PUNJAB ELECTION 2022: ਸਾਲ 2022 ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਪ੍ਰਾਪਤੀ ਲਈ ਸਾਰੀਆਂ ਪਾਰਟੀਆਂ ਨੇ ਕਮਰ ਕਸੇ ਕੀਤੇ ਹੋਏ ਹਨ। ਲੋਕਾਂ ਨੂੰ ਆਪਣੇ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਲਈ ਪਾਰਟੀ ਲੀਡਰ ਹਰ ਹੀਲਾ ਵਰਤ ਰਹੇ ਹਨ। ਨਿਊਜ਼18 ਪੰਜਾਬ/ਹਰਿਆਣਾ/ਹਿਮਾਚਲ ਵੱਲੋਂ ਇਨ੍ਹਾਂ ਚੋਣਾਂ ਲਈ ਵਿਸ਼ੇਸ਼ ਮੁਹਿੰਮ 'ਰਾਈਜ਼ਿੰਗ ਪੰਜਾਬ' (Rising Punjab) ਦਾ ਲਾਈਵ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਲਾਈਵ ਗੱਲਬਾਤ ਵਿੱਚ ਜਿਥੇ ਆਪਣੇ ਬਾਰੇ ਦੱਸਿਆ, ਉਥੇ ਰਵਾਇਤੀ ਵਿਰੋਧੀ ਪਾਰਟੀ ਅਕਾਲੀ ਦਲ ਨੂੰ ਖੂਬ ਲਪੇਟਿਆ। ਉਨ੍ਹਾਂ ਤੰਜ ਕੱਸਿਆ ਕਿ ਇਹ ਕੋਈ ਬਾਦਲਾਂ ਦੀ ਕਿਤਾਬ ਨਹੀਂ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਵੀ ਜਾਇਦਾਦ ਬਣਾ ਲਓ ਅਤੇ ਇਧਰ ਵੀ ਬਣਾ ਲਓ। ਉਨ੍ਹਾਂ ਦੀ ਜ਼ਿੰਦਗੀ ਖੁੱਲ੍ਹੀ ਕਿਤਾਬ ਹੈ।
ਮੁੱਖ ਮੰਤਰੀ ਚੰਨੀ ਨੇ ਇਸ ਮੌਕੇ ਆਪਣੇ ਆਖਰੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਤੇ ਉਨ੍ਹਾਂ ਦੀ ਕਿਤਾਬ ਹਮੇਸ਼ਾ ਖੁੱਲ੍ਹੀ ਰਹਿੰਦੀ ਹੈ, ਇਹ ਕੋਈ ਬਾਦਲਾਂ ਦੀ ਕਿਤਾਬ ਨਹੀਂ ਹੈ, ਜਿਹੜੀ ਬਾਹਰਲੇ ਦੇਸ਼ਾਂ ਵਿੱਚ ਜਾਇਦਾਦ ਬਣਾ ਲਓ, ਕਿਤੇ ਇਥੇ ਬਣਾ ਲਓ, ਕਿਤੇ ਉਥੇ ਬਣਾ ਲਓ।
'ਮੈਂ ਪੇਂਡੂ ਬੰਦਾ, ਚੋਣਾਂ 'ਚ ਵੇਚ ਦਿੱਤੀ ਸਾਰੀ ਜ਼ਮੀਨ'
ਉਨ੍ਹਾਂ ਕਿਹਾ ਕਿ ਮੇਰੇ ਨਾਂਅ ਇੱਕ ਵੀ ਸਿਆੜ ਨਹੀਂ ਹੈ, ਮੈਂ ਪੇਂਡੂ ਬੰਦਾ ਹਾਂ। ਮੇਰੇ ਕੋਲ ਜਿਹੜੀ 8-10 ਕਿੱਲੇ ਜ਼ਮੀਨ ਸੀ ਉਹ ਸਾਰੀ ਚੋਣਾਂ ਲੜਨ ਵਿੱਚ ਵਿਕ ਗਈ ਹੈ। ਹੁਣ ਮੇਰੇ ਕੋਲ ਥੋੜ੍ਹੀ ਜਿਹੀ ਥਾਂ ਵੀ ਆਪਣੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਜਦੋਂ 