• Home
 • »
 • News
 • »
 • punjab
 • »
 • CHANDIGARH PUNJAB CAPTAIN QUITS CONGRESS FIRST CAPTAINS ALLIANCE CLAIMS SHAKE UP PUNJABS POLITICS KS

ਗਠਜੋੜ ਤੋਂ ਪਹਿਲਾਂ ਕੈਪਟਨ ਆਪਣੀ ਧੌਣ ਤੋਂ ਕਾਂਗਰਸੀ ਜੂਲਾ ਲਾਵੇ; ਗਠਜੋੜ ਦੇ ਦਾਅਵਿਆਂ 'ਤੇ ਪੰਜਾਬ 'ਚ ਸਿਆਸੀ ਭੂਚਾਲ

PUNJAB POLITICS: ਕੈਪਟਨ ਦੇ ਸਮਾਨ ਸੋਚ ਵਾਲੀਆਂ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਡ੍ਰੈਮੋਕ੍ਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸਮਝੌਤਾ ਕਰਨ ਦਾ ਦਾਅਵੇ 'ਤੇ ਦੋਵਾਂ ਪਾਰਟੀਆਂ ਨੇ ਗਠਜੋੜ ਦੀਆਂ ਕਿਆਸਰਾਈਆਂ ਨੂੰ ਅਜੇ ਤੱਕ ਖਾਰਜ ਕੀਤਾ ਹੈ। ਨਾਲ ਹੀ ਵਿਰੋਧੀ ਪਾਰਟੀਆਂ ਨੇ ਕੈਪਟਨ ਨੂੰ ਬੀ ਟੀਮ ਦੱਸਿਆ।

 • Share this:
  ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Caption) ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਨੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਭੂਚਾਲ ਲਿਆ ਦਿੱਤਾ ਹੈ। ਇਸਦੇ ਨਾਲ ਉਨ੍ਹਾਂ ਇੱਕੋ ਸੋਚ ਵਾਲੀਆਂ ਕੁੱਝ ਪਾਰਟੀਆਂ ਨਾਲ ਗਠਜੋੜ ਹੋਣ ਦਾ ਦਾਅਵਾ ਕੀਤਾ ਹੈ। ਇਸ ਸਾਰੇ ਘਟਨਾਕ੍ਰਮ 'ਤੇ ਹੁਣ ਵਿਰੋਧੀ ਪਾਰਟੀਆਂ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲਾਂ ਕਾਂਗਰਸ ਛੱਡਣ ਲਈ ਕਹਿ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਜੇ ਵੀ ਨਿਰਾਸ਼ ਕਾਂਗਰਸੀ ਹਨ।

  ਜ਼ਿਕਰਯੋਗ ਹੈ ਕਿ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸਲਾਹਕਾਰ ਦੇ ਟਵਿੱਟਰ ਹੈਂਡਲ ਰਾਹੀਂ ਪੰਜਾਬ ਦੀ ਹਵਾ ਨੂੰ ਨਵਾਂ ਰੁੱਖ ਦਿੱਤਾ ਹੈ। ਟਵੀਟ ਵਿੱਚ ਕੈਪਟਨ ਦੇ ਪੰਜਾਬ ਦੇ ਭਵਿੱਖ ਦੀ ਜੰਗ ਸ਼ੁਰੂ ਹੋਣ ਅਤੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਤੱਕ ਆਰਾਮ ਨਾ ਕਰਨ ਦੇ ਬਿਆਨ ਨੇ ਵਿਰੋਧੀਆਂ ਨੂੰ ਵੀ ਬੇਅਰਾਮ ਕਰ ਦਿੱਤਾ ਹੈ।ਕੈਪਟਨ ਦੇ ਇਨ੍ਹਾਂ ਟਵੀਟਾਂ ਨੇ ਜਿਵੇਂ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਵਿਰੋਧੀ ਪਾਰਟੀਆਂ ਦੇ ਆਗੂ ਵੀ ਗਠਜੋੜ 'ਤੇ ਆਪਣੇ-ਆਪਣੇ ਬਿਆਨ ਦੇ ਰਹੇ ਹਨ।

