• Home
  • »
  • News
  • »
  • punjab
  • »
  • CHANDIGARH PUNJAB EDUCATION MINISTER VIJAYINDER SINGLA APPROVED NAMES OF PLAYERS FOR GOVERMENT SCHOOL KS

ਸਿੱਖਿਆ ਮੰਤਰੀ ਸਿੰਗਲਾ ਨੇ ਖਿਡਾਰੀਆਂ ਦੇ ਨਾਂਵਾਂ ਨੂੰ ਦਿੱਤੀ ਪ੍ਰਵਾਨਗੀ, ਕਿਹਾ; ਵਿਦਿਆਰਥੀਆਂ ਨੂੰ ਖੇਡਾਂ 'ਚ ਅੱਗੇ ਵਧਣ ਲਈ ਮਿਲੇਗੀ ਪ੍ਰੇਰਣਾ

ਸਿੱਖਿਆ ਮੰਤਰੀ ਸਿੰਗਲਾ ਨੇ ਖਿਡਾਰੀਆਂ ਦੇ ਨਾਂਵਾਂ ਨੂੰ ਦਿੱਤੀ ਪ੍ਰਵਾਨਗੀ, ਕਿਹਾ; ਵਿਦਿਆਰਥੀਆਂ ਨੂੰ ਖੇਡਾਂ 'ਚ ਅੱਗੇ ਵਧਣ ਲਈ ਮਿਲੇਗੀ ਪ੍ਰੇਰਣਾ

  • Share this:
    ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਦੇ ਸਬੰਧਤ ਖੇਤਰਾਂ ਦੇ ਸਕੂਲਾਂ ਦਾ ਨਾਂਅ ਇਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੇ ਹਨ।

    ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਦੇ ਨਾਂਅ ’ਤੇ ਸਕੂਲਾਂ ਦੇ ਨਾਂਅ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

    ਮੰਤਰੀ ਨੇ ਕਿਹਾ ਕਿ ਸ.ਸ.ਸ. ਸਕੂਲ (ਜੀ.ਐਸ.ਐਸ.ਐਸ) ਮਿੱਠਾਪੁਰ, ਜਲੰਧਰ ਦਾ ਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਹੁਣ ਓਲੰਪੀਅਨ ਮਨਪ੍ਰੀਤ ਸਿੰਘ ਸ.ਸ.ਸ. ਸਕੂਲ ਮਿੱਠਾਪੁਰ ਦੇ ਨਾਂਅ ਨਾਲ ਜਾਣਿਆ ਜਾਵੇਗਾ। ਸ.ਸ.ਸ. ਸਕੂਲ ਤਿੰਮੋਵਾਲ, ਅੰਮ੍ਰਿਤਸਰ ਦਾ ਨਾਮ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਂਅ ’ਤੇ ਰੱਖਿਆ ਗਿਆ ਹੈ ਜੋ ਓਲੰਪਿਕ ਵਿੱਚ ਭਾਰਤ ਲਈ ਸਭ ਤੋਂ ਵੱਧ ਛੇ ਗੋਲ ਦਾਗਣ ਵਾਲਾ ਭਾਰਤੀ ਖਿਡਾਰੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਕੂਲ ਓਲੰਪੀਅਨ ਹਰਮਨਪ੍ਰੀਤ ਸਿੰਘ ਸ.ਸ.ਸ. ਸਕੂਲ, ਤਿੰਮੋਵਾਲ ਵਜੋਂ ਜਾਣਿਆ ਜਾਵੇਗਾ।

    ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਓਲੰਪੀਅਨ ਮਨਦੀਪ ਸਿੰਘ, ਵਰੁਣ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਖਿਡਾਰੀਆਂ ਨੇ ਕ੍ਰਮਵਾਰ ਸਟਰਾਈਕਰ ਅਤੇ ਡਿਫੈਂਸ ਖਿਡਾਰੀ ਵਜੋਂ ਓਲੰਪਿਕ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ.ਸ.ਸ. ਸਕੂਲ ਅਟਾਰੀ, ਅੰਮ੍ਰਿਤਸਰ ਹੁਣ ਓਲੰਪੀਅਨ ਸਮਸ਼ੇਰ ਸਿੰਘ ਸ.ਸ.ਸ. ਸਕੂਲ ਅਟਾਰੀ ਵਜੋਂ ਜਾਣਿਆ ਜਾਵੇਗਾ, ਜਿਸ ਨੇ ਟੂਰਨਾਮੈਂਟ ਦੌਰਾਨ ਇੱਕ ਸਫਲ ਮਿਡਫੀਲਡਰ ਵਜੋਂ ਬਿਹਤਰੀਨ ਭੂਮਿਕਾ ਨਿਭਾਈ ।

    ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਨੂੰ ਓਲੰਪੀਅਨ ਰੁਪਿੰਦਰਪਾਲ ਸਿੰਘ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ ਫਰੀਦਕੋਟ ਦਾ ਨਾਂਅ ਦਿੱਤਾ ਗਿਆ ਹੈ। ਰੁਪਿੰਦਰਪਾਲ ਨੇ ਵੀ ਟੋਕੀਓ ਓਲੰਪਿਕਸ ਵਿੱਚ 4 ਗੋਲ ਕੀਤੇ ਸਨ। ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਨੂੰ ਓਲੰਪੀਅਨ ਹਾਰਦਿਕ ਸਿੰਘ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਦਾ ਨਾਂਅ ਦਿੱਤਾ ਗਿਆ ਹੈ ਕਿਉਂਕਿ ਹਾਰਦਿਕ ਨੇ ਨਾਕ ਆਉਟ ਪੜਾਅ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ।

    ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਦਾ ਨਾਂਅ ਓਲੰਪੀਅਨ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸ.ਸ.ਸ. ਬੁਤਾਲਾ, ਅੰਮ੍ਰਿਤਸਰ ਦਾ ਨਾਂਅ ਓਲੰਪੀਅਨ ਦਿਲਪ੍ਰੀਤ ਸਿੰਘ ਸ.ਸ.ਸ. ਸਕੂਲ ਬੁਤਾਲਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਨੂੰ ਓਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਦਾ ਨਾਂਅ ਦਿੱਤਾ ਗਿਆ ਹੈ। ਸ.ਸ.ਸ. ਸਕੂਲ ਹੁਸੈਨਪੁਰ, ਆਰ.ਸੀ.ਐਫ., ਕਪੂਰਥਲਾ ਨੂੰ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸ.ਸ.ਸ. ਸਕੂਲ ਹੁਸੈਨਪੁਰ, ਆਰ.ਸੀ.ਐਫ, ਕਪੂਰਥਲਾ ਦਾ ਨਾਂਅ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਠਕ ਭਾਰਤੀ ਟੀਮ ਵਿੱਚ ਰਾਖਵੇਂ ਗੋਲਕੀਪਰ ਵਜੋਂ ਸ਼ਾਮਲ ਸਨ।

    ਸਿੰਗਲਾ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਨਹਿਰੀ ਯੋਗਦਾਨ ਹੈ ਅਤੇ ਇਸ ਨੇ ਦੇਸ਼ ਵਿੱਚ ਓਲੰਪਿਕ ਲਈ ਦੂਜੀ ਸਭ ਤੋਂ ਵੱਡੀ ਟੀਮ ਭੇਜੀ ਸੀ ਕਿਉਂਕਿ ਕੁੱਲ 124 ਖਿਡਾਰੀਆਂ ਵਿੱਚੋਂ 20 ਪੰਜਾਬ ਦੇ ਸਨ।

    ਕੈਬਿਨੇਟ ਮੰਤਰੀ ਸਿੰਗਲਾ ਜੋ ਲੋਕ ਨਿਰਮਾਣ ਵਿਭਾਗ ਦਾ ਕਾਰਜਭਾਰ ਵੀ ਸੰਭਾਲ ਰਹੇ ਹਨ, ਨੇ ਦੱਸਿਆ ਕਿ ਇਸ ਤੋਂ ਇਲਾਵਾ, ਸਬੰਧਤ ਤਗਮਾ ਜੇਤੂ ਖਿਡਾਰੀ ਦੇ ਨਿਵਾਸ ਜਾਂ ਪਿੰਡ ਜਾਂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਾਂਅ ਵੀ ਖਿਡਾਰੀਆਂ ਦੇ ਨਾਂਅ ‘ਤੇ ਰੱਖਿਆ ਜਾਵੇਗਾ। ਇਹ ਉਪਰਾਲਾ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਉਨਾਂ ਦੀਆਂ ਮਨਪਸੰਦ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।
    Published by:Krishan Sharma
    First published:
    Advertisement
    Advertisement