ਚੰਡੀਗੜ੍ਹ: Punjab Elections 2022: ਕਾਂਗਰਸ ਦੀ ਅੰਦਰੂਨੀ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ ਹੈ। ਹੁਣ ਇੱਕ ਵਾਰ ਫਿਰ ਕਾਂਗਰਸੀ ਇੱਕ-ਦੂਜੇ ਦੇ ਸਾਹਮਣੇ ਹਨ। ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਪਰ ਹਮਲੇ ਪਿੱਛੋਂ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਦਾ ਬਚਾਅ ਕੀਤਾ ਹੈ ਅਤੇ ਰਾਣਾ ਗੁਰਜੀਤ ਸਿੰਘ ਨੂੰ ਰਾਜਨੀਤੀ ਦਾ ਦਲਾਲ ਦੱਸਿਆ ਹੈ।
ਫੇਸਬੁੱਕ 'ਤੇ ਆਪਣੀ ਪੋਸਟ ਵਿੱਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਡੱਟ ਕੇ ਨਵਜੋਤ ਸਿੰਘ ਸਿੱਧੂ ਦੇ ਪੱਖ ਵਿੱਚ ਨਿੱਤਰੇ ਅਤੇ ਉਨ੍ਹਾਂ ਨੂੰ ਇੱਕ ਬੇਦਾਗ਼ ਤੇ ਇਮਾਨਦਾਰ ਲੀਡਰ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਐਤਵਾਰ ਨੂੰ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਵਰ੍ਹਦਿਆਂ ਉਨ੍ਹਾਂ 'ਤੇ ਪਾਰਟੀ ਅੰਦਰ ਫੁੱਟ ਪਾਉਣ ਦੀ ਕੋਸ਼ਿਸ਼ ਕਰਨ ਅਤੇ 'ਸੱਚੇ ਅਤੇ ਰਵਾਇਤੀ' ਪਾਰਟੀ ਆਗੂਆਂ ਦੀ ਵਫ਼ਾਦਾਰੀ 'ਤੇ ਸਵਾਲ ਖੜ੍ਹੇ ਕੀਤੇ ਸਨ।
ਰਾਣਾ ਗੁਰਜੀਤ ਨੂੰ ਦੱਸਿਆ ਭਾਜਪਾ ਦਾ ਦੱਸਿਆ 'ਟਾਊਟ'
ਬਤੌਰ ਸੁਖਪਾਲ ਖਹਿਰਾ, ''ਦੋਸਤੋ, ਰਾਣਾ ਗੁਰਜੀਤ ਨੂੰ ਨਵਜੋਤ ਸਿੰਘ ਸਿੱਧੂ ਜੋ ਕਿ ਇੱਕ ਬੇਦਾਗ਼ ਅਤੇ ਇਮਾਨਦਾਰ ਲੀਡਰ ਹੈ ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਣੀ ਚਾਹੀਦੀ ਹੈ। ਇਹ ਭ੍ਰਿਸ਼ਟ ਅਤੇ ਦਾਗ਼ੀ ਆਗੂ ਰਾਜਨੀਤੀ ਵਿੱਚ ਇੱਕ “ਦਲਾਲ” ਦਾ ਕੰਮ ਕਰ ਰਿਹਾ ਹੈ ਜੋ ਕਿ ਲੋਕਾਂ ਦੇ ਦਿੱਤੇ ਫ਼ਤਵੇ ਨੂੰ ਵੇਚਕੇ ਸ਼ਰਾਬ ਅਤੇ ਖੰਡ ਦੀਆਂ ਮਿੱਲਾਂ ਲਗਾਉਂਦਾ ਹੈ ਅਤੇ ਸਰਕਾਰ ਦੀ ਆੜ ਵਿੱਚ ਰੱਜਕੇ ਟੈਕਸ ਚੋਰੀ ਕਰਦਾ ਹੈ। UP ਦੀਆਂ ਆਪਣੀਆਂ ਚਾਰ ਖੰਡ ਮਿੱਲਾਂ ਅਤੇ ਕਾਰੋਬਾਰ ਨੂੰ ਬਚਾਉਣ ਵਾਸਤੇ ਇਹ ਕਾਂਗਰਸ ਵਿੱਚ ਰਹਿ ਕੇ BJP ਦੇ ਟਾਊਟ ਵਜੋਂ ਕੰਮ ਕਰਦਾ ਹੈ।''
ਉਨ੍ਹਾਂ ਅੱਗੇ ਕਿਹਾ, ''ਨਵਜੋਤ ਸਿੱਧੂ ਨੇ ਤਾਂ MP ਰਾਜ ਸਭਾ ਵੀ ਛੱਡੀ ਹੈ ਜਦ ਕਿ ਇਹ ਦਾਗ਼ੀ ਰਾਣਾ ਗੁਰਜੀਤ ਅਮਿਤ ਬਹਾਦੁਰ ਵਰਗੇ ਆਪਣੇ ਰੋਟੀ ਬਣਾਉਣ ਵਾਲੇ ਕਰਿੰਦਿਆਂ ਨੂੰ ਵਰਤ ਕੇ ਬੇਨਾਮੀ ਰੇਤ ਮਾਫੀਆ ਦਾ ਕੰਮ ਕਰਦਾ ਹੈ। ਯਾਦ ਰਹੇ ਕਿ ਅੱਜ ਵੀ ਰਾਣਾ ਗੁਰਜੀਤ ਦੀ ਉਸ ਬੇਨਾਮੀ ਫ਼ਰਮ ਦਾ 25 ਕਰੋੜ ਪੰਜਾਬ ਸਰਕਾਰ ਨੇ ਜ਼ਬਤ ਕੀਤਾ ਹੋਇਆ ਹੈ ਇਸ ਲਈ ਇਸ ਨੂੰ ਮੰਤਰੀ ਬਣਾਉਣਾ ਹੀ ਸਿਧਾਂਤਕ ਤੌਰ 'ਤੇ ਗਲਤ ਸੀ।''
ਖਹਿਰਾ ਨੇ ਕਿਹਾ ਕਿ ਜੇਕਰ ਇਸ ਦਾਗ਼ੀ ਨੂੰ ਹੀ ਮੰਤਰੀ ਬਣਾਉਣਾ ਸੀ ਤਾਂ ਫਿਰ ਹੋਰਨਾਂ ਕਾਂਗਰਸੀ ਮੰਤਰੀਆਂ ਨੂੰ ਕੱਢਣ ਦੀ ਕੀ ਲੋੜ ਸੀ, ਜਦਕਿ ਉਨ੍ਹਾਂ ਖ਼ਿਲਾਫ਼ ਸਿਰਫ ਇਲਜ਼ਾਮ ਸਨ ਪਰੰਤੂ ਇਸ ਦਾਗ਼ੀ ਮੰਤਰੀ ਖ਼ਿਲਾਫ਼ ਤੱਥਾਂ ਦੇ ਅਧਾਰ ਤੇ ਸਬੂਤ ਅੱਜ ਵੀ ਹਨ?
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।