PUNJAB ELECTION 2022: ਸਿੱਖਿਆ, ਜੋ ਕਿ ਇੱਕ ਬੱਚੇ ਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਹੈ ਅਤੇ ਉਸ ਦਾ ਭਵਿੱਖ ਤੈਅ ਕਰਦੀ ਹੈ, ਪੰਜਾਬ ਦੀਆਂ ਸਾਲ 2022 ਚੋਣਾਂ ਵਿੱਚ ਮੁੱਖ ਮੁੱਦਾ ਹੈ। ਸਿੱਖਿਆ 'ਤੇ ਪੰਜਾਬ ਅਤੇ ਦਿੱਲੀ ਵਿਚਕਾਰ ਰਾਜਨੀਤਕ ਜੰਗ ਵੀ ਛਿੜੀ, ਜਿਸ ਵਿੱਚ ਚੈਲੰਜ ਦਿੱਤੇ ਗਏ ਅਤੇ ਕਬੂਲ ਵੀ ਹੋਏ। ਪੰਜਾਬ ਚੋਣਾਂ ਦੇ ਇਸ ਭਖਦੇ ਮੁੱਦੇ 'ਤੇ ਨਿਊਜ਼18 ਪੰਜਾਬ/ਹਰਿਆਣਾ/ਹਿਮਾਚਲ ਦੀ ਵਿਸ਼ੇਸ਼ ਮੁਹਿੰਮ 'ਰਾਈਜ਼ਿੰਗ ਪੰਜਾਬ' (Rising Punjab) ਦੇ ਲਾਈਵ ਸ਼ੋਅ ਦੌਰਾਨ ਸੋਨੂੰ ਸੂਦ ਤੇ ਉਨ੍ਹਾਂ ਦੀ ਭੈਣ ਮਾਲਵਿਕਾ ਨੇ ਬਹੁਤ ਵਧੀਆ ਜਵਾਬ ਦਿੱਤੇ। ਸੂਦ ਨੇ ਇਸ ਮੌਕੇ ਦਿੱਲੀ ਅਤੇ ਪੰਜਾਬ ਦੀ ਸਿੱਖਿਆ ਵਿੱਚ ਫਰਕ ਵੀ ਦੱਸਿਆ ਕਿ ਕਿਹੜਾ ਸਿੱਖਿਆ ਮਾਡਲ ਵਧੀਆ ਹੈ?
'ਦਿੱਲੀ ਦੇ ਸਿੱਖਿਆ ਮਾਡਲ ਤੋਂ ਵੀ ਵਧੀਆ ਮਾਡਲ ਬਣਾਇਆ ਜਾ ਸਕਦੈ'
ਬਾਲੀਵੁੱਡ ਅਦਾਕਾਰ ਅਤੇ ਦਿੱਲੀ ਸਰਕਾਰ ਦੇ ਮੈਂਟਰ ਵੱਜੋਂ ਕੰਮ ਕਰ ਰਹੇ ਸੋਨੂੰ ਸੂਦ ਨੇ ਕਿਹਾ ਕਿ ਮਾਡਲ ਕੋਈ ਕਿਤਾਬਾਂ ਵਿਚੋਂ ਪੜ੍ਹ ਕੇ ਨਹੀਂ ਬਣਦਾ, ਇਹ ਇੱਕ ਸੋਚ ਨਾਲ ਬਣਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅੱਜ ਸਭ ਨੂੰ ਪਤਾ ਹੈ ਕਿ ਕੀ ਹਾਲ ਹੈ ਅਤੇ ਦਿੱਲੀ ਦੇ ਸਿੱਖਿਆ ਮਾਡਲ ਤੋਂ ਵੀ ਵਧੀਆ ਮਾਡਲ ਬਣ ਸਕਦੇ ਹਨ, ਕਿਉਂਕਿ ਇਹ ਕੋਈ ਲਿਮਟ ਨਹੀਂ ਹੈ ਕਿ ਦਿੱਲੀ ਦਾ ਮਾਡਲ ਹੀ ਬਣਾਉਣਾ ਹੈ, ਕੀ ਪਤਾ ਉਸਤੋਂ ਵੀ ਵਧੀਆ ਮਾਡਲ ਅਸੀਂ ਲੈ ਕੇ ਆਈਏ, ਪਰ ਜਿਹੜੀਆਂ ਚੀਜ਼ਾਂ ਜਿਹੜੀ ਸਰਕਾਰ ਦੀਆਂ ਵਧੀਆ ਹਨ, ਜੇ ਦਿੱਲੀ ਦਾ ਸਿੱਖਿਆ ਮਾਡਲ ਵਧੀਆ ਹੈ ਤਾਂ ਸਾਨੂੰ ਲ ਕੇ ਆਉਣਾ ਚਾਹੀਦਾ ਹੈ।
ਪੰਜਾਬ ਅਤੇ ਦਿੱਲੀ ਦੇ ਸਕੂਲਾਂ ਵਿਚਕਾਰ ਫ਼ਰਕ 'ਤੇ ਬੋਲੇ ਸੂਦ
