ਚੰਡੀਗੜ੍ਹ: Chandigarh MC Polls result 2021: ਚੰਡੀਗੜ੍ਹ ਨਿਗਮ ਚੋਣਾਂ ਵਿੱਚ ਪਹਿਲੀ ਵਾਰੀ ਚੋਣਾਂ ਲੜਣ ਵਾਲੀ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਕੇ ਸੱਤਾ ਵਿੱਚ ਰਹੀ ਭਾਰਤੀ ਜਨਤਾ ਪਾਰਟੀ ਨੂੰ ਹਰਾ ਦਿੱਤਾ ਹੈ, ਜਿਸ ਦੀ ਖੁਸ਼ੀ ਵਰਕਰਾਂ ਅਤੇ ਆਗੂਆਂ ਦੇ ਚਿਹਰਿਆਂ 'ਤੇ ਵੇਖੀ ਜਾ ਸਕਦੀ ਹੈ।
ਚੰਡੀਗੜ੍ਹ ਨਿਗਮ ਚੋਣਾਂ ਵਿੱਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਸ ਨੂੰ ਬਦਲਾਅ ਵੱਲ ਇਸ਼ਾਰਾ ਕਿਹਾ ਹੈ, ਜਦਕਿ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ ਹੈ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਪੂਰੇ ਪੰਜਾਬ ਵਿੱਚ ਜਿੱਤ ਅਜੇ ਬਾਕੀ ਹੈ।
ਦਸਣਾ ਬਣਦਾ ਹੈ ਸੋਮਵਾਰ ਚੰਡੀਗੜ੍ਹ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਆਪ ਨੇ 14 ਸੀਟਾਂ ਜਿੱਤੀਆਂ ਹਨ, ਜਦਕਿ ਭਾਜਪਾ ਨੂੰ 12 ਸੀਟਾਂ ਮਿਲੀਆਂ ਅਤੇ ਕਾਂਗਰਸ ਸਿਰਫ਼ 8 ਸੀਟਾਂ ਹੀ ਜਿੱਤ ਸਕੀ। ਇਸਤੋਂ ਇਲਾਵਾ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਵਿੱਚ ਆਈ। ਹਾਲਾਂਕਿ ਬਹੁਮਤ ਲਈ ਜ਼ਰੂਰੀ 19 ਸੀਟਾਂ ਦਾ ਟੀਚਾ ਕੋਈ ਵੀ ਪਾਰਟੀ ਹਾਸਲ ਨਹੀਂ ਕਰ ਸਕੀ।
ਨਿਗਮ ਚੋਣਾਂ 'ਚ ਜਿੱਤ ਪਿੱਛੋਂ ਨਿਊਜ਼18 ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਿੈੈੱਚ ਜਿੱਤ ਬਦਲਾਅ ਦਾ ਇਸ਼ਾਰਾ ਹੈ ਅਤੇ ਪੰਜਾਬ ਵਿੱਚ ਇਸਤੋਂ ਵੱਧ ਲਹਿਰ ਹੋਵੇਗੀ। ਉਨ੍ਹਾਂ ਇਸ ਮੌਕੇ ਕਿਸਾਨਾਂ ਵੱਲੋਂ ਪਾਰਟੀ ਬਣਾਏ ਜਾਣ 'ਤੇ ਵਧਾਈ ਦਿੰਦਿਆਂ ਕਿਸਾਨ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਸਾਨਾਂ ਦੀ ਪਾਰਟੀ ਨਾਲ ਗਠਜੋੜ ਬਾਰੇ ਕਿਹਾ ਕਿ ਪਾਰਟੀ ਦੀ ਕਿਸੇ ਗਠਜੋੜ ਬਾਰੇ ਗੱਲਬਾਤ ਨਹੀਂ ਹੈ।
ਇਸਤੋਂ ਪਹਿਲਾਂ ਜਿੱਤ ਪਿੱਛੋਂ ਆਮ ਆਦਮੀ ਪਾਰਟੀ ਦੇ ਸੈਕਟਰ 29 ਦਫ਼ਤਰ ਵਿੱਚ ਢੋਲ ਵੱਜਣੇ ਸ਼ੁਰੂ ਹੋ ਗਏ ਸਨ, ਪਰੰਤੂ ਭਗਵੰਤ ਮਾਨ ਨੇ ਆ ਕੇ ਰੁਕਵਾ ਦਿੱਤੇ। ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹੀਦੀ ਦੇ ਦਿਨ ਹਨ, ਇਸ ਲਈ ਜਸ਼ਨ ਨਹੀਂ ਮਨਾਇਆ ਜਾਣਾ ਚਾਹੀਦਾ। ਪਾਰਟੀ ਵਿੱਚ ਟਿਕਟ ਨਾ ਮਿਲਣ 'ਤੇ ਬਗਾਵਤ ਬਾਰੇ ਉਨ੍ਹਾਂ ਕਿਹਾ ਕਿ ਜਿਸ ਨੂੰ ਟਿਕਟ ਨਹੀਂ ਮਿਲੀ, ਉਹ ਤਾਂ ਰੁੱਸਦਾ ਹੀ ਹੈ, ਇਹ ਕੋਈ ਨਵੀਂ ਗੱਲ ਨਹੀਂ। ਉਨ੍ਹਾਂ ਕਿਹਾ ਕਿ ਜੋ ਵੀ ਰੁੱਸਿਆ ਹੈ, ਅਸੀਂ ਉਨ੍ਹਾਂ ਨੂੰ ਸਮਝਾ ਲਵਾਂਗੇ, ਇਹ ਪਾਰਟੀ ਦਾ ਪਰਿਵਾਰਕ ਮਸਲਾ ਹੈ।
ਇਸ ਨਾਲ ਹੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਉਮੀਦ ਸੀ ਕਿ ਚੰਡੀਗੜ੍ਹ 'ਚ ਅਸੀਂ ਜਿੱਤਾਂਗੇ ਅਤੇ ਉਹੀ ਹੋਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤਾਂ ਅਜੇ ਝਾਕੀ ਹੈ, ਪੂਰਾ ਪੰਜਾਬ ਜਿੱਤਣਾ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ਼ ਇੱਕ ਨਮੂਨਾ ਸੀ, ਪੂਰੀ ਫਿਲਮ ਬਾਕੀ ਹੈ।
ਚੱਢਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭਾਜਪਾ-ਕਾਂਗਰਸ ਹੁੰਦਾ ਆਇਆ ਹੈ, ਹੁਣ ਲੋਕਾਂ ਨੇ ਆਪ ਨੂੰ ਆਸ਼ੀਰਵਾਦ ਦਿੱਤਾ ਹੈ, ਜਿਸ ਨੂੰ ਅਸੀਂ ਹਰ ਤਰੀਕੇ ਨਾਲ ਪੂਰਾ ਕਰਾਂਗੇ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।