ ਦਾ ਵੀ ਕੀਤਾ ਐਲਾਨ
ਸਮਾਗਮ ਦੌਰਾਨ ਪਟਿਆਲਾ ਦੇ ਫਾਈਨ ਆਰਟਸ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੇ ਡੀਸੀ ਦਫ਼ਤਰ ਪਟਿਆਲਾ ਤੋਂ ਇੱਕ ਵਰਚੁਅਲ ਲਾਈਵ ਪੇਂਟਿੰਗ ਬਣਾਈ, ਜਦੋਂ ਕਿ ਮੋਗਾ ਦੇ ਥੀਏਟਰ ਕਲਾਕਾਰਾਂ (ਭੰਡਾਂ)- ਸੁਖਦੇਵ ਸਿੰਘ ਲੱਧੜ ਅਤੇ ਇੰਦਰ ਮਾਣੂੰਕੇ ਨੇ ਮੋਗਾ ਡੀਸੀ ਦਫਤਰ ਤੋਂ ਲਾਈਵ ਹੋ ਕੇ ਕਲਾਕਾਰੀ ਦਿਖਾਈ ਤਾਂ ਜੋ 20 ਫਰਵਰੀ, 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਅਤੇ ਉਤਸ਼ਾਹਿਤ ਕੀਤਾ ਜਾ ਸਕੇ।
ਸੀਈਓ ਨੇ ਲਘੂ ਫਿਲਮ ਮੁਕਾਬਲੇ ਅਤੇ ਪੋਸਟਰ ਡਿਜ਼ਾਈਨ ਮੁਕਾਬਲੇ ਦੇ ਜੇਤੂਆਂ ਦਾ ਐਲਾਨ ਵੀ ਕੀਤਾ। ਜੇਤੂਆਂ ਨੂੰ ਜ਼ਿਲ੍ਹਾ ਪੱਧਰ 'ਤੇ ਇਨਾਮ ਅਤੇ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।