ਚੰਡੀਗੜ੍ਹ: Punjab Election 2022: ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ (Prof. Devinder Pal Singh Bhullar) ਦੀ ਰਿਹਾਈ ਪੰਜਾਬ ਚੋਣਾਂ (Punjab Politics) ਵਿੱਚ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸਿੱਖ ਵੋਟਰਾਂ ਨੂੰ ਲੁਭਾਉਣ ਲਈ ਹਰ ਪਾਰਟੀ ਪ੍ਰੋ. ਭੁੱਲਰ ਦੀ ਰਿਹਾਈ ਲਈ ਦਿੱਲੀ ਦੀ ਅਰਵਿੰਦ ਕੇਜਰੀਵਾਲ (Arvind Kejriwal) ਸਰਕਾਰ ਅਤੇ ਆਮ ਆਦਮੀ ਪਾਰਟੀ (Aam Aadmi Party) ਨੂੰ ਘੇਰਨ ਦੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ। ਹੁਣ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ (Parkash Singh Badal) ਨੇ ਕੇਜਰੀਵਾਲ ਸਰਕਾਰ ਨੂੰ ਪ੍ਰੋ. ਭੁੱਲਰ ਦੀ ਤੁਰੰਤ ਰਿਹਾਈ (Release) ਮਨਜੂਰ ਕਰਨ ਲਈ ਕਿਹਾ ਹੈ।
ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਿਰਫ਼ ਇੱਕ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣੀ ਰਹੇ, ਕਿਉਂਕਿ ਜਿਸ ਸੂਬੇ ਅਤੇ ਦੇਸ਼ ਵਿੱਚ ਇਹ ਚੀਜ਼ਾਂ ਨਹੀਂ, ਉਹ ਕਦੇ ਤਰੱਕੀ ਨਹੀਂ ਕਰ ਸਕਦੇ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੱਗੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਇੱਕ ਬਹੁਤ ਵੱਡਾ ਮਸਲਾ ਸਾਹਮਣੇ ਹੈ, ਜਿਸ ਦਾ ਖ਼ਾਸ ਕਰਕੇ ਪੰਜਾਬ ਨਾਲ ਬਹੁਤ ਜ਼ਿਆਦਾ ਤਾਲੁਕ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਹਨ ਅਤੇ ਆਪਣੀ ਜੇਲ੍ਹ ਯਾਤਰਾ ਵੀ ਪੂਰੀ ਕਰ ਚੁੱਕੇ ਹਨ, ਫਿਰ ਵੀ ਉਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਜੁਡੀਸ਼ਰੀ ਵੀ ਰਿਹਾਈ ਸਬੰਧੀ ਮਨਜੂਰੀ ਦੇ ਚੁੱਕੀਆਂ ਹਨ ਤਾਂ ਫਿਰ ਦਿੱਲੀ ਦੇ ਮੁੱਖ ਮੰਤਰੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਉਂ ਨਹੀਂ ਰਿਹਾਈ ਮਨਜੂਰ ਕਰ ਰਹੇ, ਜਿਨ੍ਹਾਂ ਦੇ ਰਿਹਾਈ ਵਾਲੀ ਫਾਈਲ 'ਤੇ ਦਸਤਖਤ ਹੋਣੇ ਹਨ।