ਪੰਜਾਬ ਅਤੇ ਦਿੱਲੀ ਦੇ ਸਕੂਲਾਂ ਵਿਚਕਾਰ ਫ਼ਰਕ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਦਿੱਲੀ ਦੇ ਸਕੂਲ ਬਹੁਤ ਵਧੀਆ ਹਨ, ਇਸ ਤੋਂ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ, ਜਦਕਿ ਪੰਜਾਬ ਵਿੱਚ ਸਕੂਲਾਂ ਵਿੱਚ ਵੀ ਬਿਹਤਰੀ ਲਈ ਕੰਮ ਹੋ ਰਹੇ ਹਨ। ਹਾਲਾਂਕਿ ਸਾਡੇ ਕੋਲ ਸਮਾਂ ਘੱਟ ਹੈ, ਅਤੇ ਜਿਸ ਤਰ੍ਹਾਂ ਦੀਆਂ ਚੀਜ਼ਾਂ ਸਿੱਖ ਰਹੇ ਹਾਂ, ਲਿਆਉਣੀਆਂ ਜ਼ਰੂਰੀ ਹਨ, ਜਿੰਨਾ ਵੀ ਅਸੀਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖਿਆ ਦੀ ਬਿਹਤਰੀ ਲਈ ਕਦਮ ਹਮੇਸ਼ਾ ਚੁੱਕਦੇ ਰਹਿਣੇ ਚਾਹੀਦੇ ਹਨ ਕਿਉਂਕਿ ਜੇਕਰ ਅਸੀਂ ਇਹ ਸੋਚ ਲਈਏ ਕਿ ਅਸੀਂ 'ਬੈਸਟ' ਹਾਂ ਇਸਤੋਂ ਉਪਰ ਕੁੱਝ ਨਹੀਂ, ਸਾਡਾ ਵਿਕਾਸ ਰੁਕ ਜਾਵੇਗਾ।
ਸੋਨੂ ਸੂਦ 'ਆਪ ਦਾ ਮੁੱਖ ਮੰਤਰੀ' 'ਤੇ ਕੀ ਬੋਲੇ ਸੂਦ
ਆਪ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੂੰ 'ਸੋਨੂੰ ਸੂਦ 'ਆਪ ਦਾ ਮੁੱਖ ਮੰਤਰੀ ਚਿਹਰਾ' ਬਾਰੇ ਸਵਾਲ 'ਤੇ ਚੁੱਪੀ ਅਤੇ ਪੱਤੇ ਨਾ ਖੋਲ੍ਹਣ ਬਾਰੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਨਹੀਂ ਅਜਿਹਾ ਨਹੀਂ ਹੈ, ਜੇਕਰ ਉਹ ਕਿਸੇ ਵੀ ਪਾਰਟੀ ਨਾਲ ਜੁੜੇ ਹੋਣਗੇ ਤਾਂ ਵੀ ਉਹ ਦੂਜੀ ਪਾਰਟੀ ਦੀ ਤਾਰੀਫ਼ ਕਰਨਗੇ, ਜਿਹੜੀ ਚੰਗਾ ਕੰਮ ਕਰੇਗੀ। ਸੋਨੂੰ ਸੂਦ ਇਸ ਸਵਾਲ 'ਤੇ ਹੱਸਦੇ ਵੇਖੇ ਗਏ ਅਤੇ ਟਾਲ-ਮਟੋਲ ਵੀ ਕਰਦੇ ਰਹੇ, ਇੱਕ ਵਾਰ ਤਾਂ ਉਹ ਹੜਬੜਾ ਵੀ ਗਏ ਸਨ।
News18 Rising Punjab 2021 : @SonuSood and Malvika Sood on education system #News18RisingPunjab2021 @libransood @SonuSood #News18Punjab pic.twitter.com/TGj4WIbIvE
— News18Punjab (@News18Punjab) December 9, 2021
