• Home
 • »
 • News
 • »
 • punjab
 • »
 • CHANDIGARH PUNJAB ELECTION 2022 AKALI DAL CLAIMS THAT CONGRESS FRAMED MAJITHIA IN A FALSE CASE DALJIT CHEEMA MADE THE DETAILS PUBLIC KS

ਅਕਾਲੀ ਦਲ ਵੱਲੋਂ ਮਜੀਠੀਆ ਨੂੰ ਕਾਂਗਰਸ ਵੱਲੋਂ ਝੂਠੇ ਕੇਸ 'ਚ ਫਸਾਉਣ ਦਾ ਦਾਅਵਾ, ਚੀਮਾ ਨੇ ਵੇਰਵੇ ਕੀਤੇ ਜਨਤਕ

ਪੰਜਾਬ ਚੋਣਾਂ 2022: ਸ਼੍ਰੋਮਣੀ ਅਕਾਲੀ ਦਲ (Akali Dal) ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਕਰਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਿਆਂ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਹੈ।

 • Share this:
  ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Akali Dal) ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਕਰਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਨਸ਼ਿਆਂ ਦੇ ਝੂਠੇ ਕੇਸ (Drug Case) ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਹੈ ਤੇ ਇਸ ਵਾਸਤੇ ਮਜੀਠੀਆ ਖਿਲਾਫ ਇੱਕ ਮਨਘੜਤ ਬਿਆਨ ਧਾਰਾ 164 ਸੀਆਰਪੀਸੀ ਵਿੱਚ ਦਰਜ ਕਰਵਾਇਆ ਜਾ ਰਿਹਾ ਹੈ ਤੇ ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਕੱਲ੍ਹ ਦਿੱਲੀ ਏਅਰਪੋਰਟ ਦੇ ਟੀ-4 ਲੋਂਜ ਵਿੱਚ ਇੱਕ ਮੀਟਿੰਗ ਵੀ ਕੀਤੀ ਗਈ ਹੈ।

  ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਾਜ਼ਿਸ ਦਾ ਪੱਧਰ ਇਥੋਂ ਹੀ ਸਮਝਿਆ ਜਾ ਸਕਦਾ ਹੈ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੂਬੇ ਦੇ ਸਰਕਾਰੀ ਹੈਲੀਕਾਪਟਰ ਵਿਚ ਦਿੱਲੀ ਰਵਾਨਾ ਹੋਏ ਤੇ ਉਨ੍ਹਾਂ ਨਾਲ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ, ਡੀਜੀਪੀ ਆਈਪੀਐਸ ਸਹੋਤਾ, ਵਿਜੀਲੈਂਸ ਮੁਖੀ ਹਰਪ੍ਰੀਤ ਸਿੱਧੂ ਤੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਐਸ.ਕੇ. ਅਸਥਾਨਾ ਵੀ ਸਨ। ਇਨ੍ਹਾਂ ਦੀ ਟੀ-4 ਟਰਮਿਨਲ ਲੋਂਜ ਵਿਖੇ ਮੀਟਿੰਗ ਹੋਈ, ਜਿਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਹਾਈ ਕਮਾਂਡ ਤੋਂ ਉਨ੍ਹਾਂ ਨੂੰ ਮਿਲੀਆਂ ਹਦਾਇਤਾਂ ਤੋਂ ਇਨ੍ਹਾਂ ਨੂੰ ਜਾਣੂ ਕਰਵਾਇਆ।

