ਚੰਡੀਗੜ੍ਹ: Punjab Election 2022: ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਦੇ ਮਾਮਲੇ ਵਿੱਚ ਪੰਜਾਬ (Punjab) ਮੁੜ ਪਛੜ ਗਿਆ ਹੈ। ਸਿਰਫ਼ 30 ਫ਼ੀਸਦੀ ਨੌਜਵਾਨ ਹੀ ਚੋਣ ਕਮਿਸ਼ਨ (Election Commission) ਕੋਲ ਪਹਿਲੀ ਵਾਰ ਵੋਟ (Vote) ਬਣਵਾਉਣ ਲਈ ਪੁੱਜੇ ਹਨ। ਮਾਹਰ ਇਸ ਨੂੰ ਲੋਕਤੰਤਰ ਵਿਵਸਥਾ ਲਈ ਖ਼ਤਰੇ ਦੀ ਘੰਟੀ ਸਮਝ ਰਹੇ ਹਨ। ਚੋਣ ਕਮਿਸ਼ਨ ਨੇ ਪੰਜਾਬ ਤੋਂ ਵਿਦੇਸ਼ ਪੜ੍ਹਾਈ ਲਈ ਗਏ ਵਿਦਿਆਰਥੀਆਂ ਦਾ ਵਿਦੇਸ਼ ਮੰਤਰਾਲੇ ਤੋਂ ਬਿਓਰਾ ਮੰਗਿਆ ਹੈ। ਭਾਵੇਂ ਕਿ ਪੜ੍ਹਾਈ ਜਾਂ ਹੋਰ ਕਿਸੇ ਕਾਰਨ ਨਾਲ ਵੋਟਰ ਸੂਚੀ ਵਿੱਚ ਨਾਂਅ ਰਜਿਸਟਰ ਨਾ ਕਰਵਾਉਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ।
ਆਬਾਦੀ ਦੇ ਹਿਸਾਬ ਨਾਲ ਚੋਣ ਕਮਿਸ਼ਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਲਗਭਗ 9.30 ਲੱਖ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਟੀਚਾ ਸੀ। ਪਰੰਤੂ ਤਾਜ਼ਾ ਅੰਕੜਿਆਂ ਅਨੁਸਾਰ ਸਿਰਫ਼ 2,78,969 ਨੌਜਵਾਨਾਂ ਨੇ ਹੀ ਆਪਣੀ ਵੋਟ ਦਰਜ ਕਰਵਾਈ ਹੈ, ਜਿਨ੍ਹਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। 18 ਤੋਂ 29 ਸਾਲ ਦੀ ਉਮਰ ਦੇ ਇਹ 9,30,406 ਨੌਜਵਾਨ ਆਬਾਦੀ ਦਾ ਸਿਰਫ਼ 30 ਫੀਸਦੀ ਹਨ। ਭਾਵ ਪੰਜਾਬ ਦੇ 70% ਨੌਜਵਾਨ ਅਜਿਹੇ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਆਪਣੀ ਵੋਟ ਰਜਿਸਟਰਡ ਨਹੀਂ ਕਰਵਾਈ। ਕਿਉਂਕਿ ਉਹ ਜਾਂ ਤਾਂ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ ਜਾਂ ਦੂਜੇ ਰਾਜਾਂ ਵਿੱਚ ਜਾਂ ਫਿਰ ਆਪਣੇ ਆਪ ਨੂੰ ਸੂਬੇ ਤੋਂ ਬਾਹਰ ਸੈਟਲ ਕਰ ਚੁੱਕੇ ਹਨ।
ਦੈਨਿਕ ਭਾਸਕਰ ਦੀ ਰਿਪੋਰਟ ਅਨੁਸਾਰ, ਸੂਬੇ ਵਿੱਚ ਕੁੱਲ ਰਜਿਸਟਰਡ ਵੋਟਰਾਂ ਦੀ ਗੱਲ ਕਰੀਏ ਤਾਂ ਇਸ ਸਮੇਂ 2,12,75,066 ਵੋਟਰ ਹਨ। ਇਨ੍ਹਾਂ ਵਿੱਚੋਂ 1,11,87,857 ਪੁਰਸ਼, 1,00,86,514 ਔਰਤਾਂ ਅਤੇ 695 ਹੋਰ ਵੋਟਰ ਹਨ। ਕੁੱਲ ਵੋਟਰਾਂ ਵਿੱਚੋਂ 2,78,969 ਪਹਿਲੀ ਵਾਰ ਆਪਣੀ ਵੋਟ ਪਾਉਣਗੇ, ਜੋ ਕੁੱਲ ਵੋਟਰਾਂ ਦਾ ਸਿਰਫ਼ 1.31% ਹੈ।
ਇਸ ਸਾਲ 30 ਤੋਂ 39 ਸਾਲ ਦੇ ਨੌਜਵਾਨ ਉਮੀਦਵਾਰਾਂ ਦਾ ਭਵਿੱਖ ਚੁਣਨ ਲਈ ਸਭ ਤੋਂ ਵੱਧ ਯੋਗਦਾਨ ਪਾਉਣਗੇ। ਵੋਟਰ ਸੂਚੀ ਅਨੁਸਾਰ 20 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਵੋਟਰਾਂ ਦੀ ਗਿਣਤੀ 40 ਲੱਖ ਦੇ ਕਰੀਬ ਹੈ। ਜਦਕਿ ਵੋਟਰ ਸੂਚੀ ਵਿੱਚ 30 ਤੋਂ 39 ਸਾਲ ਦੇ ਨੌਜਵਾਨਾਂ ਦੀ ਗਿਣਤੀ 56.9 ਲੱਖ ਦੇ ਕਰੀਬ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕੁੱਲ ਵੋਟਰਾਂ ਵਿੱਚੋਂ 40 ਸਾਲ ਤੋਂ ਵੱਧ ਉਮਰ ਦੇ 1.13 ਕਰੋੜ ਵੋਟਰ ਹਨ।