'ਇੱਕ ਸੋਚ' ਨਾਲ ਹੀ ਹੁਣ ਤੱਕ ਕੰਮ ਕੀਤੇ ਅਤੇ ਇਹੀ ਸਿੱਖਿਆ ਲਈ ਹੈ
ਉਨ੍ਹਾਂ ਕਿਹਾ ਕਿ ਵੱਖ ਵੱਖ ਰਾਜਾਂ ਵਿੱਚ ਪਿੰਡਾਂ ਦੇ ਬੱਚਿਆਂ ਨੂੰ ਇੰਟਰਨੈਟ ਦੀ ਪ੍ਰਾਬਲਮ ਆ ਰਹੀ ਸੀ ਤਾਂ ਉਨ੍ਹਾਂ ਨੇ ਕਈ ਥਾਂਈਂ ਟਾਵਰ ਲਗਵਾਏ। ਉਨ੍ਹਾਂ ਨੇ ਪੰਜਾਬ, ਹਿਮਾਚਲ, ਹਰਿਆਣਾ ਅਤੇ ਇਥੋਂ ਤੱਕ ਕਿ ਕੇਰਲਾ ਵਿੱਚ ਵੀ ਟਾਵਰ ਲਗਵਾਉਣ ਲਈ ਪਹੁੰਚ ਕੀਤੀ। ਉਨ੍ਹਾਂ ਨੂੰ ਦੋ ਸਾਲ ਪਹਿਲਾਂ ਇਸ ਬਾਰੇ ਕੁੱਝ ਨਹੀਂ ਪਤਾ ਸੀ ਕਿ ਕਿਵੇਂ ਟਾਵਰ ਲਗਵਾਉਣੇ ਹਨ, ਪਰੰਤੂ ਇੱਕ ਸੋਚ ਜ਼ਰੂਰ ਸੀ। ਇਸੇ ਸੋਚ ਨਾਲ ਹੀ ਉਨ੍ਹਾਂ ਨੇ ਮਾਈਗ੍ਰੇਂਟ ਬੱਚਿਆਂ ਦੀ ਮਦਦ ਕੀਤੀ ਅਤੇ 6 ਦੇਸ਼ਾਂ ਤੋਂ ਬੱਚਿਆਂ ਨੂੰ ਲੈ ਕੇ ਆਏ। ਇਹ ਹੀ ਸਭ ਨੂੰ ਕਰਨਾ ਚਾਹੀਦਾ ਹੈ ਕਿ ਅਸੀਂ ਵਧੀਆ ਨਹੀਂ ਹਾਂ, ਸਗੋਂ ਹੋਰ ਵਧੀਆ ਕਰਾਂਗੇ।
ਯੂਥ ਵਾਸਤੇ ਪੰਜਾਬ ਵਿੱਚ ਕੀ ਕਰੋਗੇ? ਮਾਲਵਿਕਾ ਨੂੰ ਸਵਾਲ
ਸੋਨੂੰ ਸੂਦ ਨਾਲ ਸ਼ੋਅ ਦੌਰਾਨ ਹਾਜ਼ਰ ਉਨ੍ਹਾਂ ਦੀ ਭੈਣ ਮਾਲਵਿਕਾ ਨੇ ਪੰਜਾਬ ਦੇ ਯੂਥ ਵੱਲੋਂ ਬਾਹਰ ਵਹੀਰਾਂ ਘੱਤਣ ਬਾਰੇ ਕਿਹਾ ਕਿ ਨੌਜਵਾਨ ਇਸ ਕਰਕੇ ਬਾਹਰ ਜਾਂਦੇ ਹਨ ਕਿਉਂਕਿ ਇਥੇ ਚੰਗੇ ਕਾਲਜ ਨਹੀਂ ਅਤੇ ਚੰਗੀਆਂ ਨੌਕਰੀਆਂ ਨਹੀਂ ਹਨ ਅਤੇ ਜਿਸ ਹਿਸਾਬ ਨਾਲ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਹਨ ਉਹ ਦਿਨ ਦੂਰ ਨਹੀਂ ਜਦੋਂ ਇਥੇ ਬਜ਼ੁਰਗਾਂ ਦੀ ਭਰਮਾਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਤੁਸੀ ਹੈਦਰਾਬਾਦ ਨੂੰ ਵੇਖ ਸਕਦੇ ਹੋ, ਜਿਥੇ ਆਈਟੀ ਹੱਬ ਹੈ। ਪੰਜਾਬ ਵਿੱਚ ਵੀ ਅਜਿਹਾ ਹੋਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦਾ ਸਟਰਕੱਚਰ ਲਿਆਂਦਾ ਜਾਵੇ ਤਾਂ ਕੋਈ ਵੀ ਨੌਜਵਾਨ ਬਾਹਰ ਨਹੀਂ ਜਾਵੇਗਾ ਅਤੇ ਪੰਜਾਬ ਵਰਗੀ ਮੌਜ ਕਿਤੇ ਨਹੀਂ ਹੋਵੇਗੀ।