  ਕੈਪਟਨ ਦੇ ਸਮਾਨ ਸੋਚ ਵਾਲੀਆਂ ਪਾਰਟੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਡ੍ਰੈਮੋਕ੍ਰੇਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸਮਝੌਤਾ ਕਰਨ ਦਾ ਦਾਅਵੇ 'ਤੇ ਦੋਵਾਂ ਪਾਰਟੀਆਂ ਨੇ ਗਠਜੋੜ ਦੀਆਂ ਕਿਆਸਰਾਈਆਂ ਨੂੰ ਅਜੇ ਤੱਕ ਖਾਰਜ ਕੀਤਾ ਹੈ।

  ਪਹਿਲਾਂ ਕਾਂਗਰਸ ਛੱਡਣ ਕੈਪਟਨ, ਫੇਰ ਵੇਖਾਂਗੇ ਗਠਜੋੜ, ਅਜੇ ਸਿਰਫ਼ ਇਹ ਅਟਕਲਾਂ: ਢੀਂਡਸਾ

  ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਕੈਪਟਨ ਦੇ ਗਠਜੋੜ ਦੇ ਦਾਅਵੇ 'ਤੇ ਕਿਹਾ ਕਿ ਨਾ ਤਾਂ ਕੈਪਟਨ ਵੱਲੋਂ ਨਾ ਹੀ ਅਜੇ ਤੱਕ ਕੋਈ ਪ੍ਰਸਤਾਵ ਭੇਜਿਆ ਹੈ ਅਤੇ ਨਾ ਹੀ ਕੋਈ ਸੰਪਰਕ ਕੀਤਾ ਗਿਆ ਹੈ। ਦੋਵੇਂ ਆਗੂਆਂ ਨੇ ਗਠਜੋੜ ਦੇ ਦਾਅਵੇ ਨੂੰ ਅਜੇ ਤੱਕ ਇਹ ਕਹਿੰਦਿਆਂ ਖਾਰਜ ਕੀਤਾ ਹੈ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਛੱਡਣੀ ਚਾਹੀਦੀ ਹੈ।

  ਪਹਿਲਾਂ ਕਾਂਗਰਸ ਛੱਡਣ ਕੈਪਟਨ, ਫੇਰ ਵੇਖਾਂਗੇ ਗਠਜੋੜ, ਅਜੇ ਸਿਰਫ਼ ਇਹ ਅਟਕਲਾਂ: ਢੀਂਡਸਾ


  ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ News18 ਨਾਲ ਗੱਲਬਾਤ ਦੌਰਾਨ ਕਿਹਾ, ''ਮੇਰੇ ਲਈ ਅਜੇ ਇਸ ਮੁੱਦੇ 'ਤੇ ਕੋਈ ਟਿੱਪਣੀ ਕਰਨੀ ਬਹੁਤ ਮੁਸ਼ਕਿਲ ਹੈ ਕਿਉਂਕਿ ਕੈਪਟਨ ਅਜੇ ਕਾਂਗਰਸ ਦਾ ਹਿੱਸਾ ਹਨ। ਪਹਿਲਾਂ ਉਹ ਕਾਂਗਰਸ ਪਾਰਟੀ ਨੂੰ ਛੱਡਣ। ਉਨ੍ਹਾਂ ਦੀ ਸਟੇਟਮੈਂਟ ਵਿੱਚ ਅਜੇ ਬਹੁਤ ਕੁੱਝ ਜੇ ਅਤੇ ਪਰੰਤੂ ਹਨ। ਸਾਡੀ ਕੈਪਟਨ ਨਾਲ ਕੋਈ ਮੀਟਿੰਗ ਨਹੀਂ ਹੋਈ ਅਤੇ ਨਾ ਹੀ ਇਸ ਮੁੱਦੇ ਬਾਰੇ ਕੋਈ ਗੱਲਬਾਤ ਹੋਈ ਹੈ ਅਤੇ ਸਾਡੀ ਪਾਰਟੀ ਦਾ ਇੱਕ ਸਟੈਂਡ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਉਣਾ।''

