ਰੋਹਣੋਂ ਕਲਾਂ (ਲੁਧਿਆਣਾ): Punjab Election 2022: ਮੁੱਖ ਮੰਤਰੀ (CM Punjab) ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਸੋਮਵਾਰ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਹਵਾ ਵਿੱਚ ਮਹਿਲ ਬਣਾਉਣ ਦੀ ਜਗ੍ਹਾ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬੀ ਆਪਣੇ ਸੂਬੇ ਦੀ ਅਗਵਾਈ ਕਰਨ ਲਈ ਬਹੁਤ ਸਮਰੱਥ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਵਰਗੇ ਕਿਸੇ ਬਾਹਰੀ ਵਿਅਕਤੀ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਣਮੱਤੇ ਪੰਜਾਬੀ ਕਦੇ ਵੀ ਕੇਜਰੀਵਾਲ ਵਰਗੇ ਬਾਹਰੀ ਵਿਅਕਤੀ ਨੂੰ ਸੂਬੇ ਵਿੱਚ ਰਾਜ ਕਰਨ ਦਾ ਮੌਕਾ ਨਹੀਂ ਦੇਣਗੇ।

ਪਿੰਡ ਰੋਹਣੋਂ ਕਲਾਂ 'ਚ ਰੈਲੀ ਦਾ ਇੱਕ ਦ੍ਰਿਸ਼।
ਮੁੱਖ ਮੰਤਰੀ ਸੋਮਵਾਰ ਖੰਨਾ ਨੇੜਲੇ ਪਿੰਡ ਰੋਹਣੋ ਕਲਾਂ (Rohno Kalan in Ludhiana) ਦੇ ਦੌਰੇ ‘ਤੇ ਸਨ, ਜਿੱਥੇ ਉਨ੍ਹਾਂ ਨੇ 83 ਲੱਖ ਰੁਪਏ ਦੇ ਪ੍ਰਾਜੈਕਟਾਂ ਸਪੋਰਟਸ ਪਾਰਕ, ਪੰਚਾਇਤ ਘਰ ਅਤੇ ਪਾਰਕ-ਸੱਥ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਫ਼ਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ: ਅਮਰ ਸਿੰਘ, ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।

ਪਿੰਡ ਰੋਹਣੋਂ ਕਲਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਦੌਰਾਨ ਮੁੱਖ ਮੰਤਰੀ ਚੰਨੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਹਿੱਤ ਵਿੱਚ ਆਮ ਲੋਕਾਂ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ, ਜਦਕਿ ਕੇਜਰੀਵਾਲ ਵਰਗੇ ਲੋਕ ਦਿੱਲੀ ਦੇ ‘ਆਮ ਆਦਮੀ’ ਦੀ ਬਿਹਤਰੀ ਲਈ ਕੰਮ ਕਰਨ ਦੀ ਬਜਾਏ ਪੰਜਾਬੀਆਂ ਨਾਲ ਅੰਬਰੋਂ ਤਾਰੇ ਤੋੜਨ ਦੇ ਵਾਅਦੇ ਕਰ ਰਹੇ ਹਨ।
'ਇਹ ਕੇਜਰੀਵਾਲ ਹੀ ਸੀ ਜਿਸ ਨੇ ਅਦਾਲਤ ਵਿੱਚ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ ਸੀ'
ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਸਾਹਮਣੇ ਝੂਠ ਦੇ ਪੁਲੰਦੇ ਬੰਨਣ ਵਿੱਚ ਉੱਤਮ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਕੇਜਰੀਵਾਲ ਹੈ, ਜਿਸ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਗਾਰੰਟੀ’ ਦਿੱਤੀ ਸੀ ਕਿ ਉਹ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਫੀਆ ਨਾਲ ਸਬੰਧਾਂ ਕਾਰਨ ਸਲਾਖਾਂ ਪਿੱਛੇ ਸੁੱਟੇਗਾ ਅਤੇ ਜਦੋਂ ‘ਆਪ’ ਪੰਜਾਬ ਵਿੱਚ ਸਰਕਾਰ ਬਣਾਉਣ ਵਿੱਚ ਅਸਫਲ ਰਿਹਾ ਤਾਂ ਇਸੇ ਕੇਜਰੀਵਾਲ ਨੇ ਅਦਾਲਤ ਵਿੱਚ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ, ਉਹ ਵੀ ‘ਆਪ’ ਦੇ ਲੈਟਰਹੈੱਡ ‘ਤੇ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਨਸ਼ਿਆਂ ਕਾਰਨ ਆਪਣੇ ਪੁੱਤਰ ਗੁਆ ਚੁੱਕੇ ਹਨ ਉਹ ਕੇਜਰੀਵਾਲ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।

ਪਿੰਡ ਰੋਹਣੋਂ ਕਲਾਂ 'ਚ ਸਨਮਾਨਤ ਕੀਤੇ ਜਾਣ ਦੌਰਾਨ ਮੁੱਖ ਮੰਤਰੀ ਚੰਨੀ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਦਰਮਿਆਨ ‘ਚਾਚਾ-ਭਤੀਜਾ’ ਰਿਸ਼ਤਾ ਹੁਣ ਕੋਈ ਭੇਦ ਨਹੀਂ ਰਿਹਾ ਕਿਉਂਕਿ ਸਾਬਕਾ ਮੁੱਖ ਮੰਤਰੀ ਹੁਣ ਸ਼ਰੇਆਮ ਅਕਾਲੀ ਆਗੂ ਦੇ ਹੱਕ ਵਿੱਚ ਬਿਆਨਬਾਜ਼ੀ ਕਰਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਤੈਅ ਨਿਯਮਾਂ ਦੀ ਉਲੰਘਣਾ ਬਾਰੇ ਵੀਡੀਓ ਜਾਂ ਕਿਸੇ ਹੋਰ ਰੂਪ ਵਿੱਚ ਸਬੂਤ ਦੇਣ ਵਾਲੇ ਹਰੇਕ ਵਿਅਕਤੀ ਨੂੰ 25000 ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਪਿੰਡ ਰੋਹਣੋਂ ਕਲਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਦੌਰਾਨ ਮੁੱਖ ਮੰਤਰੀ ਚੰਨੀ।
ਇਸ ਮੌਕੇ ਹਾਜਰ ਹਸਤੀਆਂ ਵਿੱਚ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਅਤੇ ਸਾਧੂ ਸਿੰਘ ਧਰਮਸੋਤ, ਜਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ, ਨਗਰ ਕੌਂਸਲ ਪ੍ਰਧਾਨ ਕੰਵਲਜੀਤ ਸਿੰਘ ਲੱਧੜ, ਇੰਪਰੂਵਮੈਂਟ ਟਰੱਸਟ ਖੰਨਾ ਦੇ ਚੇਅਰਮੈਨ ਗੁਰਵਿੰਦਰ ਸਿੰਘ ਲਾਲੀ, ਡਾ. ਗੁਰਮੁੱਖ ਸਿੰਘ ਚਾਹਲ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਹਰਦੇਵ ਸਿੰਘ ਰੋਸ਼ਾ ਆਦਿ ਹਾਜ਼ਰ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।