2007 ਵਿੱਚ ਚੋਣ ਲੜੀ ਸੀ ਤਾਂ ਮੇਰੇ ਪਿਤਾ ਦੀ ਮਿਹਨਤ ਨਾਲ ਕਮਾਈ 8-10 ਕਿੱਲੇ ਜ਼ਮੀਨ ਸੀ, ਪਰ ਉਦੋਂ ਚੋਣ ਲਈ ਵੇਚਣੀ ਪਈ ਅਤੇ ਜਿਹੜੀ ਬਚੀ ਸੀ ਉਹ ਪਿਛਲੀਆਂ ਚੋਣਾਂ ਦੌਰਾਨ ਸਾਰੀ ਵੇਚ ਦਿੱਤੀ, ਤੇ ਸੁਖਬੀਰ ਬਾਦਲ ਕਹਿੰਦੇ ਹਨ ਕਿ ਉਸ ਕੋਲ ਇੰਨੀ ਜਾਇਦਾਦ ਹੈ, ਫਲਾਣੀ ਥਾਂ ਜਾਇਦਾਦ ਹੈ।
'ਘਰ ਤਾਂ ਗ਼ਰੀਬ ਤੋਂ ਗ਼ਰੀਬ ਕੋਲ ਵੀ ਹੁੰਦਾ ਹੈ, ਮੇਰੇ ਕੋਲ ਹੈ ਤਾਂ ਕੀ ਹੋਇਆ'
ਘਰ ਬਾਰੇ ਪੁੱਛਣ 'ਤੇ ਚੰਨੀ ਨੇ ਕਿਹਾ ਕਿ ਘਰ ਤਾਂ ਗ਼ਰੀਬ ਤੋਂ ਗਰੀਬ ਕੋਲ ਵੀ ਹੈ, ਜੇ ਉਨ੍ਹਾਂ ਕੋਲ ਹੈ ਤਾਂ ਕੀ ਹੋ ਗਿਆ। ਉਨ੍ਹਾਂ ਕਿਹਾ ਕਿ ਮੇਰੇ ਕੋਲ ਜ਼ਮੀਨ ਕੋਈ ਨਹੀਂ ਹੈ। ਉਨ੍ਹਾਂ ਸੁਖਬੀਰ ਬਾਦਲ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸੁੁਖਬੀਰ ਬਾਦਲ ਕਿਸੇ ਕਾਲੋਨੀ ਵਿੱਚ ਖੜਾ ਹੋ ਕੇ ਕਹਿ ਦੇਵੇ ਕਿ ਇਹ ਉਸ ਦੇ ਨਾਂਅ ਹੈ ਤਾਂ ਸ਼ੁਕਰ ਹੋਵੇਗਾ ਕਿ ਉਨ੍ਹਾਂ ਨੂੰ ਵੀ ਕਬਜ਼ਾ ਮਿਲੇਗਾ ਕਿਸੇ ਕਾਲੋਨੀ ਦਾ।
ਉਨ੍ਹਾਂ ਕਿਹਾ ਕਿ ਕਾਲੋਨੀ ਤਾਂ ਛੱਡੋ ਉਨ੍ਹਾਂ ਦੇ ਨਾਂਅ ਕਿਸੇ ਕਾਲੋਨੀ ਵਿੱਚ ਇੱਕ ਪਲਾਟ ਤੱਕ ਵੀ ਨਾਂਅ ਨਹੀਂ ਹੈ ਤੇ ਇਹ ਨਿਤਾਰਾ ਇੱਕ ਨਾ ਇੱਕ ਦਿਨ ਲੋਕਾਂ ਨੇ ਕਰ ਹੀ ਦੇਣਾ ਹੈ।
'ਪੰਜ ਸਾਲਾਂ ਵਿੱਚ ਕਿਹੋ ਜਿਹਾ ਹੋਵੇਗਾ ਪੰਜਾਬ'
ਅਗਲੇ 5 ਵਿੱਚ ਪੰਜਾਬ ਕਿਹੋ ਜਿਹਾ ਹੋਵੇਗਾ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਕੋਈ ਇੱਕ ਲਾਈਨ ਵਿੱਚ ਜਾਂ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਪਰ ਪੰਜਾਬ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਸਦਭਾਵਨਾ ਰਹੇ, ਏਕਤਾ ਰਹੇ ਅਤੇ ਹਰ ਵਰਗ ਸੁਰੱਖਿਅਤ ਹੋਵੇ ਤਾਂ ਜੋ ਹਰ ਕੋਈ ਸੌਖ ਨਾਲ ਪੰਜਾਬ ਵਿੱਚ ਜਿੰਦਗੀ ਜੀਅ ਸਕੇ।