ਉਨ੍ਹਾਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਕੇਜਰੀਵਾਲ ਸਾਬ੍ਹ, ਦੇ ਦਸਤਖਤ ਨਹੀਂ ਹੁੰਦੇ, ਪਰ ਪਤਾ ਨਹੀਂ ਉਹ ਕਿਉਂ ਇਸ ਨੂੰ ਰੋਕੀ ਬੈਠੇ ਹਨ, ਜਦੋਂ ਕਿ ਕੇਂਦਰ ਸਰਕਾਰ ਅਤੇ ਜੁਡੀਸ਼ਰੀ ਨੂੰ ਵੀ ਇਸ ਬਾਰੇ ਕੋਈ ਇਤਰਾਜ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਕਲੀਅਰੈਂਸ ਨੂੰ ਲਟਕਾਏ ਜਾਣਾ ਪੰਜਾਬ ਅਤੇ ਦੇਸ਼ ਹਿੱਤ ਵਿੱਚ ਹੈ।
ਸਾਬਕਾ ਮੁੱਖ ਮੰਤਰੀ ਬਾਦਲ ਨੇ ਕੇਜਰੀਵਾਲ ਨੂੰ ਕਿਹਾ ਕਿ ਇਹ ਇੱਕ ਬਹੁਤ ਹੀ ਭਾਵਨਾਵਾਂ ਨਾਲ ਜੁੜਿਆ ਹੋਇਆ ਮਸਲਾ ਹੈ ਅਤੇ ਉਹ ਬੇਨਤੀ ਕਰਦੇ ਹਨ ਕਿ ਉਹ ਤੁਰੰਤ ਖੁਦ ਧਿਆਨ ਦੇ ਕੇ ਪ੍ਰੋ. ਭੁੱਲਰ ਦੀ ਰਿਹਾਈ ਵਾਲੀ ਫਾਈਲ ਕਲੀਅਰ ਕਰਨ ਤਾਂ ਕਿ ਲੰਮੇ ਸਮੇਂ ਬਾਅਦ ਪ੍ਰੋ. ਭੁੱਲਰ ਬਾਹਰ ਦੀ ਖੁੱਲ੍ਹੀ ਹਵਾ 'ਚ ਸਾਹ ਲੈ ਸਕਣ ਅਤੇ ਆਪਣੇ ਮਿੱਤਰ-ਪਿਆਰਿਆਂ ਨੂੰ ਮਿਲ ਸਕਣ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਕੇਜਰੀਵਾਲ ਸਰਕਾਰ ਵੱਲੋਂ ਫਾਈਲ ਕਲੀਅਰ ਨਾ ਕਰਨ ’ਤੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਇੱਕ ਪੱਤਰ ਵੀ ਲਿਖਿਆ। ਉਨ੍ਹਾਂ ਪੱਤਰ ਵਿੱਚ ਪ੍ਰੋ: ਭੁੱਲਰ ਦੀ ਭਾਰਤੀ ਸੰਵਿਧਾਨ ਦੀ ਆਰਟੀਕਲ 72 ਅਧੀਨ ਰਿਹਾਈ ਨੂੰ ਸੰਭਵ ਕਰਨ ਲਈ ਕੇਂਦਰ ਸਰਕਾਰ ਕੋਲ ਵਕਾਲਤ ਕਰਨ ਦੀ ਅਪੀਲ ਕੀਤੀ ਸੀ।
ਉਧਰ, ਪੰਜਾਬ ਦੀਆਂ ਪੰਥਕ ਧਿਰਾਂ ਨੇ ਵੀ ਪ੍ਰੋ. ਭੁੱਲਰ ਦੀ ਰਿਹਾਈ ’ਚ ਦਿੱਲੀ ਮੁੱਖੀ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੜਿੱਕੇ ਪਾਏ ਜਾਣ ਬਾਰੇ ਕਿਹਾ ਅਤੇ ਹੰਗਾਮੀ ਬੈਠਕ ਕਰਕੇ 11 ਮੈਂਬਰੀ ਕਮੇਟੀ ਗਠਤ ਕੀਤੀ ਹੈ, ਜਿਸ ਨੇ ਕੇਜਰੀਵਾਲ ਸਰਕਾਰ ਨੂੰ ਕੇਵਲ 5 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ ਅਤੇ ਉਸ ਪਿਛੋਂ ਕੇਜਰੀਵਾਲ ਤੇ ਭਗਵੰਤ ਮਾਨ ਸਣੇ ਤੇ ਹੋਰ ਆਪ ਨੇਤਾਵਾਂ ਦਾ ਘਿਰਾਓ ਦੀ ਚੇਤਾਵਨੀ ਵੀ ਦਿੱਤੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।