  ਪੁਲਿਸ ਅਫਸਰਾਂ ’ਤੇ ਬਣਾਇਆ ਜਾ ਰਿਹੈ ਦਬਾਅ : ਚੀਮਾ

  ਡਾ. ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ, ਮਜੀਠੀਆ ਨੂੰ ਝੂਠੇ ਕੇਸ ਵਿੱਚ ਫਸਾਉਣ ਅਤੇ ਉਸ ਨੂੰ ਗ੍ਰਿਫਤਾਰ ਕਰਨ ’ਤੇ ਤੁਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ-ਨਾਲ ਪ੍ਰਦੇਸ਼ ਕਾਂਗਰਸ ਨਵਜੋਤ ਸਿੱਧੂ, ਜਿਸ ਨੇ ਗ੍ਰਿਫਤਾਰੀ ਨਾ ਹੋਣ ਦੀ ਸੂਰਤ ਵਿੱਚ ਮਰਨ ਵਰਤ ਰੱਖਣ ਦੀ ਧਮਕੀ ਦਿੱਤੀ ਹੈ, ਵੀ ਇਸ ਸਾਜ਼ਿਸ਼ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਪੁਲਿਸ ਅਫਸਰਾਂ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸਰਕਾਰ ਦੀ ਗੱਲ ਮੰਨਣ ਅਤੇ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਅਰਪਿਤ ਸ਼ੁਕਲਾ ਤੋਂ ਵਰਿੰਦਰ ਕੁਮਾਰ ਤੇ ਹੁਣ ਐਸ.ਕੇ. ਅਸਥਾਨਾ ਦਾ ਤਬਾਦਲਾ ਕੀਤਾ ਜਾਣਾ, ਇਸ ਗੱਲ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦਾ ਰੈਗੂਲਰ ਡੀਜੀਪੀ ਵੀ ਇਸੇ ਕਰਕੇ ਨਹੀਂ ਲਗਾਇਆ ਜਾ ਰਿਹਾ ਕਿ ਸਿਖ਼ਰਲੇ ਅਫਸਰਾਂ ਨੂੰ ਵੀ ਖੁੰਡੇ ’ਤੇ ਟੰਗਿਆ ਹੋਇਆ ਹੈ ਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇਨ੍ਹਾਂ ਅਫਸਰਾਂ ਦੀ ਵਰਤੋਂ ਕਾਂਗਰਸ ਪਾਰਟੀ ਦੀਆਂ ਯੋਜਨਾਵਾਂ ਮੁਤਾਬਕ ਕੀਤੀ ਜਾ ਸਕੇ।

  ਡਾ. ਚੀਮਾ ਨੇ ਪੰਜਾਬ ਕਾਂਗਰਸ ਨੂੰ ਆਖਿਆ ਕਿ ਉਹ ਨਸ਼ਿਆਂ ਦੇ ਕੇਸ ਦੀ ਜਾਂਚ ਦਾ ਵਿਖਾਵਾ ਛੱਡ ਕੇ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੱਧੂ ਤੇ ਕੁਲਬੀਰ ਜ਼ੀਰਾ ਦੀ ਸ਼ਮੂਲੀਅਤ ਵੀ ਸੀ, ਐਸਆਈਟੀ ਨੂੰ ਨੋਟੀਫਾਈ ਕਰੇ ਤੇ ਉਨ੍ਹਾਂ ਨੂੰ ਕੇਸ ਦਰਜ ਕਰਨ ਤੇ ਮਰਜ਼ੀਆਂ ਮੁਤਾਬਕ ਗ੍ਰਿਫਤਾਰੀਆਂ ਕਰਨ ਦੀ ਤਾਕਤ ਦੇਵੇ। ਉਨ੍ਹਾਂ ਕਿਹਾ ਕਿ ਇਹ ਆਗੂ ਪੁਲਿਸ ਅਫਸਰਾਂ ’ਤੇ ਦਬਾਅ ਪਾ ਕੇ ਅਤੇ ਧੱਕਾ ਕਰ ਕੇ ਇਹੀ ਕੁਝ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦਾ ਰਾਜ, ਨਿਆਂਇਕ ਪ੍ਰਕਿਰਿਆ ਤੇ ਸੰਵਿਧਾਨ ਛਿੱਕੇ ਟੰਗ ਦਿੱਤਾ ਗਿਆ ਹੈ।

