ਅੰਮ੍ਰਿਤਸਰ: ਗੁਰਬਾਣੀ ਵਿੱਚ ਲਗਾਂ ਮਾਤਰਾ ਨਾਲ ਛੇੜਛਾੜ ਦੇ ਮਾਮਲੇ ਵਿੱਚ ਸ਼ਨੀਵਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਇਕੱਤਰਤਾ ਕਰਕੇ ਦੋਸ਼ੀਆਂ ਨੂੰ ਸਜ਼ਾ ਲਾਈ ਗਈ। ਸਿੰਘ ਸਾਹਿਬਾਨ ਵੱਲੋਂ ਪਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ, ਜਦਕਿ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਧਾਰਮਿਕ ਸਜ਼ਾ ਲਾਈ ਗਈ ਹੈ। ਇਸਦੇ ਨਾਲ ਹੀ ਥਮਿੰਦਰ ਸਿੰਘ ਦੇ 2 ਸਾਥੀਆਂ ਰਾਜਵੰਤ ਸਿੰਘ ਅਤੇ ਭਜਨੀਕ ਸਿੰਘ ਨੂੰ ਧਾਰਮਿਕ ਤਨਖਾਹ ਦੀ ਸਜ਼ਾ ਲਾਈ ਗਈ ਹੈ।
5 ਸਾਲ ਤੱਕ ਕਿਸੇ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ ਲੰਗਾਹ
ਜਾਣਕਾਰੀ ਅਨੁਸਾਰ ਅੱਜ ਪੰਜ ਸਿੰਘ ਸਾਹਿਬਾਨ ਵੱਲੋਂ ਅਮਰੀਕਾ ਵਿਖੇ ਗੁਰਬਾਣੀ ਵਿੱਚ ਲਗਾਂ ਮਾਤਰਾ ਵਿੱਚ ਛੇੜਛਾੜ ਦੇ ਦੋਸ਼ ਵਿੱਚ ਕੁੱਲ 4 ਵਿਅਕਤੀਆਂ ਨੂੰ ਸਜ਼ਾ ਸੁਣਾਈ ਗਈ। ਪੰਜ ਸਿੰਘ ਸਾਹਿਬ ਦੇ ਫੈਸਲੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮ ਜਾਰੀ ਕੀਤੇ। ਥਮਿੰਦਰ ਸਿੰਘ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਹੋਇਆ ਤਾਂ ਸੀਨੀਅਰ ਅਕਾਲੀ ਆਗੂ ਅਤੇ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ 21 ਦਿਨ ਸ੍ਰੀ ਹਰਿਮੰਦਰ ਸਾਹਿਬ ਬਰਤਨ ਸਾਫ ਕਰਨ, 21 ਦਿਨ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਬੈਠ ਕੇ ਪਾਠ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਢਾਡੀ ਸਿੰਘਾਂ ਨੂੰ 21 ਦਿਨ 5100 ਰੁਪਏ ਭੇਟਾ ਕਰਨ ਦੀ ਸਜ਼ਾ ਸੁਣਾਈ ਗਈ ਹੈ। ਇਸਤੋਂ ਇਲਾਵਾ ਸੁੱਚਾ ਸਿੰਘ ਲੰਗਾਹ ਹੁਣ 5 ਸਾਲ ਤੱਕ ਕਿਸੇ ਵੀ ਗੁਰਦੁਆਰਾ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ।
ਥਮਿੰਦਰ ਸਿੰਘ ਦੇ 2 ਸਾਥੀਆਂ ਨੂੰ ਵੀ ਧਾਰਮਿਕ ਸਜ਼ਾ
ਇਸਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਡੱਬੇ ਵਿੱਚ ਬੰਦ ਰੱਖਣ ਵਾਲੇ ਥਮਿੰਦਰ ਸਿੰਘ ਦੇ 2 ਸਾਥੀਆਂ ਰਾਜਵੰਤ ਸਿੰਘ ਨੂੰ 11 ਦਿਨ ਜੋੜੇ ਸਾਫ ਕਰਨ ਅਤੇ 101 ਡਾਲਰ ਗੋਲਕ ਵਿੱਚ ਪਾਉਣ ਦੀ ਸਜ਼ਾ ਅਤੇ ਭਜਨੀਤ ਸਿੰਘ ਨੂੰ 1 ਹਫ਼ਤਾ 1 ਘੰਟਾ ਜੋੜਾ ਸਾਫ ਕਰਨ ਅਤੇ 101 ਡਾਲਰ ਚੜਾਵੇ ਦੇ ਹੁਕਮ ਜਾਰੀ ਕੀਤੇ ਹਨ।
ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਕਿਹਾ ਕਿ ਰਾਜਵੰਤ ਸਿੰਘ, ਭਜਨੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇੱਕ ਡੱਬੇ ਵਿੱਚ ਬੰਦ ਰੱਖੇ ਸਨ, ਰਾਜਵੰਤ ਅਤੇ ਭਜਨੀਤ ਸਿੰਘ ਨੇ ਇੱਥੇ ਆ ਕੇ ਮੁਆਫੀ ਮੰਗੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, SGPC, Shiromani Akali Dal, Sucha