ਅੰਮ੍ਰਿਤਸਰ: Punjab Election 2022: ਸ਼੍ਰੋਮਣੀ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਹੈ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਅੰਮ੍ਰਿਤਸਰ (Amritsar) ਨੂੰ ਵਿਸ਼ਵ ਸੈਰ ਸਪਾਟਾ ਨਕਸ਼ੇ ’ਤੇ ਲਿਆਂਦਾ ਸੀ ਤੇ ਉਨ੍ਹਾਂ ਵਾਅਦਾ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ (Akali-BSP Government) ਦੇ ਸਮੇਂ ਵਿਚ ਪਵਿੱਤਰ ਨਗਰੀ ਨੂੰ ਸੂਚਨਾ ਤਕਨਾਲੋਜੀ (IT) ਅਤੇ ਕਨਵੈਨਸ਼ਨ ਸੈਂਟਰ ਹੱਬ ਵਿਚ ਤਬਦੀਲ ਕੀਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਥੇ ਅੰਮ੍ਰਿਤਸਰ ਉੱਤਰੀ ਤੋਂ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਆਯੋਜਿਤ ਵਪਾਰ ਤੇ ਉਦਯੋਗ ਦੇ ਪ੍ਰਤੀਨਿਧਾਂ ਨਾਲ ਵੀ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਪਵਿੱਤਰ ਨਗਰੀ ਕਾਂਗਰਸ ਪਾਰਟੀ ਦੀਆਂ ਅੰਦਰੂਨੀ ਲੜਾਈਆਂ ਦਾ ਸ਼ਿਕਾਰ ਹੋਈ ਤੇ ਇਥੇ ਕੋਈ ਵੀ ਪ੍ਰਮੁੱਖ ਵਿਕਾਸ ਪ੍ਰਾਜੈਕਟ ਨਹੀਂ ਲਿਆਂਦਾ ਗਿਆ।
ਉਨ੍ਹਾਂ ਕਿਹਾ ਕਿ ਇਸ ਸ਼ਹਿਰ ਨੂੰ ਆਈਟੀ ਤੇ ਕਨਵੈਨਸ਼ਨ ਸੈਂਟਰ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਅਸੀਂ ਫਰੈਂਕਫਰਟ ਦੀ ਤਰਜ਼ ’ਤੇ ਇਥੇ ਕਨਵੈਨਸ਼ਨ ਸੈਂਟਰ ਲਈ ਲੋੜੀਂਦਾ ਬੁਨਿਆਦੀ ਢਾਂਚਾ ਸਥਾਪਿਤ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ 1500 ਕਰੋੜ ਰੁਪਏ ਦਾ ਨਿਵੇਸ਼ ਕਰ ਕੇ ਪੁਰਾਤਨ ਸ਼ਹਿਰ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਪਾਰ ਤੇ ਸੈਰ ਸਪਾਟੇ ਵਿੱਚ ਚੋਖਾ ਵਾਧਾ ਹੋਵੇਗਾ।
ਬਾਦਲ ਨੇ ਕਿਹਾ ਕਿ ਇਥੇ ਹੀ ਬੱਸ ਨਹੀਂ। ਪਵਿੱਤਰ ਨਗਰੀ ਲਈ ਕੁਝ ਕਰਨ ਦੀ ਥਾਂ ’ਤੇ ਸਿੱਧੂ ਨੇ ਤਿੰਨ ਮਹੀਨੇ ਇਸ ਕੰਮ ’ਤੇ ਲਾਏ ਕਿ ਮਜੀਠੀਆ ਸਮੇਤ ਅਕਾਲੀ ਆਗੂਆਂ ਦੇ ਖਿਲਾਫ ਫਰਜ਼ੀ ਕੇਸ ਕਿਵੇਂ ਦਰਜ ਕੀਤੇ ਜਾ ਸਕਦੇ ਹਨ।
ਸਰਦਾਰ ਬਾਦਲ ਨੇ ਇਸ ਮੌਕੇ ਮਸੀਹ ਭਾਈਚਾਰੇ ਦੇ ਇਕੱਠ ਦੇ ਨਾਲ-ਨਾਲ ਜੋਸ਼ੀ ਦੇ ਹੱਕ ਵਿੱਚ ਪੰਚਾਇਤ ਰੈਲੀਆਂ ਨੂੰ ਵੀ ਸੰਬੋਧਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਝੂਠ ਵੇਚਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੀ ਉਸੇ ਤਰੀਕੇ ਲੋਕਾਂ ਨੁੰ ਮੂਰਖ ਬਣਾਉਣਾ ਚਾਹੁੰਦੇ ਹਨ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੀਆਂ ਸਾਰੀਆਂ ਮਹਿਲਾਵਾਂ ਨੁੰ ਤਾਂ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਦਾਅਵਾ ਕਰ ਦਿੱਤਾ ਹੈ ਪਰ ਦਿੱਲੀ ਵਿਚ ਮਹਿਲਾਵਾਂ ਨੁੰ 10 ਰੁਪਏ ਵੀ ਨਹੀਂ ਦਿੱਤੇ ਜਾ ਰਹੇ।
ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਬੀਪੀਐਲ ਕਾਰਡ ਧਾਰਕ ਪਰਿਵਾਰ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਵੇਗੀ। ਇਸਤੋਂ ਇਲਾਵਾ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ 33 ਫੀਸਦੀ ਸੀਟਾਂ ਰਾਖਵੀਂਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ 10 ਲੱਖ ਰੁਪਏ ਵਿਆਜ਼ ਮੁਕਤ ਸਟੂਡੈਂਟ ਲੋਨ ਦਿੱਤਾ ਜਾਵੇਗਾ ਅਤੇ ਨੌਜਵਾਨ ਉਦਮੀਆਂ ਨੂੰ ਆਪਣੇ ਕੰਮ ਸ਼ੁਰੂ ਕਰਨ ਵਾਸਤੇ 5 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।