ਉਨ੍ਹਾਂ ਕਿਹਾ ਕਿ ਤੁਸੀ ਵੇਖਿਓ ਕਿਵੇਂ ਪੰਜਾਬ ਵਧੇਗਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰੀ ਆਜ਼ਾਦ ਚੋਣ ਲੜੀ ਸੀ ਤਾਂ ਉਨ੍ਹਾਂ ਨੂੰ ਕੁਦਰਤੀ ਜਹਾਜ਼ ਚੋਣ ਨਿਸ਼ਾਨ ਮਿਲਿਆ ਸੀ, ਤਾਂ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਸ ਜਹਾਜ਼ ਚੜ੍ਹਾ ਦਿਓ, ਤਾਂ ਉਨ੍ਹਾਂ ਨੇ ਗਰੀਬ ਦਾ ਜਹਾਜ਼ ਅਜਿਹਾ ਚੜ੍ਹਾਇਆ ਕਿ ਅੱਜ ਜਹਾਜ਼ ਵਿੱਚ ਘੁੰਮ ਰਿਹਾ ਹੈ।
'ਸੁਖਬੀਰ ਨੂੰ ਮੇਰੇ ਤੋਂ ਸਭ ਤੋਂ ਜ਼ਿਆਦਾ ਤਕਲੀਫ਼'
ਉਨ੍ਹਾਂ ਕਿਹਾ ਕਿ ਜਿਵੇਂ ਭਗਵੰਤ ਮਾਨ ਨੇ ਜਹਾਜ਼ ਵਿੱਚ ਉਨ੍ਹਾਂ ਦੇ ਘੁੰਮਣ ਬਾਰੇ ਕਿਹਾ, ਉਸ ਤਰ੍ਹਾਂ ਇਨ੍ਹਾਂ ਨੂੰ ਇਹ ਵੀ ਤਕਲੀਫ ਹੈ ਕਿ ਇਹ ਜਹਾਜ਼ ਵਿੱਚ ਕਿਉਂ ਜਾਂਦਾ ਹੈ। ਉਨ੍ਹਾਂ ਦੇ ਜਹਾਜ਼ ਵਿੱਚ ਬੈਠਣ 'ਤੇ ਸੁਖਬੀਰ ਬਾਦਲ ਨੂੰ ਸਭ ਤੋਂ ਵੱਧ ਤਕਲੀਫ ਹੈ। ਉਨ੍ਹਾਂ ਕਿਹਾ ਕਿ ਜੇਕਰ ਗਰੀਬ ਦਾ ਮੁੰਡਾ ਜਹਾਜ਼ ਵਿੱਚ ਜਾਂਦਾ ਹੈ ਤਾਂ ਕੀ ਇਨ੍ਹਾਂ ਨੂੰ ਕੋਈ ਤਕਲੀਫ ਹੈ? ਕੀ ਸਿਰਫ਼ ਇਕੱਲੇ ਉਹ ਹੀ ਬੈਠ ਸਕਦੇ ਹਨ?
ਉਨ੍ਹਾਂ ਕਿਹਾ ਕਿ ਪਹਿਲਾਂ ਖੱਡ ਵਿਚੋਂ ਰੇਤਾ ਕੱਢਣ 'ਤੇ 22 ਰੁਪਏ ਦਾ ਮਿਲਦਾ ਸੀ ਹੁਣ 5 ਰੁਪਏ ਕਰ ਦਿੱਤਾ ਹੈ, ਤਾਂ ਇਨ੍ਹਾਂ ਦਾ ਹੁਣ ਢਿੱਡ ਦੁਖਦਾ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਖ਼ੀਰ ਕਿਹਾ ਕਿ ਉਨ੍ਹਾਂ ਦੀ ਦੀ ਸਰਕਾਰ ਦੇ ਸਾਰੇ ਮੰਤਰੀ ਮਿਹਨਤੀ ਹਨ ਅਤੇ ਉਨ੍ਹਾਂ ਦੀ ਸਰਕਾਰ ਦਾ ਸਿਰਫ਼ ਇੱਕ ਹੀ ਟੀਚਾ ਹੋਵੇਗਾ ਕਿ ਪੰਜਾਬ ਤਰੱਕੀ ਕਰੇ ਅਤੇ ਸ਼ਾਨਦਾਰ ਭਵਿੱਖ ਬਣਾਉਣਾ ਹੈ, ਉਹ ਇਸਦਾ ਵਿਸ਼ਵਾਸ ਦਿਵਾਉਂਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, Congress, Punjab Congress, Punjab government, Punjab politics