ਪੰਜਾਬ ਦੀਆਂ ਪਿਛਲੀਆਂ ਚਾਰ ਵਿਧਾਨ ਸਭਾ ਚੋਣਾਂ 2002, 2007, 2012 ਅਤੇ 2017 ਦੀ ਗੱਲ ਕਰੀਏ, ਜਿਸ ਵਿੱਚ ਜਿਸ ਪਾਰਟੀ ਨੂੰ ਵੱਧ ਵੋਟਾਂ ਮਿਲੀਆਂ ਉਹ ਔਸਤਨ 3.75 ਫੀਸਦੀ ਵੋਟਾਂ ਲੈ ਕੇ ਚੋਣ ਜਿੱਤ ਸਕੀ। ਪਹਿਲੀਆਂ ਤਿੰਨ ਚੋਣਾਂ ਵਿੱਚ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਵਿਚਾਲੇ ਸਿੱਧਾ ਮੁਕਾਬਲਾ ਸੀ। 2017 ਦੀਆਂ ਚੋਣਾਂ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਤੀਜਾ ਫਰੰਟ ਵੀ ਵੋਟਰਾਂ ਦੇ ਸਾਹਮਣੇ ਆਇਆ। ਇਸ ਲਈ ਵੋਟ ਸ਼ੇਅਰ ਤਿੰਨ ਮੁੱਖ ਮੋਰਚਿਆਂ ਵਿੱਚ ਵੰਡਿਆ ਗਿਆ ਹੈ।
2002 ਵਿੱਚ, ਕਾਂਗਰਸ ਨੇ 0.94 ਪ੍ਰਤੀਸ਼ਤ ਵੋਟ ਸ਼ੇਅਰ ਨਾਲ ਚੋਣ ਜਿੱਤੀ ਸੀ। 2007 ਵਿੱਚ, ਅਕਾਲੀ-ਭਾਜਪਾ ਗਠਜੋੜ 4.47 ਪ੍ਰਤੀਸ਼ਤ ਵੱਧ ਵੋਟ ਸ਼ੇਅਰ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ, 2012 ਵਿੱਚ, ਗਠਜੋੜ ਨੇ 1.82 ਪ੍ਰਤੀਸ਼ਤ ਵੱਧ ਵੋਟ ਸ਼ੇਅਰ ਨਾਲ ਫਿਰ ਤੋਂ ਲਹਿਰਾਇਆ। 2017 'ਚ ਕਾਂਗਰਸ ਨੇ 7.86 ਫੀਸਦੀ ਵੱਧ ਵੋਟ ਸ਼ੇਅਰ ਨਾਲ ਸਰਕਾਰ ਬਣਾਈ ਸੀ।
ਚੋਣ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਤੋਂਂ ਮੰਗਿਆ ਵਿਦੇਸ਼ ਗਏ ਵਿਦਿਆਰਥੀਆਂ ਦਾ ਵੇਰਵਾ
ਪੰਜਾਬ ਦੀਆਂ ਸਿਆਸੀ ਪਾਰਟੀਆਂ ਨੌਜਵਾਨਾਂ ਦੀ ਘੱਟ ਰਹੀ ਗਿਣਤੀ ਨੂੰ ਲੈ ਕੇ ਬਹੁਤੀ ਚਿੰਤਤ ਨਹੀਂ ਹਨ। ਹਾਲਾਂਕਿ ਚੋਣ ਕਮਿਸ਼ਨ ਨੌਜਵਾਨਾਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਯਤਨਸ਼ੀਲ ਹੈ ਤਾਂ ਜੋ ਇਸ ਦਾ ਅਸਰ ਚੋਣਾਂ ਦੇ ਨਤੀਜਿਆਂ ਵਿੱਚ ਵੀ ਦੇਖਿਆ ਜਾ ਸਕੇ। ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕਰੁਣਾ ਰਾਜੂ ਨੇ ਇਹ ਵੀ ਕਿਹਾ ਹੈ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬਹੁਤ ਘੱਟ ਲੋਕਾਂ ਨੇ ਇਸ ਸ਼੍ਰੇਣੀ ਵਿੱਚ ਰਜਿਸਟਰੇਸ਼ਨ ਕਰਵਾਈ ਹੈ। ਇੱਥੋਂ ਤੱਕ ਕਿ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਸਟੱਡੀ ਵੀਜ਼ੇ 'ਤੇ ਵਿਦੇਸ਼ ਗਏ ਵਿਦਿਆਰਥੀਆਂ ਦੇ ਵੇਰਵੇ ਮੰਗੇ ਹਨ ਤਾਂ ਜੋ ਉਨ੍ਹਾਂ ਨੂੰ ਵੋਟਰ ਵਜੋਂ ਦਰਜ ਕੀਤਾ ਜਾ ਸਕੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।