Punjab Election 2022: ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ ਵੱਲੋਂ ਅੱਜ ਪੰਜਾਬ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਲੁਧਿਆਣਾ ਵਿਖੇ ਵਿਰੋਧੀਆਂ ਪਾਰਟੀਆਂ 'ਤੇ ਜੰਮ 'ਤੇ ਹਮਲਾ ਬੋਲਿਆ, ਉਥੇ ਹੀ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਦੱਸਿਆ। ਉਨ੍ਹਾਂ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਤੋਂ ਪਹਿਲਾਂ ਸਿੱਖ ਗੁਰੂਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਇਆ। ਇਸ ਮੌਕੇ ਉਨ੍ਹਾਂ ਨਾਲ ਮਨਜਿੰਦਰ ਸਿਰਸਾ, ਗਜੇਂਦਰ ਸ਼ੇਖਾਵਤ, ਮੀਨਾਕਸ਼ੀ ਲੇਖੀ, ਅਤੇ ਲੁਧਿਆਣਾ ਭਾਜਪਾ ਦੇ ਸੀਨੀਅਰ ਆਗੂ ਅਤੇ ਲੁਧਿਆਣਾ ਭਾਜਪਾ ਦੇ ਸਾਰੇ ਉਮੀਦਵਾਰ ਸਟੇਜ 'ਤੇ ਮੌਜੂਦ ਸਨ।
ਅਮਿਤ ਸ਼ਾਹ ਨੇ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ 2022 ਵਿੱਚ ਪ੍ਰਚਾਰ ਕਰਨ ਲਈ ਪਹਿਲੀ ਵਾਰੀ ਪੰਜਾਬ ਆਏ ਹਨ। ਉਨ੍ਹਾਂ ਕਿਹਾ ਕਿ ਮੈਂ ਗੁਜਰਾਤ ਵਿੱਚ ਰਹਿ ਕੇ ਹਮੇਸ਼ਾ ਪੰਜਾਬੀਆਂ ਨੂੰ ਕੁਰਬਾਨੀ ਕਰਦੇ ਵੇਖਿਆ ਹੈ ਅਤੇ ਕੁਰਬਾਨੀਆਂ ਦਾ ਇਤਿਹਾਸ ਵੇਖ ਕੇ ਬਹੁਤ ਖੁਸ਼ੀ ਹੁੰਦੀ ਸੀ।
ਸ਼ਾਹ ਨੇ ਕਿਹਾ ਕਿ ਪੰਜਾਬ, ਹਿੰਦੁਸਤਾਨ ਦਾ ਜਿਗਰ ਹੈ। ਅੱਜ ਦੇਸ਼ ਵਿੱਚ ਅਜਿਹਾ ਕੋਈ ਘਰ ਨਹੀਂ ਜਿਥੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾ ਲੱਗੀ ਹੋਵੇ। ਉਨ੍ਹਾਂ ਇਸ ਮੌਕੇ ਕਰਤਾਰ ਸਿੰਘ ਸਰਾਭਾ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।
ਕੇਂਦਰੀ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਦੌਰਾਨ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਸੀ ਗਠਜੋੜ ਨੂੰ ਜਿਤਾਓ ਅਤੇ ਉਹ ਲੁਧਿਆਣਾਂ ਦੀ ਸਾਈਕਲ ਨੂੰ ਪੂਰੇ ਵਿਸ਼ਵ ਤੱਕ ਪਹੁੰਚਾ ਦੇਣਗੇ। ਉਨ੍ਹਾਂ ਕਿਹਾ ਕਿ ਐਨਡੀਏ ਦਾ ਚੋਣ ਮਨੋਰਥ ਪੱਤਰ ਤਾਂ ਉਹ ਦੇ ਹੀ ਚੁੱਕੇ ਹਨ। ਇਹ ਚੋਣਾਂ ਕੋਈ ਕਾਮੇਡੀ ਸਰਕਸ ਨਹੀਂ ਹਨ, ਸਗੋਂ ਪੰਜਾਬ ਦਾ ਭਵਿੱਖ ਸੰਵਾਰਨ ਦੀ ਵੰਗਾਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੇਕਰ ਕੋਈ ਸਰਕਾਰ ਹੈ ਤਾਂ ਉਹ ਭਾਜਪਾ ਦੀ ਮੋਦੀ ਸਰਕਾਰ ਹੀ ਹੈ, ਜਿਹੜੀ ਦੇਸ਼ ਨੂੰ ਸੁਰੱਖਿਅਤ ਰੱਖ ਸਕਦੀ ਹੈ ਅਤੇ ਪੰਜਾਬ ਦੀ ਸੁਰੱਖਿਆ ਲਈ ਐਨਡੀਏ ਦੀ ਸਰਕਾਰ ਜ਼ਰੂਰੀ ਹੈ। ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਜੇਕਰ ਚਰਨਜੀਤ ਸਿੰਘ ਚੰਨੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਨਹੀਂ ਦੇ ਸਕਦਾ ਤਾਂ ਪੰਜਾਬ ਨੂੰ ਵੀ ਸੁਰੱਖਿਆ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੱਕ ਅਜਿਹੀ ਸਰਕਾਰ ਚਾਹੀਦੀ ਹੈ, ਜਿਹੜੀ ਮੋਦੀ ਜੀ ਦੇ ਹੱਥ ਮਜਬੂਤ ਕਰ ਸਕੇ ਅਤੇ ਜੇਕਰ ਇੱਕ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣ ਗਈ ਤਾਂ ਅੱਤਵਾਦ ਨੂੰ ਭੁੱਲ ਜਾਓਗੇ।
ਅਕਾਲੀ ਦਲ 'ਤੇ ਨਿਸ਼ਾਨਾ ਲਾਉਂਦੇ ਉਨ੍ਹਾਂ ਕਿਹਾ ਕਿ ਇਸ ਨੇ ਪੰਜਾਬ ਦੀ ਜਰਖੇਜ ਭੂਮੀ ਨੂੰ ਜ਼ਹਿਰ ਬਣਾ ਦਿੱਤਾ ਹੈ, ਜਦਕਿ ਆਮ ਆਦਮੀ ਪਾਰਟੀ 'ਤੇ ਨਿਸ਼ਾਨ ਵਿੰਨ੍ਹਦਿਆਂ ਕਿਹਾ ਕਿ ਕੇਜਰੀਵਾਲ ਨੇ ਪੂਰੀ ਦਿੱਲੀ ਨੂੰ ਸ਼ਰਾਬ ਵਿੱਚ ਡੁਬੋ ਦਿੱਤਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।