  ਉਨ੍ਹਾਂ ਗੱਲਬਾਤ ਦੌਰਾਨ ਕਿਹਾ, ''ਕੈਪਟਨ ਅਜੇ ਵੀ ਨਿਰਾਸ਼ ਹਨ। ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਨਾਲ ਸਾਡਾ ਕੋਈ ਲੈਣ-ਦੇਣ ਨਹੀਂ ਹੈ। ਇਹ ਸਿਰਫ਼ ਅਟਕਲਾਂ ਹਨ। ਪੰਜਾਬ ਨੂੰ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਬਦਲ ਦੀ ਲੋੜ ਹੈ। ਮੈਂ ਅਜੇ ਵੀ ਸੋਚਦਾ ਹਾਂ ਕਿ ਉਹ ਇੱਕ ਕਾਂਗਰਸੀ ਹਨ ਅਤੇ ਵੱਖ ਨਹੀਂ ਹੋਏ।''

  ਗਠਜੋੜ 'ਤੇ ਬੋਲੇ ਬ੍ਰਹਮਪੁਰਾ; ਕੈਪਟਨ ਨੇ ਕਦੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ

  ਉਧਰ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਕੈਪਟਨ ਦੇ ਉਨ੍ਹਾਂ ਨਾਲ ਗਠਜੋੜ ਦੇ ਦਾਅਵੇ ਨੂੰ ਸਿਰ੍ਹੇ ਤੋਂ ਖਾਰਜ ਕਰਦਿਆਂ ਕਿਹਾ ਕਿ ਕੈਪਟਨ ਨਾਲ ਉਨ੍ਹਾਂ ਦੀ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਗਠਜੋੜ ਬਾਰੇ ਉਨ੍ਹਾਂ ਦੀ ਪਾਰਟੀ ਕਦੇ ਪਹਿਲ ਨਹੀਂ ਕਰੇਗੀ।

  ਕੈਪਟਨ ਨੇ ਗਠਜੋੜ ਬਾਰੇ ਕਦੇ ਸੰਪਰਕ ਨਹੀਂ ਕੀਤਾ: ਰਣਜੀਤ ਸਿੰਘ ਬ੍ਰਹਮਪੁਰਾ


  ਨਿਊਜ਼18 ਨਾਲ ਗੱਲਬਾਤ ਦੌਰਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ, ''ਕੈਪਟਨ ਨੇ ਕਦੇ ਉਨ੍ਹਾਂ ਨੂੰ ਕਾਲ ਨਹੀਂ ਕੀਤੀ, ਨਾ ਹੀ ਪਿਛਲੇ ਕੁੱਝ ਸਾਲਾਂ ਤੋਂ ਮੈਨੂੰ ਅਤੇ ਢੀਂਡਸਾ ਨੂੰ ਮਿਲੇ ਹਨ। ਇਸ ਖ਼ਬਰ ਦਾ ਕੋਈ ਆਧਾਰ ਨਹੀਂ, ਨਾ ਹੀ ਕੈਪਟਨ ਨਾਲ ਕੋਈ ਗੱਲਬਾਤ ਹੋਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਕਿਸਾਨੀ ਮੁੱਦਾ ਹੱਲ ਹੋਵੇਗਾ, ਜਿਸ ਵਿੱਚ 700 ਕਿਸਾਨਾਂ ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਨੂੰ ਕਦੇ ਪਹਿਲਾਂ ਸੰਪਰਕ ਨਹੀਂ ਕਰਾਂਗੇ, ਜੇ ਖੇਤੀ ਕਾਨੂੰਨ ਵਾਪਸ ਲਏ ਜਾਂਦੇ ਹਨ ਤਾਂ ਬਾਅਦ ਭਵਿੱਖ ਵਿੱਚ ਸੋਚਿਆ ਜਾਵੇ ਅਤੇ ਸਾਮਾਨ ਸੋਚ ਵਾਲੇ ਲੋਕਾਂ ਨਾਲ ਜਾਵਾਂਗੇ। ਪਰ ਅਸੀਂ ਬੀਜੇਪੀ ਨਾਲ ਨਹੀਂ ਜਾਵਾਂਗੇ, ਕਿਉਂਕਿ ਭਾਜਪਾ ਕਿਸਾਨ ਵਿਰੋਧੀ ਹੈ।''