ਸੋਨੂੰ ਸੂਦ 'ਮੁੱਖ ਮੰਤਰੀ ਚਿਹਰਾ' 'ਤੇ ਮਾਲਵਿਕਾ ਨੇ ਵੱਟਿਆ ਟਾਲਾ
ਜਦੋਂ ਮਾਲਵਿਕਾ ਨੂੰ ਕਿਸੇ ਵੀ ਪਾਰਟੀ ਵੱਲੋਂ ਸੋਨੂੰ ਸੂਦ 'ਮੁੱਖ ਮੰਤਰੀ ਚਿਹਰਾ' ਆਫਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭੈਣ ਲਈ ਭਰਾ ਹੀ ਨੰਬਰ 1 ਹੈ, ਭਾਵੇਂ ਉਹ ਮੁੱਖ ਮੰਤਰੀ ਬਣੇ ਜਾਂ ਨਾ। ਹਾਲਾਂਕਿ ਹਰ ਪਾਰਟੀ ਦੇ ਮੁੱਖ ਮੰਤਰੀ ਦਾ ਕੰਮ ਵਧੀਆ ਕਰਨਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਸ ਦੇ ਭਰਾ ਵਿੱਚ ਲੋਕਾਂ ਦਾ ਵਿਸ਼ਵਾਸ ਹੈ ਅਤੇ ਉਸ ਨੂੰ ਪਿਆਰ ਕਰਦੇ ਹਨ ਕਿਉਂਕਿ ਉਹ ਹਮੇਸ਼ਾ ਹਰ ਇੱਕ ਦੀ ਮਦਦ ਲਈ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਕਿ ਸੋਨੂੰ ਸੂਦ ਨੂੰ ਇਹ ਕੋਰੋਨਾ ਸਮੇਂ ਹੀ ਯਾਦ ਆਇਆ, ਉਨ੍ਹਾਂ ਨੇ ਅਜਿਹਾ ਕਰਨਾ ਆਪਣੇ ਮਾਤਾ-ਪਿਤਾ ਤੋਂ ਹੀ ਸਿੱਖਿਆ ਹੈ ਅਤੇ ਉਹ ਇਸ ਤਰ੍ਹਾਂ ਅੱਗੇ ਵੀ ਜਾਰੀ ਰੱਖਣਗੇ।
ਅ਼ਖੀਰ ਸੋਨੂੰ ਸੂਦ ਨੇ ਕਿਹਾ ਕਿ ਪੰਜਾਬ ਇੱਕ ਅਜਿਹਾ ਰਾਜ ਹੈ, ਜਿਥੋਂ ਦੇ ਲੋਕ ਸਭ ਤੋਂ ਵੱਧ ਸਫ਼ਰ ਕਰਦੇ ਹਨ ਅਤੇ ਯੂਥ ਇੰਨਾ ਟੈਲੇਂਟਡ ਹੈ ਕਿ ਜੇਕਰ ਉਨ੍ਹਾਂ ਨੂੰ ਇੱਕ ਚੰਗਾ ਪਲੇਟਫਾਰਮ ਮੁਹੱਈਆ ਹੋਵੇ, ਜਿਹੜਾ ਉਹ ਅਧਿਕਾਰ ਰੱਖਦੇ ਹਨ ਤਾਂ ਉਨ੍ਹਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਰਹੇਗੀ, ਕਿਉਂਕਿ ਵੇਖਿਆ ਜਾ ਸਕਾ ਹੈ ਵਿਦੇਸ਼ ਦੀਆਂ ਵੱਡੀਆਂ ਕੰਪਨੀਆਂ ਵਿੱਚ ਪੰਜਾਬੀ ਵੱਧ ਚੜ੍ਹ ਕੇ ਕੰਮ ਕਰ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Education, Education department, Punjab Assembly election 2022, Punjab Assembly Polls 2022, Punjab Election 2022, Punjab government, Punjab politics, Sonu Sood