• Home
 • »
 • News
 • »
 • punjab
 • »
 • CHANDIGARH PUNJAB CONGRESS GOVTS LACK OF SERIOUSNESS AND ADMINISTRATIVE LAXITY RESPONSIBLE FOR POWER CRISIS AKALI DAL KS

ਬਿਜਲੀ ਸੰਕਟ ਲਈ ਕਾਂਗਰਸ ਸਰਕਾਰ ਦੀ ਗ਼ੈਰ-ਸੰਜੀਦਗੀ ਅਤੇ ਪ੍ਰਸ਼ਾਸਕੀ ਢਿੱਲ ਜ਼ਿੰਮੇਵਾਰ: ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਫੈਸਲਾ ਕਰੇਗਾ ਕਿ ਜੇਕਰ ਬਿਜਲੀ ਦਾ ਹਫਤੇ ਵਿੱਚ ਸੁਧਾਰ ਨਾ ਹੋਇਆ, ਕੋਲੇ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਫਿਰ ਅਕਾਲੀ ਦਲ ਸੜਕਾਂ ’ਤੇ ਆਵੇਗਾ।

 • Share this:
  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਪ੍ਰਸ਼ਾਸਨਿਕ ਗੈਰ ਸੰਜੀਦਗੀ ਤੇ ਪ੍ਰਸ਼ਾਸਨਿਕ ਢਿੱਲ ਕਾਰਨ ਮੌਜੂਦਾ ਸੰਕਟ ਬਣਿਆ ਹੈ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਕੀਤੀ ਮੀਟਿੰਗ ਵਿੱਚ ਇਹ ਮਾਮਲਾ ਨਾ ਚੁੱਕਣਾ ਸਰਕਾਰ ਦੀ ਲਾਪਰਵਾਹੀ ਦਾ ਸੂਚਕ ਹੈ।

  ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਤੇ ਸਰਕਾਰ ਸਿਖ਼ਰਲੀ ਕੁਰਸੀ ਦੀ ਲੜਾਈ ਵਿਚ ਰੁੱਝੇ ਹੋਏ ਹਨ ਤੇ ਬਿਜਲੀ ਸੰਕਟ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅੱਜ ਮੁੱਖ ਮੰਤਰੀ ਚੰਨੀ ਵੱਲੋਂ ਪ੍ਰਧਾਨ ਮੰਤਰੀ ਨੁੰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਪਰ ਉਸ ਮੀਟਿੰਗ ਵਿਚ ਜੇਕਰ ਇਹ ਮਾਮਲਾ ਚੁੱਕਿਆ ਹੁੰਦਾ ਤਾਂ ਸ਼ਾਇਦ ਮੌਜੂਦਾ ਬਿਜਲੀ ਸੰਕਟ ਨਾ ਉਪਜਦਾ।

  'ਡਿਫਾਲਟਰ ਹੋਣ ਕਾਰਨ ਸੂਬੇ ਨੂੰ ਸਮੇਂ ਸਿਰ ਨਹੀਂ ਮਿਲ ਰਿਹਾ ਕੋਲਾ'

  ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕੋਲਾ ਸੰਕਟ ਇਸ ਕਾਰਨ ਬਣਿਆ ਹੈ ਕਿਉਂਕਿ ਬਿਜਲੀ ਨਿਗਮ ਕੋਲ ਇੰਡੀਆ ਲਿਮਟਿਡ ਦੀ ਡਿਫਾਲਟਰ ਹੈ। ਉਨ੍ਹਾਂ ਕਿਹਾ ਕਿ ਕੋਲਾ ਸਪਲਾਈ ਦੇ ਨਿਯਮ ਸਪਸ਼ਟ ਹਨ ਕਿ ਜੋ ਪਹਿਲਾਂ ਐਡਵਾਂਸ ਅਦਾਇਗੀ ਕਰਦੇ ਹਨ, ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਲਾ ਮਿਲਦਾ ਹੈ, ਜੋ ਸਪਲਾਈ ਹੋਣ ’ਤੇ ਤੁਰੰਤ ਅਦਾਇਗੀ ਕਰਦੇ ਹਨ, ਉਨ੍ਹਾਂ ਨੂੰ ਦੂਜੀ ਤਰਜੀਹ ਮਿਲਦੀ ਹੈ ਤੇ ਫਿਰ ਅਖੀਰ ਵਿਚ ਡਿਫਾਲਟਰਾਂ ਨੁੰ ਕੋਲਾ ਸਪਲਾਈ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਕੋਲ ਇੰਡੀਆ ਲਿਮਟਿਡ ਦੀ ਕਰੋੜਾਂ ਦੀ ਕਰਜ਼ਈ ਹੈ ਜਿਸ ਕਾਰਨ ਪੰਜਾਬ ਨੂੰ ਕੋਲਾ ਦੇਰੀ ਨਾਲ ਮਿਲ ਰਿਹਾ ਹੈ।

  ਉਨ੍ਹਾਂ ਕਿਹਾ ਕਿ ਜਿਥੇ ਬਿਜਲੀ ਨਿਗਮ ਕੋਲ ਇੰਡੀਆ ਦੀ ਕਰਜ਼ਈ ਹੈ, ਉਥੇ ਹੀ ਪੰਜਾਬ ਸਰਕਾਰ ਨੇ ਬਿਜਲੀ ਨਿਗਮ ਦੇ ਹਜ਼ਾਰਾਂ ਕਰੋੜ ਰੁਪਏ ਦੇਣੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਦੇ 3600 ਕਰੋੜ ਰੁਪਏ ਦੇਣੇ ਹਨ ਜਦਕਿ 2000 ਕਰੋੜ ਰੁਪਏ ਸਰਕਾਰੀ ਦਫਤਰਾਂ ਦੇ ਬਿੱਲਾਂ ਦੀ ਅਦਾਇਗੀ ਬਕਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਬਿਜਲੀ ਨਿਗਮ ਦਾ ਡਿਫਾਲਟਰ ਹੋਣਾ ਕੁਦਰਤੀ ਹੈ।

  ਉਨ੍ਹਾਂ ਕਿਹਾ ਕਿ ਸੁਬਾ ਸਰਕਾਰ ਦੀ ਅਣਗਹਿਲੀ ਦੇ ਕਾਰਨ ਅੱਜ ਸੂਬਾ ਬਿਜਲੀ ਦੇ ਸੰਕਟ ਵਿੱਚ ਗ੍ਰਸਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਹੀ ਸਰਕਾਰੀ ਖ਼ਜ਼ਾਨੇ ’ਤੇ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਬਿਜਲੀ ਖਰੀਦਣ ਲਈ ਮਜਬੂਰ ਹੈ ਕਿ ਕੱਲ੍ਹ 14 ਰੁਪਏ 46 ਪੈਸੇ ਪ੍ਰਤੀ ਯੂਨਿਟ ਦੀ ਦਰ ’ਤੇ 1450 ਮੈਗਾਵਾਟ ਬਿਜਲੀ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ 250 ਕਰੋੜ ਰੁਪਏ ਦੀ ਬਿਜਲੀ ਖਰੀਦੀ ਗਈ ਹੈ ਤੇ ਇਹ ਕਰੋੜਾਂ ਰੁਪਏ ਦਾ ਬੋਝ ਸਰਕਾਰੀ ਖ਼ਜ਼ਾਨੇ ’ਤੇ ਪੈ ਰਿਹਾ ਹੈ ਜੋ ਅਖੀਰ ਵਿਚ ਲੋਕਾਂ ਸਿਰ ਪਵੇਗਾ।

  ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਪਸ਼ਟ ਕੀਤਾ ਹੈ ਕਿ 430 ਲੱਖ ਟਨ ਕੋਲਾ ਭੰਡਾਰ ਵਿੱਚ ਪਿਆ ਹੈ ਤੇ ਕੋਲੇ ਦੀ ਕੋਈ ਕਮੀ ਨਹੀਂ ਹੈ ਪਰ ਪੰਜਾਬ ਸਰਕਾਰ ਮਾਪਦੰਡ ਪੂਰੇ ਨਾ ਕਰਦੇ ਹੋਣ ਕਾਰਨ ਕੋਲਾ ਪ੍ਰਾਪਤ ਕਰਨ ਵਿੱਚ ਨਾਕਾਮ ਹੈ।

  ਹਫਤੇ 'ਚ ਸੁਧਾਰ ਨਾ ਹੋਇਆ ਤਾਂ ਅਕਾਲੀ ਦਲ ਦੀ ਕੋਰ ਕਮੇਟੀ ਲਵੇਗੀ ਜਨਤਕ ਸੰਘਰਸ਼ ਬਾਰੇ ਫੈਸਲਾ

  ਉਨ੍ਹਾਂ ਕਿਹਾ ਕਿ ਬਿਜਲੀ ਅੱਜ ਜੀਵਨ ਵਾਸਤੇ ਬੇਹੱਦ ਜ਼ਰੂਰ ਹੈ ਤੇ ਪੰਜਾਬ ਵਰਗੇ ਖੇਤੀਬਾੜੀ ਪ੍ਰਧਾਨ ਸੂਬੇ ਵਿਚ ਬਿਜਲੀ ਨਾ ਮਿਲਣ ਕਾਰਨ 20 ਫੀਸਦੀ ਬਾਸਮਤੀ ਸਿੰਜਾਈ ਨਾ ਹੋਣ ਕਾਰਨ ਪ੍ਰਭਾਵਤ ਹੋ ਰਹੀ ਹੈ ਤੇ ਕਣਕ ਦੀ ਬਿਜਾਈ ’ਤੇ ਅਸਰ ਪੈਣ ਦਾ ਖਦਸ਼ਾ ਹੈ।

  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਕੋਰ ਕਮੇਟੀ ਦੀ ਮੀਟਿੰਗ ਸੱਦ ਕੇ ਫੈਸਲਾ ਕਰੇਗਾ ਕਿ ਜੇਕਰ ਬਿਜਲੀ ਦਾ ਹਫਤੇ ਵਿੱਚ ਸੁਧਾਰ ਨਾ ਹੋਇਆ, ਕੋਲੇ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਫਿਰ ਅਕਾਲੀ ਦਲ ਸੜਕਾਂ ’ਤੇ ਆਵੇਗਾ।
  Published by:Krishan Sharma
  First published:
  Advertisement
  Advertisement