  'ਅਕਾਲੀ ਦਲ ਨੇ ਸੁਖਬੀਰ ਬਾਦਲ ਵਿਰੁੱਧ ਵੀ ਕੀਤੀ ਸੀ ਸਾਜਿਸ਼ ਬੇਨਕਾਬ'

  ਅਕਾਲੀ ਆਗੂ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਇਨ੍ਹਾਂ ਨੇ ਪਹਿਲਾਂ ਰਾਜ ਭਵਨ ਦੀ ਅਨੈਕਸੀ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਧਾਰਾ 164 ਸੀਆਰਪੀਸੀ ਤਹਿਤ ਝੂਠੀ ਸ਼ਿਕਾਇਤ ਦਰਜ ਕਰ ਕੇ ਝੂਠਾ ਕੇਸ ਦਰਜ ਕਰਨ ਦੀ ਸਾਜ਼ਿਸ਼ ਰਚੀ। ਅਕਾਲੀ ਦਲ ਨੇ ਇਹ ਸਾਜ਼ਿਸ਼ ਬੇਨਕਾਬ ਕਰ ਦਿੱਤੀ ਤੇ ਦਾਅਵਾ ਕੀਤਾ ਕਿ ਪਾਰਟੀ ਦੀ ਸਾਬਕਾ ਵਰਕਰ ਰਾਜਿੰਦਰ ਕੌਰ ਮੀਸਾ ਇੱਕ ਪ੍ਰੈਸ ਕਾਨਫਰੰਸ ਕਰਕੇ ਬਾਦਲ ਦੇ ਖਿਲਾਫ ਦੋਸ਼ ਲਗਾਏਗੀ ਤੇ ਅਗਲੇ ਦਿਨਾਂ ਵਿੱਚ ਮੀਸਾ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਗਾਏ ਤੇ ਪਾਰਟੀ ਦੇ ਦਾਅਵੇ ਨੂੰ ਸਹੀ ਸਾਬਤ ਕਰ ਦਿੱਤਾ।

  ਡਾ. ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਗੁਨਾਹ ਇਥੋਂ ਹੀ ਸਾਬਤ ਹੋ ਗਿਆ ਕਿ ਅਕਾਲੀ ਦਲ ਵੱਲੋਂ ਬੇਨਕਾਬ ਕੀਤੀ ਸਾਜ਼ਿਸ਼ ਦਾ ਕਿਸੇ ਨੇ ਵੀ ਖੰਡਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅਜਿਹੀ ਹੀ ਸਾਜ਼ਿਸ਼ ਮਜੀਠੀਆ ਦੇ ਖਿਲਾਫ ਰਚੀ ਗਈ ਹੈ ਜਿਸਦਾ ਮਕਸਦ ਵੀ ਉਹੀ ਹੈ ਕਿ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਇਆ ਜਾਵੇ।

  ਡਾ. ਚੀਮਾ ਨੇ ਕਿਹਾ ਕਿ ਪਹਿਲਾਂ ਸਾਰੀ ਪਾਰਟੀ ਲੀਡਰਸ਼ਿਪ ਨੇ ਇਸਦੇ ਪ੍ਰਧਾਨ ਨੂੰ ਝੂਠੇ ਕੇਸ ਵਿੱਚ ਫ਼ਸਾਉਣ ਦੀ ਕਾਂਗਰਸ ਸਰਕਾਰ ਦੀ ਸਾਜ਼ਿਸ਼ ਦੇ ਖਿਲਾਫ ਗ੍ਰਿਫਤਾਰੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ। ਅਸੀਂ ਮੁੱਖ ਮੰਤਰੀ ਤੇ ਨਾਲ ਹੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਸੀਨੀਅਰ ਅਕਾਲੀ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਜਵਾਬਦੇਹ ਹੋਣਗੇ।
  Published by:Krishan Sharma
  First published:
  Advertisement
  Advertisement