  ਕੈਪਟਨ, ਭਾਜਪਾ ਦੀ 'ਬੀ' ਟੀਮ: ਅਕਾਲੀ ਦਲ ਬਾਦਲ


  ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਜਪਾ ਨਾਲ ਗਠਜੋੜ ਕਰਨ ਬਾਰੇ ਕਹੇ ਜਾਣ ਬਾਰੇ ਸ਼੍ਰੋ੍ਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਅਤੇ ਹਰਸਿਮਰਤ ਕੌਰ ਬਾਦਲ ਨੇ ਤਿੱਖਾ ਹਮਲਾ ਕੀਤਾ ਹੈ। ਹਰਸਿਮਰਤ ਬਾਦਲ ਨੇ ਕੈਪਟਨ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਭਾਜਪਾ ਦੀ ਬੀ ਟੀਮ ਹਨ। ਇਸ ਲਈ ਹੀ ਪੰਜਾਬ ਵਿੱੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਉਣ ਦੀ ਵਕਾਲਤ ਕਰ ਰਹੇ ਹਨ।

  ਕੈਪਟਨ, ਭਾਜਪਾ ਦੀ 'ਬੀ' ਟੀਮ: ਅਕਾਲੀ ਦਲ ਬਾਦਲ


  ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜੇਕਰ ਉਹ ਸੱਚਮੁੱਚ ਕਿਸਾਨਾਂ ਦੇ ਪੱਖ ਵਿੱਚ ਹਨ ਤਾਂ ਫਿਰ ਕਿਸਾਨ ਮਾਰੂ ਕਾਨੂੰਨ ਲਾਗੂ ਕਰਨ ਵਾਲੀ ਮੋਦੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ।

  ਕੈਪਟਨ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨਾਲ: ਪਰਗਟ ਸਿੰਘ

  ਉਧਰ, ਪੰਜਾਬ ਕਾਂਗਰਸ ਨੇ ਵੀ ਕੈਪਟਨ ਦੇ ਟਵੀਟਾਂ ਨੂੰ ਲੈ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਨਾਲ ਗਠਜੋੜ ਕਰਨ ਦੀਆਂ ਅਟਕਲਾਂ 'ਤੇ ਤਿੱਖਾ ਹਮਲਾ ਕੀਤਾ ਹੈ। ਪਰਗਟ ਸਿੰਘ ਨੇ ਇਸ ਚੋਣਾਂ ਤੋਂ ਪਹਿਲਾਂ ਹੀ ਹੋਇਆ ਗਠਜੋੜ ਕਿਹਾ ਹੈ।

