ਚੰਡੀਗੜ੍ਹ: Punjab Budget 2022: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) (Akali Dal United) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ (Parminder Singh Dhindsa) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Mann Budget 2022) ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਪਹਿਲਾ ਬਜਟ (First Budget of AAP) ਲੋਕਾਂ ਦੀਆਂ ਉਮੀਦਾਂ ਤੋਂ ਉਲਟ ਸਾਬਿਤ ਹੋਇਆ ਹੈ। ਸਾਬਕਾ ਵਿੱਤ ਮੰਤਰੀ ਨੇ ਇਸ ਬਜਟ ਨੂੰ ਸਰਕਾਰ ਦੀ ਫੌਕੀ ਲਿਫਾਫੇਬਾਜ਼ੀ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਇਹ ਬਜਟ ਪਿਛਲੇ ਸਰਕਾਰਾਂ ਦੌਰਾਨ ਪੇਸ਼ ਕੀਤੇ ਬਜਟ ਦਾ ਕੇਵਲ ਦਹਰਾਉ ਅਤੇ ਅੰਕੜਿਆਂ ਦਾ ਫੇਰਬਦਲ ਹੀ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸੱਤਾ ਪ੍ਰਾਪਤੀ ਲਈ ਪੰਜਾਬਵਾਸੀਆਂ ਨੂੰ ਦਿੱਤੀਆਂ ਵੱਡੀਆਂ-ਗਰੰਟੀਆਂ ਦਾ ਕੋਈ ਜਿ਼ਕਰ ਤੱਕ ਨਹੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੀ ਮਾਲੀ ਹਾਲਤ ਸੁਧਰਣ ਦੀ ਦਿਸ਼ਾ ਵਿੱਚ ਵੀ ਕੋਈ ਢੁਕਵਾਂ ਕਦਮ ਨਹੀ ਚੁੱਕਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਜਟ ਵਿੱਚ ਵਾਅਦਿਆਂ ਮੁਤਾਬਕ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਐਲਾਨ ਕਰਨਾ ਚਾਹੀਦਾ ਸੀ। ਇਸ ਤੋਂ ਇਲਾਵਾ ਰੇਤ ਮਾਫ਼ੀਆ ਖਤਮ ਕਰਕੇ 20 ਹਜ਼ਾਰ ਕਰੋੜ ਰੁਪਏ ਸੂਬੇ ਦੇ ਵਿਕਾਸ `ਤੇ ਲਾਉਣ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ਼ ਅਤੇ ਦਵਾਈਆਂ ਦੇਣ ਵਰਗੇ ਕੀਤੇ ਗਏ ਵਾਅਦੇ ਪੂਰੇ ਕਰਨੇ ਚਾਹੀਦੇ ਸਨ ਪਰ ਮਾਨ ਸਰਕਾਰ ਨੇ ਅਜਿਹਾ ਨਾ ਕਰਕੇ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ `ਤੇ ਪਾਣੀ ਫੇਰ ਦਿੱਤਾ ਹੈ।
ਮਾਨ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ `ਤੇ ਪ੍ਰਤੀਕਰਮ ਦਿੰਦਿਆਂ ਸ: ਢੀਂਡਸਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਮੁੱਦੇ ਪਹਿਲਾਂ ਸਨ, ਉਹੀ ਮੁੱਦੇ ਅਤੇ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ ਅਤੇ ਮਾਨ ਸਰਕਾਰ ਕੇਵਲ ਬਿਆਨਬਾਜ਼ੀ ਨਾਲ ਹੀ ਲੋਕਾਂ ਦੇ ਢਿੱਡ ਭਰਨ ਦੀ ਕੋਸਿ਼ਸ਼ ਕਰ ਰਹੀ ਹੈ ਜਦੋਂ ਕਿ ਅਸਲੀਅਤ ਵਿੱਚ ਸਰਕਾਰ ਕੋਲੇ ਸੂਬੇ ਨੂੰ ਵਿਕਾਸ ਦੇ ਰਾਹ `ਤੇ ਤੋਰਨ ਦੀ ਕੋਈ ਪੁਖਤਾ ਨੀਤੀ ਹੀ ਨਹੀ ਹੈ।
ਸ: ਢੀਂਡਸਾ ਨੇ ਕਿਹਾ ਕਿ ਵਰਤਮਾਨ ਸਰਕਾਰ ਦਾ ਕੰਮ ਸੂਬੇ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਬਣ ਚੁੱਕਾ ਹੈ ਅਤੇ ਹਾਲ ਹੀ ਵਿੱਚ ਸੰਗਰੂਰ ਜਿ਼ਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਨੇ ਇਹ ਗੱਲ ਵੀ ਸਾਬਿਤ ਕਰ ਦਿੱਤੀ ਹੈ ਕਿ ਕੇਵਲ ਤਿੰਨ ਮਹੀਨਿਆਂ ਵਿੱਚ ਹੀ ਪੰਜਾਬ ਦੇ ਲੋਕਾਂ ਦਾ ‘ਆਪ’ ਪ੍ਰਤੀ ਮੋਹ ਭੰਗ ਹੋ ਗਿਆ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akali Dal, Budget 2022, Parminder Singh Dhindsa, Punjab Budget 2022, Punjab politics