ਚੰਡੀਗੜ੍ਹ: ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਇਸ ਕਾਲਜ ਅਤੇ ਹਸਪਤਾਲ ਲਈ 341.50 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਵਿਵਸਥਾ ਕੀਤੀ ਗਈ ਹੈ। ਡਾ. ਰਾਜ ਕੁਮਾਰ ਵੇਰਕਾ ਅੱਜ ਇੱਥੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ‘ਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਵੀ.ਸੀ. ਡਾ. ਰਾਜ ਬਹਾਦਰ, ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਵਨੀਸ਼ ਕੁਮਾਰ, ਜਾਇੰਟ ਡਾਇਰੈਕਟਰ ਡਾ. ਆਕਾਸ਼ਦੀਪ ਅਤੇ ਡਾ. ਪੁਨੀਤ ਗਿਰਧਰ ਹਾਜ਼ਰ ਸਨ।
ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਵੱਲੋਂ 1920 ਤੋਂ ਸਿਹਤ ਦੇ ਖੇਤਰ ਵਿੱਚ ਨਿਭਾਈ ਜਾ ਰਹੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਅੱਜ ਏਥੇ ਡਾ. ਵੇਰਕਾ ਨੇ ਕਿਹਾ ਉਹ ਅੰਮਿ੍ਰਤਸਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਰਤਸਰ ਦਾ ਪੱਧਰ ਉੱਚਾ ਚੁੱਕਣ ਦੀ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਆਖਿਆ। ਇਸੇ ਵੇਲੇ ਮੈਡੀਕਲ ਕਾਲਜ ਵਿੱਚ 190.36 ਕਰੋੜ ਦੇ ਪ੍ਰੋਜੈਕਟ ਚੱਲ ਰਹੇ ਹਨ। ਇਸ ਦਾ ਇਸੇ ਸਮੇਂ ਤੱਕ 60 ਫ਼ੀਸਦੀ ਕੰਮ ਪੂਰਾ ਹੋ ਗਿਆ ਹੈ। ਗੌਰਤਲਬ ਹੈ ਕਿ ਮੈਡੀਕਲ ਕਾਲਜ ਵਿੱਚ 16.5 ਕਰੋੜ ਰੁਪਏ ਦੇ ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਬੇਸਿਕ ਸਾਇੰਸ ਬਲਾਕ ਅਤੇ ਸਟੂਡੈਂਟ ਸੈਂਟਰ ਸ਼ਾਮਲ ਹਨ।
ਡਾ. ਵੇਰਕਾ ਅਨੁਸਾਰ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਚ 134.64 ਕਰੋੜ ਰੁਪਏ ਦੇ ਹੋਰ ਨਵੇਂ ਪ੍ਰੋਜੈਕਟ ਪ੍ਰਵਾਨਗੀ ਦੀ ਪ੍ਰਕਿਰਿਆ ਅਧੀਨ ਹਨ। ਇਨ੍ਹਾਂ ਵਿੱਚ ਐਸ.ਟੀ.ਪੀ., ਈ.ਟੀ.ਪੀ., ਸੀਵਰੇਜ ਲਾਈਨ, ਵਾਰਡਨ ਹਾਊਸਜ਼, ਓਪਨ ਏਅਰ ਥੀਏਟਰ, ਡਾਕਰਟਾਂ ਦੀ ਰਿਹਾਇਸ਼, ਲੜਕਿਆਂ ਦਾ ਨਵਾਂ ਹੋਸਟਲ, ਖੇਡ ਸੁਵਿਧਾਵਾਂ, ਟੀ ਬੀ ਹਸਪਤਾਲ, ਮਾਡਲ ਬਲੱਡ ਬੈਂਕ, ਟਰੌਮਾ ਸੈਂਟਰ/ਐਮਰਜੈਂਸੀ ਬਲਾਕ ਦਾ ਕੰਮ ਸ਼ਾਮਲ ਹਨ, ਜਿਸਨੂੰ ਦਸੰਬਰ 2022 ਤੱਕ ਪੂਰੇ ਕੀਤੇ ਜਾਣ ਦਾ ਪ੍ਰਸਤਾਵ ਹੈ, ਜਦਕਿ ਟਰੌਮਾ ਸੈਂਟਰ/ਐਮਰਜੈਂਸੀ ਬਲਾਕ ਨੂੰ ਮੁਕੰਮਲ ਕਰਨ ਦਾ ਟੀਚਾ ਮਾਰਚ 2023 ਨਿਰਧਾਰਤ ਕੀਤਾ ਗਿਆ ਹੈ।
ਡਾ. ਵੇਰਕਾ ਨੇ ਇਸ ਸਾਰੇ ਕੰਮਾਂ ਨੂੰ ਸਮੇਂ ਸਿਰ ਅਮਲ ਵਿੱਚ ਲਿਆਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਤਾਂ ਜੋ ਲੋਕਾਂ ਨੂੰ ਵਧੀਆ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਸਕਣ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Charanjit Singh Channi, College, Hospital, Medical, Punjab government, Raj Kumar Verka