  ਕੈਪਟਨ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਨਾਲ: ਪਰਗਟ ਸਿੰਘ


  ਉਨ੍ਹਾਂ ਕਿਹਾ ਕਿ ਇਹ ਚੋਣਾਂ ਤੋਂ ਬਾਅਦ ਦਾ ਗਠਜੋੜ ਨਹੀਂ ਹੈ, ਸਗੋਂ ਚੋਣਾਂ ਤੋਂ ਪਹਿਲਾਂ ਹੀ ਕੀਤਾ ਗਿਆ ਗਠਜੋੜ ਹੈ। ਉਨ੍ਹਾਂ ਨਾਲ ਹੀ ਅਕਾਲੀ ਦਲ 'ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਬਾਦਲ ਵੀ ਅਕਾਲੀ ਦਲ ਨਾਲ ਮਿਲੇ ਹੋਏ ਹਨ।ਉਨ੍ਹਾਂ ਕਿਹਾ ਕਿ ਕੈਪਟਨ ਹਮੇਸ਼ਾ ਤੋਂ ਭਾਜਪਾ ਨਾਲ ਗਠਜੋੜ ਵਿੱਚ ਹਨ।

  ਕੈਪਟਨ ਨੇ 4 ਸਾਲ SAD-BJP ਨਾਲ ਮਿਲ ਕੇ ਹੀ ਤਾਂ ਸਰਕਾਰ ਚਲਾਈ: ਰਾਜਾ ਵੜਿੰਗ

  ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਟਵੀਟ ਕੀਤਾ ਹੈ ਕਿ ਉਂਜ ਵੀ ਕੈਪਟਨ ਨੇ ਅਕਾਲੀ ਦਲ ਤੇ ਭਾਜਪਾ ਨਾਲ ਮਿਲ ਕੇ ਹੀ 4 ਸਾਲ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ।

  इश्क़ और मुश्क छिपाए नहीं छिपते!


  ਉਨ੍ਹਾਂ ਟਵੀਟ ਕੀਤਾ-ਇਸ਼ਕ ਮੁਸ਼ਕ ਛੁਪਾਏ ਨਹੀਂ ਛਿਪਤੇ! ਦਿਲ ਕੀ ਬਾਤ ਆਖਰ ਜੁਬ੍ਹਾਂ ਪਰ ਆ ਹੀ ਜਾਤੀ ਹੈ! 4 ਸਾਲ SAD-BJPਨਾਲ ਮਿਲ ਕੇ ਹੀ ਤਾਂ ਤੁਸੀਂ ਸਰਕਾਰ ਚਲਾਈ ਹੈ। ਕਾਂਗਰਸ ਨੂੰ ਪੰਜਾਬ ਵਿਚ ਕਮਜ਼ੋਰ ਕਰਨ ਲਈ ਹਰ ਕੰਮ ਕੀਤਾ ਹੈ। ਹੁਣ ਆਪਣੀ ਨਵੀਂ ਪਾਰਟੀ ਵਿਚ ਆਪਣੇ ਭਤੀਜੇ (ਬਾਦਲ) ਨੂੰ ਸ਼ਾਮਲ ਨਾ ਕਰਨ ਦਾ ਡਰਾਮਾ ਕਿਉਂ?

  ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਕੀਤੇ 3 ਟਵੀਟਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਵਿਰੋਧੀਆਂ ਨੂੰ ਵੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਕੈਪਟਨ ਨੇ ਟਵੀਟਾਂ ਵਿੱਚ ਜਿਥੇ ਕਿਸਾਨੀ ਮੁੱਦਾ ਹੱਲ 'ਤੇ ਹੋਣ ਭਾਜਪਾ ਨਾਲ ਗਠਜੋੜ ਬਾਰੇ ਗੱਲਬਾਤ ਕੀਤੀ ਹੈ, ਉਥੇ ਹੀ ਸਾਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਗਠਜੋੜ ਦਾ ਦਾਅਵਾ ਵੀ ਕੀਤਾ। ਹਾਲਾਂਕਿ ਸਾਮਾਨ ਸੋਚ ਵਾਲੀਆਂ ਪਾਰਟੀਆਂ ਦੇ ਆਗੂ ਇਸ ਨੂੰ ਅਜੇ ਦੂਰ ਦੀ ਕੋਢੀ ਦੱਸ ਰਹੇ ਹਨ।
  Published by:Krishan Sharma
  First published: